- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਥਾਣਾ ਦਾ ਡੇਰਾ ਬਾਬਾ ਕਾਲੂ ਨਾਥ ਜੀ ਦੀ ਦੇਸ ਵਿਦੇਸ਼ ਵਿਚ ਹੈ ਵੱਡੀ ਮਾਨਤਾ

-ਹਰ ਸਾਲ ਮੇਲੇ ਦੌਰਾਨ ਲੱਖਾਂ ਸ਼ਰਧਾਲੂ ਹੁੰਦੇ ਨੇ ਨਤਮਸਤਕ, ਨਕਲੀਏ ਵੀ ਦਿਖਾਉਂਦੇ ਨੇ ਕਲਾ ਦਾ ਜੌਹਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਦੇ ਕਸਬਾ ਨਥਾਣਾ ਵਿਚ ਸਥਿਤ ਡੇਰਾ ਬਾਬਾ ਕਾਲੂ ਨਾਥ ਜੀ ਦੀ ਦੇਸ਼ ਵਿਦੇਸ਼ ਵਿਚ ਵੱਡੀ ਮਾਨਤਾ ਹੈ। ਬਾਬਾ ਕਾਲੂ ਨਾਥ ਜੀ ਦੀ ਯਾਦ ਵਿਚ ਹਰ ਸਾਲ ਚੇਤਰ ਵਧੀ ਚੌਦਸ ਨੂੰ ਮੇਲਾ ਲਗਾਇਆ ਜਾਂਦਾ ਹੈ, ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣੀਆਂ ਹਾਜ਼ਰੀਆਂ ਭਰਦੇ ਹਨ। ਮੰਗਲਵਾਰ ਨੂੰ ਬਾਬਾ ਕਾਲੂ ਨਾਥ ਜੀ ਯਾਦ ਵਿਚ ਮੇਲਾ ਸ਼ੁਰੂ ਹੋ ਗਿਆ ਹੈ। ਰੋਮਾਣਾ ਗੋਤ ਦੇ ਲੋਕਾਂ ਲਈ ਇਹ ਡੇਰਾ ਕਿਸੇ ਮੱਕੇ ਤੋਂ ਘੱਟ ਨਹੀਂ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਡੇਰੇ ਵਿਚ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਥੇ ਬਾਬਾ ਕਾਲੂ ਨਾਥ ਜੀ ਦੀ ਯਾਦ ਵਿਚ ਕਰੀਬ ਚਾਰ ਦਿਨ ਮੇਲਾ ਚਲਦਾ ਹੈ, ਜਿੱਥੇ ਆਖਰੀ ਦਿਨ ਭਲਵਾਨਾਂ ਦੇ ਘੋਲ ਖੇਡ ਹੁੰਦੇ ਹਨ, ਜਦੋਂ ਕਿ ਸਾਹਿਤਕ ਪ੍ਰੋਗਰਾਮਾਂ ਦੇ ਨਾਲ ਨਾਲ ਨਕਲੀਏ ਵੀ ਆਪਣੀ ਕਲਾ ਦਾ ਜੌਹਰ ਦਿਖਾਉਂਦੇ ਹਨ। ਬਾਬਾ ਕਾਲੂ ਨਾਥ ਜੀ ਅਨੇਕਾਂ ਸ਼ਹਿਰਾਂ ਦੇ ਤੀਰਥ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਹਰਿਦੁਆਰ, ਨੈਣੀਤਾਲ, ਹਰੀ ਕੇ ਪੱਤਣ ਤੋਂ ਹੁੰਦੇ ਹੋਏ ਮਾਲਵੇ ਦੇ ਵਿਰਾਨ ਥਾਂ ਰਤਨ ਸਰ ਦੀ ਢਾਬ ’ਤੇ ਧੂਣਾ ਲਾ ਕੇ ਬੈਠ ਗਏ, ਜਿਸ ਦੇ ਮਾਲਕ ਚੌਧਰੀ ਅਟਕਮਾਨ ਨੇ ਇਤਰਾਜ਼ ਕੀਤਾ। ਜਦੋਂ ਚੌਧਰੀ ਅਟਕਮਾਨ ਕਾਲੂਨਾਥ ਜੀ ਨੂੰ ਉਥੋਂ ਉਠਾਉਣ ਲਈ ਆਇਆ ਤਾਂ ਨਾਥ ਜੀ ਨੇ ਉੱਤਰ ਵਿੱਚ ਆਖਿਆ ਪ੍ਰੇਮੀਆਂ ਅਸੀਂ ਇਸ ਸਥਾਨ ਦੇ ਪਿਛਲੇ ਜਨਮ ਤੋਂ ਮਾਲਕ ਚੱਲੇ ਅਰ ਰਹੇ ਹਾਂ। ਇਸ ’ਤੇ ਅਟਕਮਾਨ ਗੁੱਸੇ ਵਿਚ ਵਾਪਸ ਚਲਾ ਗਿਆ। ਇਨ੍ਹਾਂ ਦਿਨਾਂ ਵਿਚ ਅਕਬਰ ਬਾਦਸ਼ਾਹ ਜ਼ਿਲ੍ਹੇ ਦੇ ਪਿੰਡ ਕਾਂਗੜ ਵਿਖੇ ਆਇਆ ਹੋਇਆ ਸੀ। ਅਟਕਮਾਨ ਬਾਦਸ਼ਾਹ ਅਕਬਰ ਅੱਗੇ ਪੇਸ਼ ਹੋਇਆ ਤੇ ਬੇਨਤੀ ਕੀਤੀ ਕਿ ਬਾਬਾ ਕਾਲੂ ਨਾਥ ਤੋਂ ਉਸ ਦੀ ਜਮੀਨ ਛੁਡਵਾਈ ਜਾਵੇ। ਬਾਦਸ਼ਾਹ ਅਕਬਰ ਇਸ ਨਾਥ ਦੀਆਂ ਚਮਤਕਾਰੀ ਗੱਲਾਂ ਪਹਿਲਾਂ ਹੀ ਸੁਣ ਚੁੱਕਾ ਸੀ। ਇਸ ਰੌਚਕਤਾ ਅਧੀਨ ਬਾਦਸ਼ਾਹ ਖੁਦ ਚੱਲ ਕੇ ਉਕਤ ਢਾਬ ’ਤੇ ਆਇਆ, ਜਿੱਥੇ ਬਾਬਾ ਕਾਲੂ ਨਾਥ ਜੀ ਧੂਣਾ ਲਗਾ ਕੇ ਬੈਠੇ ਹੋਏ ਸਨ। ਅਕਬਰ ਬਾਦਸ਼ਾਹ ਨੇ ਬਾਬਾ ਜੀ ਤੋਂ ਉਕਤ ਜਗ੍ਹਾ ਦਾ ਸਬੂਤ ਮੰਗਿਆ। ਬਾਬਾ ਜੀ ਨੇ ਕਰੀਬ ਸੱਤ ਹੱਥ ਧਰਤੀ ਪੁਟਵਾ ਕੇ ਇਸ ਹੇਠੋਂ ਆਪਣਾ ਧੂਣਾ, ਚਿਮਟਾ, ਫੌਹੜੀ, ਧੂਬੀ ਅਤੇ ਆਸਨ ਕੱਢ ਕੇ ਦਿਖਾ ਦਿੱਤੇ, ਜਿਸ ਤੋਂ ਪ੍ਰਭਾਵਿਤ ਹੋ ਕੇ ਅਕਬਰ ਬਾਦਸ਼ਾਹ ਨੇ ਇਕ ਲੱਖ ਘੁਮਾ ਦੀ ਜਗੀਰ ਅਤੇ ਇਸ ਦੇ ਆਸੇ ਪਾਸੇ 36 ਪਿੰਡਾਂ ਦੀ ਆਮਦਨ ਬਾਬਾ ਕਾਲੂ ਨਾਥ ਜੀ ਦੇ ਆਸ਼ਰਮ ਦੇ ਨਾਮ ਲਗਵਾ ਦਿੱਤੀ। ਇਹ ਘਟਨਾ 1583 ਈਸਵੀ ਦੀ ਦੱਸੀ ਜਾਂਦੀ ਹੈ। ਇਸ ਤੋਂ ਪਿੱਛੋਂ ਬਾਬਾ ਕਾਲੂ ਨਾਥ ਜੀ ਨੇ 12 ਸਾਲ ਇਕਾਗਰ ਚਿੱਤ ਤਪੱਸਿਆ ਸਿਮਰਨ ਕੀਤਾ।
-ਬਾਕਸ-
-ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੰਜ ਪੀਰਾਂ ਨਾਲ ਗੋਸ਼ਟੀ
