ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਟੋਲ ਪਲਾਜ਼ਾ ਚਾਲੂ, ਵਾਹਨਾਂ ਦੀਆਂ ਲੱਗੀਆਂ ਕਤਾਰਾਂ
ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਟੋਲ ਪਲਾਜ਼ਾ ਚਾਲੂ, ਵਾਹਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
Publish Date: Sat, 03 Jan 2026 06:07 PM (IST)
Updated Date: Sun, 04 Jan 2026 04:09 AM (IST)
-ਭਾਰਤਮਾਲਾ ਸੜਕ ’ਤੇ ਅਧੂਰੇ ਪਏ ਪੁਲ ਦੇ ਬਾਵਜੂਦ ਟੋਲ ਵਸੂਲਣ ਦਾ ਲੋਕਾਂ ’ਚ ਰੋਸ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਜੱਸੀ ਟੋਲ ਪਲਾਜ਼ਾ ’ਤੇ ਟੋਲ ਵਸੂਲਣ ਦਾ ਕੰਮ ਚਾਲੂ ਕੀਤਾ ਜਾ ਚੁੱਕਾ ਹੈ, ਜਿਥੇ ਵਾਹਨਾ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਟੋਲ ਵਸੂਲਣ ਵਾਲੀ ਕੰਪਨੀ ਹੁਲੇ ਕੰਸਟ੍ਰਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਜਨਰਲ ਮੈਨੇਜਰ ਅਸ਼ਰਫ਼ੀ ਲਾਲ ਨੇ ਜਾਣਕਾਰੀ ਦਿੱਤੀ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਈ ਭਾਰਤ ਮਾਲਾ ਸੜਕ ਯੋਜਨਾ ਤਹਿਤ ਜੱਸੀ ਟੋਲ ਪਲਾਜ਼ਾ ਦੀ ਮਨਜ਼ੂਰੀ ਅਨਸਾਰ ਟੋਲ ਵਸੂਲਣ ਦਾ ਕੰਮ ਬੀਤੀ ਸ਼ਾਮ ਤੋਂ ਚਾਲੂ ਕਰ ਦਿੱਤਾ ਗਿਆ ਹੈ, ਪ੍ਰੰਤੂ ਫਾਸਟਟੈਗ ਨਾ ਹੋਣ ਕਾਰਨ ਬਹੁਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਤੇ ਫਾਸਟਟੈਗ ਵਾਲੇ ਰਸਤੇ ਖ਼ਾਲੀ ਪਏ ਹਨ। ਉਨ੍ਹਾਂ ਦੱਸਿਆ ਕਿ ਅਜੇ ਤਕ ਆਸਪਾਸ ਦੇ ਲੋਕਾਂ ਲਈ ਟੋਲ ਮੁਫ਼ਤ ਕੀਤਾ ਹੈ, ਪ੍ਰੰਤੂ 5 ਜਨਵਰੀ ਤੋਂ ਪਲਾਜ਼ਾ ਨੇੜਲੇ 20 ਕਿਲੋਮੀਟਰ ਏਰੀਆ ਵਾਸੀਆਂ ਦੇ ਅਧਾਰ ਕਾਰਡ ਤੇ ਗੱਡੀ ਦੀ ਰਜਿਸ਼ਟ੍ਰੇਸ਼ਨ ਕਾਪੀ ਦੇ ਅਧਾਰ ’ਤੇ ਪਾਸ ਬਣਾਏ ਜਾਣਗੇ, ਜਿਸ ਆਧਾਰ ’ਤੇ ਉਹ ਬਿਨ੍ਹਾਂ ਟੋਲ ਦਿੱਤੇ ਅੱਗੇ ਜਾ ਸਕਣਗੇ। ਗੁਰਵਿੰਦਰ ਢਿੱਲੋਂ ਭਗਵਾਨਗੜ੍ਹ ਅਤੇ ਸਮਾਜ ਸੇਵੀ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਭਾਰਤ ਮਾਲਾ ਸੜਕ ’ਤੇ ਪਿੰਡ ਗੁਰਥੜੀ ਨੇੜੇ ਅਧੂਰੇ ਪਏ ਪੁਲ ਦੇ ਬਾਵਜੂਦ ਟੋਲ ਵਸੂਲਣਾ ਲੋਕਾਂ ਤੋ ਜਬਰੀ ਵਸੂਲੀ ਕਰਨ ਵਾਲੀ ਗੱਲ ਹੈ, ਜਦੋਂ ਕਿ ਉਕਤ ਅਧੂਰੇ ਪਏ ਪੁਲ ਕਾਰਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ’ਚ ਤਿੰਨ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਧੁੰਦ ’ਚ ਇਕ ਹੀ ਸੜਕ ’ਤੇ ਆਵਾਜਾਈ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ ਪ੍ਰੰਤੂ ਨੈਸ਼ਨਲ ਹਾਈਵੇਅ ਅਥਾਰਟੀ ਇਸ ਵੱਲ ਧਿਆਨ ਦੇਣ ਦੀ ਥਾਂ ਟੋਲ ਵਸੂਲਣ ਨੂੰ ਪਹਿਲ ਦੇ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਪਿੰਡ ਗੁਰਥੜੀ ਦੇ ਪੁਲ ਬਣਨ ’ਚ ਦੇਰੀ ਦਾ ਕਾਰਨ ਜ਼ਮੀਨੀ ਸਟੇਅ ਸੀ, ਜਿਸ ਦਾ ਫੈਸਲਾ ਹੋ ਚੁੱਕਾ ਹੈ, ਪ੍ਰੰਤੂ ਮਾਨਯੋਗ ਹਾਈਕੋਰਟ ਵੱਲੋਂ ਦਰਖ਼ਤ ਕੱਟਣ ’ਤੇ ਲਾਈ ਪਾਬੰਦੀ ਕਾਰਨ ਪੁਲ ਬਣਨ ’ਚ ਦੇਰੀ ਹੋਈ ਹੈ। ਸਬੰਧਤ ਹਦਾਇਤਾਂ ਪੂਰੀਆਂ ਹੋਣ ਤੋਂ ਬਾਅਦ ਹੀ ਟੋਲ ਵਸੂਲਣ ਦਾ ਕੰਮ ਚਾਲੂ ਕੀਤਾ ਗਿਆ ਹੈ ਪ੍ਰੰਤੂ 20 ਕਿਲੋਮੀਟਰ ਨੇੜਲੇ ਇਲਾਕਿਆਂ ਦੇ ਲੋਕਾਂ ਤੋਂ ਟੋਲ ਨਹੀਂ ਵਸੂਲਿਆ ਜਾਵੇਗਾ।