- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਰਿੰਗ ਰੋਡ ਫੇਜ਼-1 ਨੂੰ ਚੰਡੀਗੜ੍ਹ ਨੈਸ਼ਨਲ ਹਾਈਵੇ ਨਾਲ ਜੋੜਨ ਦੇ ਕੰਮ ਦੀ ਸ਼ੁਰੂਆਤ,

-ਪੁਲਿਸ ਮੁਲਾਜ਼ਮ ਤਾਇਨਾਤ, ਜਲਦ ਹੀ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਤੋਂ ਮਿਲੇਗੀ ਨਿਜਾਤ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਰਕਾਰ ਨੇ ਬਠਿੰਡਾ ਸ਼ਹਿਰ ਵਿਚ ਟਰੈਫਿਕ ਸਮੱਸਿਆ ਦੇ ਸੁਧਾਰ ਲਈ ਅਹਿਮ ਕਦਮ ਚੁੱਕਿਆ ਹੈ। ਰਿੰਗ ਰੋਡ ਫੇਜ਼-1 ਦਾ ਨਿਰਮਾਣ ਲਗਭਗ ਮੁਕੰਮਲ ਹੋਣ ਦੇ ਬਾਅਦ ਹੁਣ ਇਸਨੂੰ ਸਿੱਧਾ ਬਠਿੰਡਾ–ਚੰਡੀਗੜ੍ਹ ਹਾਈਵੇ ਨਾਲ ਜੋੜਨ ਦੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਤਹਿਤ ਬੀਬੀਵਾਲਾ ਚੌਕ ‘ਤੇ ਨਵੇਂ ਫਲਾਈਓਵਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਤੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਦੇ ਮੁਕੰਮਲ ਹੋਣ ਵਿੱਚ ਇਕ ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਇੱਥੇ ਫਲਾਈਓਵਰ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸਦੇ ਚਾਲੂ ਹੋਣ ਨਾਲ ਰਿੰਗ ਰੋਡ ਤੋਂ ਵਹੀਕਲ ਸਿੱਧੇ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਚੜ੍ਹ ਸਕਣਗੇ, ਜਿਸ ਨਾਲ ਬੀਬੀਵਾਲਾ ਚੌਂਕ ਵਿਚ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ।
ਬੀਬੀਵਾਲਾ ਚੌਕ ’ਤੇ ਪਹਿਲਾਂ ਤੋਂ ਬਣੇ ਓਵਰਬ੍ਰਿਜ ਦੇ ਕੁਝ ਹਿੱਸੇ ਨੂੰ ਹਟਾ ਕੇ ਉਸੇ ਸਥਾਨ ‘ਤੇ ਨਵਾਂ ਫਲਾਈਓਵਰ ਬਣਾਇਆ ਜਾਵੇਗਾ। ਨਵਾਂ ਫਲਾਈਓਵਰ ਰਿੰਗ ਰੋਡ ਦੇ ਬਿਲਕੁਲ ਸਾਹਮਣੇ ਬਣੇਗਾ, ਜਿਸ ਦੇ ਹੇਠਾਂ ਸਬ-ਵੇ ਤਿਆਰ ਕੀਤਾ ਜਾਵੇਗਾ, ਜਿੱਥੇ ਰਿੰਗ ਰੋਡ ਨੂੰ ਚੰਡੀਗੜ੍ਹ ਹਾਈਵੇਅ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ ‘ਤੇ ਸੂਬਾ ਸਰਕਾਰ ਦਾ ਲਗਭਗ 39.37 ਕਰੋੜ ਖਰਚਣ ਦਾ ਅੰਦਾਜ਼ਾ ਹੈ। ਇਸਦੇ ਨਾਲ-ਨਾਲ ਸਰਵਿਸ ਰੋਡ ਦਾ ਨਿਰਮਾਣ ਵੀ ਕੀਤਾ ਜਾਵੇਗਾ। ਨਵੇਂ ਓਵਰਬ੍ਰਿਜ ਦੇ ਨਿਰਮਾਣ ਕਾਰਨ ਬੀਬੀਵਾਲਾ ਚੌਕ ’ਤੇ ਮੌਜੂਦਾ ਫਲਾਈਓਵਰ ਤੋਂ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਸਮੇਂ ਟ੍ਰੈਫਿਕ ਨੂੰ ਕੈਂਟ ਖੇਤਰ ਨਾਲ ਜੁੜੀ ਸਰਵਿਸ ਰੋਡ ਵੱਲ ਡਾਇਵਰਟ ਕੀਤਾ ਗਿਆ ਹੈ, ਜਿੱਥੋਂ ਵਾਹਨ ਬਠਿੰਡਾ–ਚੰਡੀਗੜ੍ਹ ਰੋਡ ‘ਤੇ ਜਾ ਰਹੇ ਹਨ। ਜਾਮ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਵਧੇਰੇ ਇੰਤਜ਼ਾਮ ਕੀਤੇ ਗਏ ਹਨ। ਚੌਕ ਅਤੇ ਆਸਪਾਸ ਦੇ ਖੇਤਰਾਂ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜੋ ਨਿਰੰਤਰ ਨਿਗਰਾਨੀ ਕਰ ਰਹੇ ਹਨ, ਤਾਂ ਜੋ ਨਿਰਮਾਣ ਕਾਰਜ ਦੌਰਾਨ ਲੋਕਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏ ਅਤੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ।
-ਬਾਕਸ-
-ਓਵਰਬ੍ਰਿਜ ਕਿਉਂ ਜ਼ਰੂਰੀ ਸੀ?
ਬੀਬੀਵਾਲਾ ਚੌਕ ਲੰਬੇ ਸਮੇਂ ਤੋਂ ਬਠਿੰਡਾ ਸ਼ਹਿਰ ਦਾ ਸਭ ਤੋਂ ਭੀੜ ਵਾਲਾ ਚੌਰਾਹਾ ਰਿਹਾ ਹੈ। ਇੱਥੋਂ ਚੰਡੀਗੜ੍ਹ ਰੋਡ, 100 ਫੀਟ ਰੋਡ ਅਤੇ ਹੋਰ ਮੁੱਖ ਰਾਹ ਨਿਕਲਦੇ ਹਨ। ਤੇਲ ਡੀਪੂ, ਰਿਫਾਈਨਰੀ ਤੇ ਉਦਯੋਗਿਕ ਖੇਤਰਾਂ ਤੋਂ ਭਾਰੀ ਵਾਹਨਾਂ ਦੇ ਆਉਣ ਜਾਣ ਕਾਰਨ ਇੱਥੇ ਹਰ ਰੋਜ਼ ਜਾਮ ਬਣਦਾ ਹੈ। ਰਿੰਗ ਰੋਡ ਫੇਜ਼-1 ਚਾਲੂ ਹੋਣ ਦੇ ਬਾਵਜੂਦ ਚੰਡੀਗੜ੍ਹ ਹਾਈਵੇਅ ਨਾਲ ਸਿੱਧਾ ਕਨੈਕਸ਼ਨ ਨਾ ਹੋਣ ਕਾਰਨ ਡਰਾਈਵਰਾਂ ਨੂੰ ਬੀਬੀਵਾਲਾ ਚੌਕ ਵਿੱਚ ਦੀ ਹੋ ਜਾਣਾ ਪੈਂਦਾ ਹੈ, ਜਿਸ ਕਾਰਨ ਬੀਬੀਵਾਲਾ ਚੌਂਕ ਵਿਚ ਅਕਸਰ ਹੀ ਜਾਮ ਲੱਗ ਜਾਂਦਾ ਹੈ। ਨਵੇਂ ਓਵਰਬ੍ਰਿਜ ਦੇ ਬਣਨ ਨਾਲ ਇਹ ਸਮੱਸਿਆ ਖਤਮ ਹੋ ਜਾਵੇਗੀ। ਹੁਣ ਥਾਣਾ ਕੈਂਟ ਵੱਲ ਆ ਰਹੀ ਸਰਵਿਸ ਰੋਡ ਨੂੰ ਵਨ ਵੇਅ ਕਰ ਦਿੱਤਾ ਗਿਆ ਹੈ, ਕਿਉਕਿ ਫਲਾਈਓਵਰ ਬੰਦ ਕਰਨ ਕਰ ਕੇ ਸਾਰਾ ਟਰੈਫਿਕ ਹੁਣ ਇਸ ਸਰਵਿਸ ਰੋਡ ਰਾਹੀ ਗੁਜ਼ਰ ਰਿਹਾ ਹੈ।
-ਬਾਕਸ-
-ਟ੍ਰੈਫਿਕ ਸਿਸਟਮ ਕਿਵੇਂ ਬਦਲੇਗਾ?
ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਮਲੋਟ, ਅੰਮ੍ਰਿਤਸਰ ਜਾਂ ਹੋਰ ਬਾਹਰੀ ਖੇਤਰਾਂ ਤੋਂ ਆਉਣ ਵਾਲਾ ਟ੍ਰੈਫਿਕ ਸਿੱਧਾ ਰਿੰਗ ਰੋਡ ’ਤੇ ਆ ਸਕੇਗਾ। ਰਿੰਗ ਰੋਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਬੀਬੀਵਾਲਾ ਚੌਕ ’ਚ ਜਾਮ ’ਚ ਫਸੇ ਬਿਨਾਂ ਸਿੱਧਾ ਹਾਈਵੇਅ ’ਤੇ ਨਿਕਲ ਸਕਣਗੇ। ਇਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।
-ਬਾਕਸ-
ਪੁਰਾਣੀ ਯੋਜਨਾ ਹੁਣ ਸਾਕਾਰ
ਛੇ ਸਾਲ ਪਹਿਲਾਂ ਵੀ ਬੀਬੀਵਾਲਾ ਚੌਕ ਦੇ ਓਵਰਬ੍ਰਿਜ ਦੇ ਹਿੱਸੇ ਨੂੰ ਤੋੜ ਕੇ ਰਿੰਗ ਰੋਡ ਨਾਲ ਜੋੜਨ ਦੀ ਯੋਜਨਾ ਬਣੀ ਸੀ, ਪਰ ਉਸ ਸਮੇਂ ਇਹ ਪ੍ਰੋਜੈਕਟ ਪਟੇਲ ਨਗਰ ਵਿਚ ਬੱਸ ਅੱਡਾ ਬਣਾਉਣ ਦੀ ਯੋਜਨਾ ਕਾਰਨ ਅੱਧ ਵਿਚਾਲੇ ਲਟਕ ਗਿਆ ਸੀ। ਬੱਸ ਸਟੈਂਡ ਪ੍ਰੋਜੈਕਟ ਰੱਦ ਹੋਣ ਕਾਰਨ ਇਹ ਯੋਜਨਾ ਠੰਢੇ ਬਸਤੇ ਵਿੱਚ ਚਲੀ ਗਈ ਸੀ। ਹੁਣ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲਣ ਕਾਰਨ ਕੰਮ ਮੁੜ ਸ਼ੁਰੂ ਹੋ ਗਿਆ ਹੈ।
-ਬਾਕਸ-
ਪ੍ਰੋਜੈਕਟ ਦੀਆਂ ਮੁੱਖ ਗੱਲਾਂ
ਬੀਬੀਵਾਲਾ ਚੌਕ ‘ਤੇ ਨਵੇਂ ਫਲਾਈਓਵਰ ਦਾ ਨਿਰਮਾਣ
ਰਿੰਗ ਰੋਡ ਫੇਜ਼-1 ਨੂੰ ਸਿੱਧਾ ਚੰਡੀਗੜ੍ਹ ਹਾਈਵੇਅ ਨਾਲ ਜੋੜਿਆ ਜਾਵੇਗਾ
ਲਗਭਗ 39.37 ਕਰੋੜ ਰੁਪਏ ਦੀ ਲਾਗਤ
ਨਿਰਮਾਣ ਕਾਰਜ ਪੂਰਾ ਹੋਣ ’ਚ ਇਕ ਸਾਲ ਤੋਂ ਵੱਧ ਸਮਾਂ
ਵਿਕਲਪਿਕ ਟ੍ਰੈਫਿਕ ਪ੍ਰਬੰਧ
ਕੈਂਟ ਨਾਲ ਜੁੜੀ ਸਰਵਿਸ ਰੋਡ ਵਰਤੀ ਜਾ ਰਹੀ
ਮੌਜੂਦਾ ਫਲਾਈਓਵਰ ‘ਤੇ ਆਵਾਜਾਈ ਬੰਦ
ਟ੍ਰੈਫਿਕ ਪੁਲਿਸ ਦੇ ਵਧੇਰੇ ਮੁਲਾਜ਼ਮ ਤਾਇਨਾਤ
ਸ਼ਹਿਰ ਵਾਸੀਆਂ ਲਈ ਰਾਹਤ
ਬੀਬੀਵਾਲਾ ਚੌਕ ‘ਤੇ ਜਾਮ ਤੋਂ ਮੁਕਤੀ
ਲਗਭਗ 5 ਕਿਲੋਮੀਟਰ ਦਾ ਸਫ਼ਰ ਘਟੇਗਾ
ਭਾਰੀ ਵਾਹਨਾਂ ਦਾ ਸ਼ਹਿਰ ਵਿੱਚ ਪ੍ਰਵੇਸ਼ ਘਟੇਗਾ
ਸਮੇਂ ਦੇ ਨਾਲ-ਨਾਲ ਤੇਲ ਦੀ ਵੀ ਹੋਵੇਗੀ ਬੱਚਤ
100 ਫੁੱਟ ਰੋਡ ਤੇ ਬੀਬੀਵਾਲਾ ਰੋਡ ’ਤੇ ਟ੍ਰੈਫਿਕ ਦਾ ਦਬਾਅ ਘਟੇਗਾ।