- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਪੁਲਿਸ ਨੇ 48 ਘੰਟਿਆਂ 'ਚ ਦਬੋਚਿਆ ਮਲਿਕਾ ਦਾ ਕਾਤਲ, ਵਾਰਦਾਤ ਵਿਚ ਵਰਤਿਆ ਚਾਕੂ ਅਤੇ ਕਾਰ ਬਰਾਮਦ

-11 ਫਰਵਰੀ ਨੂੰ ਖੇਤਾਂ ’ਚੋਂ ਮਿਲੀ ਸੀ ਕੁੜੀ ਦੀ ਲਾਸ਼, ਕਤਲ ਤੋਂ ਬਾਅਦ ਮੁਲਜ਼ਮ ਨੇ ਛਾਤੀ ’ਤੇ ਬਣਵਾਇਆ ਮ੍ਰਿਤਕਾ ਤੇ ਆਪਣਾ ਟੈਟੂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ. ਬਠਿੰਡਾ
ਜ਼ਿਲ੍ਹੇ ਦੇ ਪਿੰਡ ਬਹਿਮਣ ਦੀਵਾਨਾ ਨੇੜਿਓਂ ਲਾਲ ਸੂਟਕੇਸ ਵਿੱਚੋਂ ਮਿਲੀ ਕੁੜੀ ਦੀ ਲਾਸ਼ ਦਾ ਮਾਮਲਾ ਸੁਲਝਾਉਦਿਆਂ ਇਸ ਅੰਨ੍ਹੇ ਕਤਲ ’ਚ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਹੱਤਿਆ ਕਰਨ ਵਾਲਾ ਕੋਈ ਹੋਰ ਨਹੀਂ ਉਸ ਦਾ ਹੀ ਖਾਸ ਦੋਸਤ ਨਿਕਲਿਆ। ਮ੍ਰਿਤਕਾ ਦੀ ਪਛਾਣ ਸਪਨਾ ਉਰਫ਼ ਮਲਿਕਾ ਵਾਸੀ ਬਾਘਾ ਪੁਰਾਣਾ ਵਜੋਂ ਹੋਈ ਹੈ, ਪੁਲਿਸ ਅਨੁਸਾਰ ਜਿਸ ਦਾ ਕਤਲ ਉਸ ਦੇ ਹੀ ਕਰੀਬੀ ਦੋਸਤ ਪ੍ਰਿੰਸ ਕੁਮਾਰ ਨੇ ਬੇਰਹਿਮੀ ਨਾਲ ਕੀਤਾ ਸੀ। ਸੀਸੀਟੀਵੀ ਫੁਟੇਜ, ਤਕਨੀਕੀ ਜਾਂਚ ਤੇ ਮਨੁੱਖੀ ਸੋਰਸਾਂ ਨਾਲ ਬਠਿੰਡਾ ਪੁਲਿਸ ਨੇ ਮੁਲਜ਼ਮ ਨੂੰ ਵਾਰਦਾਤ ਵਿੱਚ ਵਰਤੇ ਚਾਕੂ ਤੇ ਕਾਰ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਨੇ ਦੱਸਿਆ ਕਿ ਲੰਘੀ 11 ਫਰਵਰੀ ਨੂੰ ਦੁਪਹਿਰ ਵੇਲੇ ਪਿੰਡ ਬਹਿਮਣ ਦੀਵਾਨਾ ਨੇੜੇ ਇਕ ਸੂਟਕੇਸ ਵਿੱਚੋਂ ਅਣਪਛਾਤੀ ਕੁੜੀ ਦੀ ਲਾਸ਼ ਮਿਲੀ ਸੀ, ਜਿਸ ਸਬੰਧੀ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਪੀ (ਡੀ) ਜਸਮੀਤ ਸਿੰਘ ਤੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਸਨ।
ਜਾਂਚ ਦੌਰਾਨ ਪੁਲਿਸ ਨੇ ਜਦੋਂ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਮ੍ਰਿਤਕਾ ਨੂੰ ਆਖਰੀ ਵਾਰ 7 ਫਰਵਰੀ ਦੀ ਰਾਤ ਨੂੰ ਪਰਸਰਾਮ ਨਗਰ ਵਿੱਚ ਦੇਖਿਆ ਗਿਆ ਸੀ। ਪੁਲਿਸ ਨੇ ਮ੍ਰਿਤਕਾ ਦੇ ਸਰੀਰ 'ਤੇ ਬਣੇ 'ਕਾਕੂ' ਨਾਮ ਦੇ ਟੈਟੂ ਅਤੇ ਤਕਨੀਕੀ ਜਾਂਚ ਰਾਹੀਂ ਉਸਦੀ ਪਛਾਣ ਮਲਿਕਾ ਪੁੱਤਰੀ ਸਿਕੰਦਰ ਪਾਲ ਵਾਸੀ ਬਾਘਾ ਪੁਰਾਣਾ ਵਜੋਂ ਕੀਤੀ। ਤਫ਼ਤੀਸ਼ ਦੌਰਾਨ ਪੁਲਿਸ ਨੇ ਮਲਿਕਾ ਦੀ ਕਾਲ ਡਿਟੇਲ ਚੈੱਕ ਕੀਤੀ ਤੇ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਕੋਲੋਂ ਪੁੱਛ ਪੜਤਾਲ ਕੀਤੀ। ਇਸ ਦੌਰਾਨ ਸ਼ੱਕ ਦੀ ਸੂਈ ਉਸਦੇ ਦੋਸਤ ਪ੍ਰਿੰਸ ਕੁਮਾਰ ਵਾਸੀ ਸੁਰਖਪੀਰ ਰੋਡ ਬਠਿੰਡਾ ਵੱਲ ਘੁੰਮੀ, ਜਿਸ ਨੂੰ ਪੁਲਿਸ ਨੇ 13 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਮੰਨਿਆ ਕਿ ਉਹ ਅਤੇ ਮਲਿਕਾ 9 ਫਰਵਰੀ ਨੂੰ ਸੁਰਖਪੀਰ ਰੋਡ ਸਥਿਤ ਇਕ ਮਕਾਨ ਵਿੱਚ ਇਕੱਠੇ ਸਨ। ਉੱਥੇ ਹੀ ਕਿਸੇ ਵਿਵਾਦ ਤੋਂ ਬਾਅਦ ਪ੍ਰਿੰਸ ਨੇ ਮਲਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸਨੇ ਲਾਸ਼ ਨੂੰ ਲਾਲ ਸੂਟਕੇਸ ’ਚ ਬੰਦ ਕੀਤਾ ਤੇ 10 ਤੇ 11 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਿਲਵਰ ਰੰਗ ਦੀ ਆਈ-20 ਕਾਰ ਰਾਹੀਂ ਪਿੰਡ ਬਹਿਮਣ ਦੀਵਾਨਾ ਦੇ ਖੇਤਾਂ ਵਿੱਚ ਸੁੱਟ ਦਿੱਤਾ। ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਕਾਰ ਬਰਾਮਦ ਕਰ ਲਈ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
-ਬਾਕਸ-
-ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਲਾਸ਼ ਦੋ ਦਿਨ ਘਰ ’ਚ ਪਈ ਰਹੀ
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਪ੍ਰਿੰਸ ਨੇ ਪੁਲਿਸ ਸਾਹਮਣੇ ਕਬੂਲ ਕੀਤਾ ਹੈ ਕਿ 9 ਫਰਵਰੀ ਦੀ ਰਾਤ ਮਲਿਕਾ ਉਸ ਦੇ ਨਾਲ ਉਸਦੇ ਘਰ ਵਿੱਚ ਮੌਜੂਦ ਸੀ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਤੈਸ਼ ਵਿੱਚ ਆ ਕੇ ਉਸ ਨੇ ਚਾਕੂ ਮਾਰ ਕੇ ਮਲਿਕਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਸਬੂਤ ਮਿਟਾਉਣ ਲਈ ਮਲਕਾ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਪਰ ਲਾਸ਼ ਵਿੱਚੋਂ ਮਚਣ ਦੀ ਸਮੈਲ ਆਉਣ ਲੱਗ ਗਈ। ਇਸ ਤੋਂ ਬਾਅਦ ਉਸ ਨੇ ਅੱਗ ਨੂੰ ਬੁਝਾ ਕੇ ਲਾਸ਼ ਨੂੰ ਸੂਟਕੇਸ ਵਿੱਚ ਪੈਕ ਕਰ ਦਿੱਤਾ। ਪ੍ਰਿੰਸ ਨੇ ਪੁਲਿਸ ਨੂੰ ਦੱਸਿਆ ਕਿ 9 ਫਰਵਰੀ ਦੀ ਰਾਤ ਨੂੰ ਮਲਿਕਾ ਦੀ ਲਾਸ਼ ਉਸ ਦੇ ਘਰ ਹੀ ਪਈ ਰਹੀ। 