- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ’ਚ 1000 ਮੁੰਡਿਆਂ ਦੇ ਮੁਕਾਬਲੇ ਸਿਰਫ 906 , ਜਦਕਿ ਮਾਨਸਾ ’ਚ ਕੁੜੀਆਂ ਦੀ ਗਿਣਤੀ 868 ਰਹਿ ਗਈ

-ਧੀਆਂ ਦੀ ਘਟਦੀ ਗਿਣਤੀ ’ਤੇ ਚੁੱਕੇ ਸਖ਼ਤ ਕਦਮ, ਬਿਨਾਂ ਆਭਾ ਆਈਡੀ ਨਹੀਂ ਹੋਵੇਗਾ ਅਲਟਰਾ ਸਾਊਂਡ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਧੀਆਂ ਦੀ ਘਟਦੀ ਗਿਣਤੀ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ 1000 ਮੁੰਡਿਆਂ ਦੇ ਮੁਕਾਬਲੇ ਸਿਰਫ 906 ਧੀਆਂ ਜਨਮ ਲੈ ਰਹੀਆਂ ਹਨ, ਜਦਕਿ ਮਾਨਸਾ ਵਿੱਚ ਇਹ ਗਿਣਤੀ ਹੋਰ ਵੀ ਘੱਟ ਹੋ ਕੇ 868 ਰਹਿ ਗਈ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਵਿਭਾਗ ਨੇ ਸਖ਼ਤ ਕਦਮ ਚੁੱਕਦੇ ਹੋਏ ਗਰਭਵਤੀ ਮਹਿਲਾਵਾਂ ਲਈ ਆਭਾ (ਆਯੁਸ਼ਮਾਨ ਭਾਰਤ ਹੈਲਥ ਅਕਾਊਂਟ) ਆਈਡੀ ਨੂੰ ਲਾਜ਼ਮੀ ਕਰ ਦਿੱਤਾ ਹੈ। ਨਵੇਂ ਨਿਯਮ ਅਨੁਸਾਰ ਬਿਨਾਂ ਆਭਾ ਆਈਡੀ ਕਿਸੇ ਵੀ ਗਰਭਵਤੀ ਮਹਿਲਾ ਦਾ ਅਲਟਰਾ ਸਾਊਂਡ ਨਹੀਂ ਕੀਤਾ ਜਾਵੇਗਾ। ਇਸ ਲਈ ਵਿਭਾਗ ਨੇ ਇਕ ਨਵਾਂ ਡਿਜੀਟਲ ਪੋਰਟਲ ਵੀ ਸ਼ੁਰੂ ਕੀਤਾ ਹੈ, ਜਿਸਨੂੰ ਆਭਾ ਆਈਡੀ ਨਾਲ ਜੋੜਿਆ ਗਿਆ ਹੈ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਇਸ ਪ੍ਰਣਾਲੀ ਨਾਲ ਗਰਭਵਤੀ ਮਹਿਲਾਵਾਂ ਅਤੇ ਨਵਜਨਮੇ ਬੱਚਿਆਂ ਦਾ ਰਿਕਾਰਡ ਦੇਸ਼ ਭਰ ਵਿੱਚ ਕਿਤੇ ਵੀ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕੇਗਾ। ਨਾਲ ਹੀ ਲਿੰਗ ਅਨੁਪਾਤ ਵਿੱਚ ਗਿਰਾਵਟ ਦੇ ਕਾਰਨਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਮਿਲੇਗੀ। ਹੁਣ ਹਰ ਗਰਭਵਤੀ ਮਹਿਲਾ ਦਾ ਡਿਜ਼ੀਟਲ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨਵੀਂ ਪ੍ਰਣਾਲੀ ਤਹਿਤ ਏਐਨਐਮ (ਸਹਾਇਕ ਨਰਸ ਮਿਡਵਾਈਫ) ਅਤੇ ਆਸ਼ਾ ਵਰਕਰਾਂ ਨੂੰ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਸਿਹਤ ਕਰਮਚਾਰੀ ਘਰ-ਘਰ ਜਾ ਕੇ ਗਰਭਵਤੀ ਮਹਿਲਾਵਾਂ ਦਾ ਰਜਿਸਟ੍ਰੇਸ਼ਨ ਕਰਨਗੀਆਂ ਤੇ ਉਨ੍ਹਾਂ ਨੂੰ ਆਭਾ ਆਈਡੀ ਨਾਲ ਜੋੜਣਗੀਆਂ। ਰਜਿਸਟ੍ਰੇਸ਼ਨ ਤੋਂ ਬਾਅਦ ਹਰ ਮਹਿਲਾ ਅਤੇ ਉਸਦੇ ਬੱਚੇ ਦੀ ਇਕ ਯੂਨੀਕ ਆਈਡੀ ਬਣਾਈ ਜਾਵੇਗੀ। ਇਸ ਦੇ ਆਧਾਰ ‘ਤੇ ਗਰਭ ਅਵਸਥਾ ਦੀ ਨਿਗਰਾਨੀ ਕੀਤੀ ਜਾਵੇਗੀ ਤੇ ਲੋੜ ਪੈਣ ‘ਤੇ ਹਾਈ-ਰਿਸਕ ਮਾਮਲਿਆਂ ਦੀ ਪਛਾਣ ਵੀ ਕੀਤੀ ਜਾ ਸਕੇਗੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਡਿਜ਼ੀਟਲ ਸਿਸਟਮ ਰਾਹੀਂ ਇਹ ਵੀ ਪਤਾ ਲਗਾਇਆ ਜਾ ਸਕੇਗਾ ਕਿ ਕਿਸੇ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਹੈ ਜਾਂ ਨਹੀਂ। ਜੇ ਜਨਮ ਨਾਲ ਸਬੰਧਤ ਕੋਈ ਜਾਣਕਾਰੀ ਦਰਜ ਨਹੀਂ ਹੁੰਦੀ, ਤਾਂ ਉਸਦੀ ਜਾਂਚ ਕੀਤੀ ਜਾਵੇਗੀ। ਇਸ ਨਾਲ ਭਰੂਣ ਲਿੰਗ ਜਾਂਚ ਅਤੇ ਇਸ ਨਾਲ ਜੁੜੇ ਗੈਰ ਕਾਨੂੰਨੀ ਮਾਮਲਿਆਂ ‘ਤੇ ਰੋਕ ਲਗਾਉਣ ’ਚ ਮਦਦ ਮਿਲਣ ਦੀ ਉਮੀਦ ਹੈ। ਆਭਾ ਆਈਡੀ ਦੇ ਕਈ ਫਾਇਦੇ ਵੀ ਦੱਸੇ ਜਾ ਰਹੇ ਹਨ। ਮਰੀਜ਼ਾਂ ਨੂੰ ਹੁਣ ਆਪਣੀਆਂ ਪੁਰਾਣੀਆਂ ਪਰਚੀਆਂ ਅਤੇ ਮੈਡੀਕਲ ਰਿਪੋਰਟਾਂ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਸਾਰੇ ਰਿਕਾਰਡ ਡਿਜ਼ੀਟਲ ਤੌਰ ‘ਤੇ ਸੁਰੱਖਿਅਤ ਰਹਿਣਗੇ। ਹਸਪਤਾਲਾਂ ਵਿੱਚ ਕਿਊਆਰ ਕੋਡ ਸਕੈਨ ਕਰਕੇ ਮਰੀਜ਼ ਆਸਾਨੀ ਨਾਲ ਆਪਣੀ ਜਾਣਕਾਰੀ ਸਾਂਝੀ ਕਰ ਸਕਣਗੇ, ਜਿਸ ਨਾਲ ਇਲਾਜ ਵਿੱਚ ਤੇਜ਼ੀ ਆਵੇਗੀ। ਮਰੀਜ਼ ਇਹ ਵੀ ਜਾਣ ਸਕਣਗੇ ਕਿ ਕਿਸ ਹਸਪਤਾਲ ਵਿੱਚ ਕਿਹੜਾ ਵਿਸ਼ੇਸ਼ਗਿਆ ਡਾਕਟਰ ਉਪਲੱਬਧ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਬਠਿੰਡਾ ਵਿੱਚ 1000 ਮੁੰਡਿਆਂ ਦੇ ਮੁਕਾਬਲੇ ਸਿਰਫ 906 ਧੀਆਂ ਜਨਮ ਲੈ ਰਹੀਆਂ ਹਨ, ਜਦਕਿ ਮਾਨਸਾ ਵਿੱਚ ਇਹ ਗਿਣਤੀ ਹੋਰ ਵੀ ਘੱਟ ਹੋ ਕੇ 868 ਰਹਿ ਗਈ ਹੈ। ਇਹ ਸਥਿਤੀ ਪਹਿਲਾਂ ਨਾਲੋਂ ਹੋਰ ਵੀ ਖਰਾਬ ਹੋ ਗਈ ਹੈ, ਕਿਉਂਕਿ ਪਹਿਲਾਂ ਬਠਿੰਡਾ ਵਿੱਚ ਇਹ ਅੰਕੜਾ 917 ਅਤੇ ਮਾਨਸਾ ਵਿੱਚ 880 ਸੀ। ਪੂਰੇ ਪ੍ਰਦੇਸ਼ ’ਚ ਬਠਿੰਡਾ 14ਵੇਂ ਅਤੇ ਮਾਨਸਾ 23ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਿਹੜਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜ਼ਿਲ੍ਹੇ ਵਿੱਚ 100 ਫ਼ੀਸਦੀ ਰਜਿਸਟ੍ਰੇਸ਼ਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚ ਹੁਣ ਤਕ ਲਗਭਗ 60 ਫ਼ੀਸਦੀ ਸਫਲਤਾ ਮਿਲੀ ਹੈ। ਲਗਭਗ 15 ਲੱਖ ਦੀ ਆਬਾਦੀ ਵਾਲੇ ਜ਼ਿਲ੍ਹੇ ਵਿੱਚ 7.60 ਲੱਖ ਤੋਂ ਵੱਧ ਲੋਕਾਂ ਦੀ ਆਭਾ ਆਈਡੀ ਬਣ ਚੁੱਕੀ ਹੈ। ਸਿਹਤ ਵਿਭਾਗ ਨੇ 292 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਯੋਜਨਾ ਨਾਲ ਜੋੜਿਆ ਹੈ ਅਤੇ ਉਨ੍ਹਾਂ ਨੂੰ ਹਰ ਮਰੀਜ਼ ਦਾ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਹੁਣ ਆਭਾ ਆਈਡੀ ਸਭ ਨਾਗਰਿਕਾਂ ਲਈ ਲਾਜ਼ਮੀ ਕਰ ਦਿੱਤੀ ਗਈ ਹੈ। ਹਸਪਤਾਲਾਂ ਵਿੱਚ ਇਸ ਲਈ ਵੱਖਰੇ ਕਾਊਂਟਰ ਬਣਾਏ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਧੀਆ ਸਿਹਤ ਸੇਵਾਵਾਂ ਅਤੇ ਕਾਗਜ਼ੀ ਝੰਜਟ ਤੋਂ ਬਚਣ ਲਈ ਆਭਾ ਆਈਡੀ ਜ਼ਰੂਰ ਬਣਵਾਈ ਜਾਵੇ। ਉਮੀਦ ਹੈ ਕਿ ਇਸ ਨਵੀਂ ਪ੍ਰਣਾਲੀ ਨਾਲ ਨਾ ਸਿਰਫ਼ ਸਿਹਤ ਸੇਵਾਵਾਂ ’ਚ ਸੁਧਾਰ ਹੋਵੇਗਾ, ਸਗੋਂ ਧੀਆਂ ਦੀ ਘਟਦੀ ਗਿਣਤੀ ‘ਤੇ ਵੀ ਪ੍ਰਭਾਵਸ਼ਾਲੀ ਨਿਯੰਤਰਣ ਕੀਤਾ ਜਾ ਸਕੇਗਾ।
ਮਾਲਵਾ ਖੇਤਰ ਦੇ ਕਈ ਹਿੱਸਿਆਂ ਵਿੱਚ ਕੁੜੀਆਂ ਦੀ ਲਗਾਤਾਰ ਘਟ ਰਹੀ ਗਿਣਤੀ ਇਕ ਗੰਭੀਰ ਸਮਾਜਿਕ ਚਿੰਤਾ ਬਣ ਚੁੱਕੀ ਹੈ। ਇਸਦਾ ਸਿੱਧਾ ਅਸਰ ਵਿਆਹਾਂ ‘ਤੇ ਵੀ ਪੈ ਰਿਹਾ ਹੈ। ਕਈ ਥਾਵਾਂ ‘ਤੇ ਮੁੰਡਿਆਂ ਲਈ ਯੋਗ ਜੋੜੀਆਂ ਲੱਭਣਾ ਮੁਸ਼ਕਲ ਹੋ ਰਿਹਾ ਹੈ, ਜਿਸ ਕਰਕੇ ਵਿਆਹ ਦੀ ਉਮਰ ਵੀ ਵੱਧ ਰਹੀ ਹੈ ਅਤੇ ਕਈ ਲੋਕ ਵਿਆਹ ਦੀ ਉਮਰ ਲੰਘਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਕੁੜੀਆਂ ਨਹੀਂ ਮਿਲ ਰਹੀਆਂ। ਲਿੰਗ ਅਨੁਪਾਤ ਵਿੱਚ ਆਈ ਇਸ ਗਿਰਾਵਟ ਨੇ ਰਵਾਇਤੀ ਰੀਤ-ਰਿਵਾਜਾਂ ‘ਤੇ ਵੀ ਅਸਰ ਕੀਤਾ ਹੈ। ਪਹਿਲਾਂ ਜਿੱਥੇ ਵਿਆਹਾਂ ਵਿੱਚ ਜਾਤ-ਪਾਤ ਦੇ ਸਖ਼ਤ ਬੰਧਨ ਹੁੰਦੇ ਸਨ, ਹੁਣ ਇਹ ਹੌਲੀ-ਹੌਲੀ ਟੁੱਟ ਰਹੇ ਹਨ। ਲੋਕ ਆਪਣੀਆਂ ਪਰੰਪਰਾਵਾਂ ਤੋਂ ਉੱਪਰ ਉੱਠ ਕੇ ਵਿਆਹ ਦੇ ਫੈਸਲੇ ਕਰ ਰਹੇ ਹਨ, ਤਾਂ ਜੋ ਆਪਣੇ ਬੱਚਿਆਂ ਲਈ ਯੋਗ ਜੀਵਨ ਸਾਥੀ ਲੱਭਿਆ ਜਾ ਸਕੇ। ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਨੇ ਕਿਹਾ ਕਿ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਅਸਲ ਬਦਲਾਅ ਤਦ ਹੀ ਆਵੇਗਾ ਜਦੋਂ ਲੋਕ ਆਪਣੀ ਸੋਚ ਬਦਲਣਗੇ ਤੇ ਕੁੜੀਆਂ ਨੂੰ ਸਮਾਨ ਅਧਿਕਾਰ ਦੇਣਗੇ।