ਬਾਬਾ ਕਾਲੂ ਨਾਥ ਜੀ ਦੀ ਵੰਸ਼ ਰੁਮਾਣੇ ਧਾਲੀਵਾਲ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਤਕਰੀਬਨ 6000 ਪਿੰਡਾਂ ਵਿਚ ਰਹਿੰਦੇ ਹਨ। ਬਾਬਾ ਕਾਲੂ ਨਾਥ ਜੀ ਰਿਧੀਆਂ ਸਿਧੀਆਂ ਦੇ ਮਾਲਕ ਸਨ, ਜਿਨ੍ਹਾਂ ਨੂੰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸ਼ੀਰਵਾਦ ਵੀ ਮਿਲਿਆ ਹੋਇਆ ਸੀ। ਜਦੋਂ ਛੇਵੇਂ ਪਾਤਿਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਪਿੰਡ ਮਹਿਰਾਜ ਵਿਖੇ ਲੱਲਾ ਬੇਗ ਦੀ ਫੌਜ ਨਾਲ ਜੰਗ ਲੜ ਰਹੇ ਸਨ ਤਾਂ ਉਸ ਸਮੇਂ ਬਾਬਾ ਕਾਲੂ ਨਾਥ ਜੀ ਨੇ ਗੁਰੂ ਸਾਹਿਬ ਦੀ ਫੌਜ ਲਈ ਦੁੱਧ ਅਤੇ ਹੋਰ ਲੰਗਰਾਂ ਦੀ ਸੇਵਾ ਕੀਤੀ ਸੀ, ਕਿਉਂਕਿ ਬਾਬਾ ਕਾਲੂ ਨਾਥ ਜੀ ਵੱਡੀ ਗਿਣਤੀ ਵਿਚ ਗਊਆਂ ਰੱਖਦੇ ਸਨ। ਪਿੰਡ ਮਹਿਰਾਜ ਦੀ ਜੰਗ ਜਿੱਤਣ ਤੋਂ ਬਾਅਦ 1631 ਈਸਵੀ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਥਾਣਾ ਵਿਖੇ ਬਾਬਾ ਕਾਲੂ ਨਾਥ ਜੀ ਦੇ ਡੇਰੇ ਵਿੱਚ ਪੁੱਜੇ ਸਨ। ਇਥੇ ਹੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੰਜ ਪੀਰਾਂ ਹਰਗੋਬਿੰਦ ਸਾਹਿਬ, ਬਾਬਾ ਕਾਲੂ ਨਾਥ, ਬਾਬਾ ਕਲਿਆਣ ਦਾਸ, ਰਤਨ ਹਾਜੀ ਅਤੇ ਸਖੀ ਸੁਲਤਾਨ ਨਾਲ ਗੋਸ਼ਟੀ ਹੋਈ ਸੀ। ਬਾਬਾ ਕਾਲੂ ਨਾਥ ਜੀ ਦੀ ਵੰਸ ਵਿੱਚੋਂ ਰੋਮਾਣਾ ਗੋਤ ਦੇ ਲੋਕ ਪਹਿਲੇ ਦਿਨ ਬਾਬਾ ਕਾਲੂ ਨਾਥ ਜੀ ਵੱਲੋਂ ਪ੍ਰਗਟ ਕੀਤੀ ਗਈ ਗੰਗਾ ਵਿਚ ਇਸ਼ਨਾਨ ਕਰਦੇ ਹਨ ਅਤੇ ਉਸ ਤੋਂ ਬਾਅਦ ਡੇਰਾ ਬਾਬਾ ਕਾਲੂ ਨਾਥ ਮੰਦਰ ਨਥਾਣਾ ਵਿਚ ਰਾਤ ਨੂੰ ਚੌਕੀ ਭਰਦੇ ਹਨ। ਰੋਮਾਣਾ ਗੋਤ ਦੇ ਲੋਕ ਬਾਬਾ ਕਾਲੂ ਨਾਥ ਜੀ ਦੇ ਅਨਿਨ ਭਗਤ ਹਨ। ਨਵਜੰਮੇ ਬੱਚਿਆਂ ਦੀ ਸੁੱਖ ਡੇਰਾ ਬਾਬਾ ਕਾਲੂ ਨਾਥ ਮੰਦਰ ਵਿਚ ਗੁੜ ਚੜ੍ਹਾ ਕੇ ਪੂਰੀ ਕੀਤੀ ਜਾਂਦੀ ਹੈ ਜਦੋਂ ਕਿ ਨਵੇਂ ਵਿਆਹੇ ਜੋੜੇ ਡੇਰੇ ਨੇੜਲੇ ਬੁਲੰਦ ਉੱਪਰ ਮਿੱਟੀ ਕੱਢਦੇ ਹਨ। ਬਾਬਾ ਕਾਲੂ ਨਾਥ ਦੀ ਯਾਦ ਵਿਚ ਲੱਗਣ ਵਾਲੇ ਮੇਲੇ ਵਿਚ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਲੋਕ ਡੇਰੇ ’ਚ ਨਤਮਸਤਕ ਹੋਣ ਲਈ ਪੁੱਜਦੇ ਹਨ। ਡੇਰਾ ਬਾਬਾ ਕਾਲੂ ਨਾਥ ਨਥਾਣਾ ਦੀ ਸੇਵਾ ਹੁਣ ਬਾਬਾ ਦਰਸ਼ਨ ਦਾਸ ਜੀ ਵੱਲੋਂ ਨਿਭਾਈ ਜਾ ਰਹੀ ਹੈ।
ਬਾਬਾ ਕਾਲੂ ਨਾਥ ਜੀ 16 ਸਾਲ ਦੀ ਉਮਰ ਵਿਚ ਤੀਰਥ ਯਾਤਰਾ ਉੱਪਰ ਨਿਕਲ ਪਏ ਸਨ। ਉਨ੍ਹਾਂ ਪਿੰਡ ਨਥਾਣਾ ਵਿੱਚ ਪੱਛਮ ਦਿਸ਼ਾ ਚਕਮਾਣੀ ਦੀ ਥਾਂ ’ਤੇ ਜੰਗਲ ’ਚ ਆਪਣਾ ਡੇਰਾ ਲਗਾਇਆ ਸੀ। ਬਾਬਾ ਕਾਲੂ ਨਾਥ ਜੀ ਨੇ ਆਪਣੇ ਡੇਰੇ ਦੇ ਨੇੜੇ ਛਿਪਦੇ ਵਾਲੇ ਪਾਸੇ ਇੱਕ ਗੰਗਾ ਪ੍ਰਗਟ ਕੀਤੀ ਸੀ ਜਿੱਥੇ ਅੱਜ ਕੱਲ ਪਿੰਡ ਗੰਗਾ ਵਸਿਆ ਹੋਇਆ ਹੈ। ਬਾਬਾ ਕਾਲੂ ਨਾਥ ਜੀ ਦੀ ਵੰਸ਼ ਰੋਮਾਣਾ ਗੋਤ ਦੇ ਲੋਕ ਆਪਣੇ ਮ੍ਰਿਤਕ ਲੋਕਾਂ ਦੀਆਂ ਅਸਥੀਆਂ ਅੱਜ ਵੀ ਇਸ ਗੰਗਾ ’ਚ ਜਲ ਪ੍ਰਵਾਹ ਕਰਦੇ ਹਨ। ਹਰ ਸਾਲ ਚੇਤਰ ਬਦੀ ਚੌਦਸ ਨੂੰ ਲੱਗਣ ਵਾਲੇ ਮੇਲੇ ਮੌਕੇ ਵੱਡੀ ਗਿਣਤੀ ਸ਼ਰਧਾਲੂ ਬਾਬਾ ਕਾਲੂ ਨਾਥ ਜੀ ਵੱਲੋਂ ਪ੍ਰਗਟ ਕੀਤੀ ਗੰਗਾ ਵਿਚ ਇਸ਼ਨਾਨ ਕਰਦੇ ਹਨ। ਇਹ ਉਹ ਅਸਥਾਨ ਹੈ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਪੰਜ ਪੀਰਾਂ ਨਾਲ ਗੋਸ਼ਟੀ ਹੋਈ ਸੀ। ਇਨ੍ਹਾਂ ਪੰਜ ਪੀਰਾਂ ਵਿਚ ਬਾਬਾ ਕਾਲੂ ਨਾਥ ਜੀ ਵੀ ਸ਼ਾਮਲ ਸਨ। ਅਸਲ ’ਚ ਬਾਬਾ ਕਾਲੂ ਨਾਥ ਜੀ ਦਾ ਜਨਮ ਮਾਝਾ ਦੇ ਪਿੰਡ ਲੀਲ ਵਿੱਚ ਚੌਧਰੀ ਜੈਮਲ ਸਿੰਘ ਅਤੇ ਮਾਤਾ ਮੋਹਣੀ ਜੀ ਦੀ ਕੁੱਖੋਂ ਹੋਇਆ ਸੀ।