10 ਫਰਵਰੀ ਨੂੰ ਸਾਰਾ ਦਿਨ ਲਾਸ਼ ਉਸ ਨੇ ਆਪਣੇ ਸੁਰਖਪੁਰ ਰੋਡ ’ਤੇ ਸਥਿਤ ਘਰ ’ਚ ਹੀ ਰੱਖੀ, ਅਤੇ ਲਾਸ਼ ਨੂੰ ਟਿਕਾਣੇ ਲਾਉਣ ਦੀਆਂ ਵਿਉਂਤਾਂ ਬਣਾਉੰਦਾ ਰਿਹਾ। ਜਿਸ ਤੋਂ ਬਾਅਦ ਉਸ ਨੇ ਇਕ ਹੋਰ ਲਾਲ ਰੰਗ ਦਾ ਸੂਟਕੇਸ ਲਿਆਂਦਾ। ਫਿਰ ਉਸਨੇ ਲਾਸ਼ ਨੂੰ ਇਕ ਨਵੇਂ ਸੂਟਕੇਸ ’ਚ ਪੈਕ ਕਰ ਦਿੱਤਾ। 11 ਤੇ 12 ਫਰਵਰੀ ਦੀ ਦਰਮਿਆਨੀ ਰਾਤ ਨੂੰ ਆਪਣੀ ਆਈ 20 ਕਾਰ ’ਚ ਰੱਖ ਕੇ ਬਹਿਮਣ ਰੋਡ ’ਤੇ ਸਥਿਤ ਖੇਤਾਂ ਵਿੱਚ ਸੁੱਟ ਦਿੱਤਾ। ਪੁਲਿਸ ਅਨੁਸਾਰ ਹਿਰਾਸਤ ਵਿੱਚ ਆਉਣ ਤੋਂ ਬਾਅਦ ਪ੍ਰਿੰਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਕਿ ਉਸ ਨੇ ਲਾਸ਼ ਨੂੰ ਖੇਤਾਂ ਵਿੱਚ ਸੁੱਟਣ ਤੋਂ ਬਾਅਦ ਸਵੇਰ ਨੂੰ ਬਾਜ਼ਾਰ ਖੁੱਲ੍ਹਦੇ ਸਾਰ ਹੀ, ਉਸਨੇ ਆਪਣੀ ਛਾਤੀ ’ਤੇ ਮਲਿਕਾ ਅਤੇ ਉਸ ਦਾ ਆਪਣਾ ਟੈਟੂ ਬਣਵਾ ਲਿਆ। ਇਸ ਦਾ ਉਦੇਸ਼ ਇਹ ਸੀ ਕਿ ਜੇਕਰ ਕਤਲ ਦੀ ਗੱਲ ਉਡਦੀ ਹੈ ਤਾਂ ਟੈਟੂ ਦੇਖ ਕੇ ਲੋਕਾਂ ਨੂੰ ਅਤੇ ਪੁਲਿਸ ਨੂੰ ਲੱਗੇ ਕਿ ਉਹ ਤਾਂ ਮਲਿਕਾ ਨੂੰ ਬਹੁਤ ਪਿਆਰ ਕਰਦਾ ਸੀ। ਉਸ ਦਾ ਕਤਲ ਕਰ ਹੀ ਨਹੀਂ ਸਕਦਾ। ਯਾਨੀ ਕਿ ਕਤਲ ਨੂੰ ਛੁਪਾਉਣ ਲਈ ਉਕੁਤ ਮੁਲਜ਼ਮ ਨੇ ਹਰ ਸੰਭਵ ਯਤਨ ਕੀਤਾ, ਪਰ ਉਸ ਦੀ ਇਹ ਚਲਾਕੀ ਪੁਲਿਸ ਸਾਹਮਣੇ ਕੰਮ ਨਾ ਆਈ। ਪੁਲਿਸ ਅਧਿਕਾਰੀਆਂ ਅਨੁਸਾਰ ਪ੍ਰਿੰਸ ਨਸ਼ੇ ਕਰਨ ਦਾ ਵੀ ਆਦੀ ਹੈ। ਇਸ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ। ਐੱਸਐੱਸਪੀ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਤਾਂ ਕਿ ਉਸ ਕੋਲੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ, ਅਤੇ ਪਤਾ ਲਗਾਇਆ ਜਾਵੇਗਾ ਕਿ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਲੱਗੇ ਉਸ ਨਾਲ ਕੋਈ ਹੋਰ ਵੀ ਸੀ ਜਾਂ ਉਹੇ ਇਕੱਲਾ ਹੀ ਸੀ। ਉਸ ਵੱਲੋਂ ਆਪਣੀ ਦੋਸਤ ਦੇ ਕੀਤੇ ਗਏ ਕਤਲ ਦੀ ਅਸਲੀ ਵਜ੍ਹਾ ਕੀ ਹੈ।