- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਨੇ ਮੇਲੇ ਦੀਆਂ ਅਗਾਂਊ ਤਿਆਰੀਆਂ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

-ਕਿਹਾ, ਗਾਇਕ ਰਣਜੀਤ ਬਾਵਾ ਦਰਸ਼ਕਾਂ ਦਾ ਕਰਨਗੇ ਮਨੋਰੰਜਨ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਲਵਾ ਹੈਰੀਟੇਜ ਫਾਊਂਡੇਸ਼ਨ ਦੇ ਸਹਿਯੋਗ ਨਾਲ 20 ਤੋਂ 22 ਮਾਰਚ ਤਕ ਸਥਾਨਕ ਸ਼ਹੀਦ ਭਗਤ ਸਿੰਘ ਬਹੁਮਤਵੀ ਸ਼ਹੀਦ ਖੇਡ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ 19ਵੇਂ ਵਿਰਾਸਤੀ ਮੇਲੇ ਤੇ ਪੰਜਾਬ ਸਖੀ ਸ਼ਕਤੀ ਮੇਲੇ ਦੀਆਂ ਤਿਆਰੀਆਂ ਦੇ ਅਗਾਊ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਸਾਰੇ ਪ੍ਰਬੰਧ ਨਿਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਜ਼ੋਰ ਦਿੱਤਾ ਕਿ ਮੇਲੇ ਦੌਰਾਨ ਸਫਾਈ, ਸੁਰੱਖਿਆ, ਟ੍ਰੈਫਿਕ ਅਤੇ ਸੁਵਿਧਾਵਾਂ ਦੇ ਖਾਸ ਪ੍ਰਬੰਧ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਤਕ ਚੱਲਣ ਵਾਲੇ ਇਸ ਮੇਲੇ ਵਿਚ ਰੰਗਲੇ ਪੰਜਾਬ ਦੀਆਂ ਰਵਾਇਤੀ ਝਲਕੀਆਂ ਪੁਰਾਤਨ ਪਹਿਰਾਵੇ, ਲੋਕ ਖੇਡਾਂ, ਰਵਾਇਤੀ ਖਾਣੇ, ਝੂਲੇ, ਗੀਤ-ਸੰਗੀਤ, ਪਤੰਗਬਾਜ਼ੀ, ਕਠਪੁਤਲੀ ਦਾ ਖੇਡ ਅਤੇ ਸੱਭਿਆਚਾਰਕ ਪ੍ਰੋਗਰਾਮ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਣਗੇ।
ਉਨ੍ਹਾਂ ਦੱਸਿਆ ਕਿ ਮੇਲੇ ਦਾ ਆਗਾਜ਼ 20 ਮਾਰਚ ਨੂੰ ਸ਼ਹਿਰ ਵਿਖੇ ਰਵਾਇਤੀ ਤੇ ਵਿਰਾਸਤੀ ਜਲੂਸ ਨਾਲ ਕੀਤਾ ਜਾਵੇਗਾ। ਇਸ ਵਿਚ ਮਾਲਵਾ ਹੈਰੀਟੇਜ ਫਾਊਂਡੇਸ਼ਨ, ਸਕੂਲਾਂ ਤੇ ਕਾਲਜਾਂ ਦੀਆਂ ਟੀਮਾਂ, ਯੂਥ ਕਲੱਬ ਆਦਿ ਭਾਗ ਲੈਣਗੇ। 20 ਮਾਰਚ ਨੂੰ ਕਲਾਕਾਰ ਕਰਮਜੀਤ ਅਨਮੋਲ ਅਤੇ ਬੀਨੂ ਢਿੱਲੋਂ ਦੇ ਨਾਲ ਨਾਲ ਗਾਇਕ ਮੰਡੇਰ ਬ੍ਰਦਰਜ਼ ਅਤੇ ਗੁਰਜੀਤ ਜੀਤੀ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। 21 ਮਾਰਚ ਨੂੰ ਵੱਖ ਵੱਖ ਟੀਮਾਂ ਵੱਲੋਂ ਗਿੱਧਾ, ਭੰਗੜਾ, ਲੁੱਡੀ, ਰਵਾਇਤੀ ਖੇਡਾਂ ਤੇ ਮਸਤਾਨੇ ਗਰੁੱਪ ਵੱਲੋਂ ਨਾਟਕ ਇਕ ਸੀ ਰੰਗ ਸਫੇਦ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਲਾਕਾਰ ਕੰਵਰ ਗਰੇਵਾਲ ਵੱਲੋਂ ਪੇਸ਼ਕਾਰੀ ਦਿੱਤੀ ਜਾਵੇਗੀ । 22 ਮਾਰਚ ਨੂੰ ਵੀ ਵੱਖ ਵੱਖ ਟੀਮਾਂ ਵੱਲੋਂ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਗਾਇਕ ਰਣਜੀਤ ਬਾਵਾ ਵੱਲੋਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਪੰਜਾਬੀ ਕਲਾਕਾਰਾਂ ਦੀ ਹਾਜ਼ਰੀ ਮੇਲੇ ਦੀ ਰੌਣਕ ਵਧਾਏਗੀ। ਇਨ੍ਹਾਂ ਵਿੱਚ ਕੰਵਰ ਗਰੇਵਾਲ, ਰਣਜੀਤ ਬਾਵਾ, ਬਲਕਾਰ ਸਿੱਧੂ, ਬੀਨੂੰ ਢਿਲੋਂ, ਮੰਡੇਰ ਬ੍ਰਦਰਜ਼, ਦੇਵ ਖਰੌੜ, ਗੁਰਜੀਤ ਜੀਤੀ ਅਤੇ ਗੁਰ ਸਿੱਧੂ ਸ਼ਾਮਲ ਹਨ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਡੀਸੀ ਨੇ ਬਠਿੰਡਾ ਵਾਸੀਆਂ ਨੂੰ ਮੇਲੇ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ਵਿੱਚ ਦਾਖਲਾ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਉਨ੍ਹਾਂ ਦੱਸਿਆ ਕਿ ਮੇਲੇ ’ਚ ਰਵਾਇਤੀ ਖੇਡਦਿਆਂ ਜਿਵੇਂ ਕਿ ਰੱਸਾਕੱਸੀ, ਦੰਗਲ ਆਦਿ ਵੀ ਕਰਵਾਏ ਜਾਣਗੇ ਤਾਂ ਜੋ ਲੋਕਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਜਾਵੇ। ਇਸ ਮੌਕੇ ਏਡੀਸੀ ਮੈਡਮ ਕੰਚਨ, ਉਪ ਮੰਡਲ ਮੈਜਿਸਟ੍ਰੇਟ ਬਲਕਰਨ ਸਿੰਘ, ਮੁੱਖ ਮੰਤਰੀ ਫੀਲਡ ਅਫਸਰ ਰਮਨਜੀਤ, ਮੈਡਮ ਹਰਸ਼ਿਤਾ ਸ਼ਰਮਾ ਆਈਏਐੱਸ (ਯੂ ਟੀ) ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ, ਚਮਕੌਰ ਸਿੰਘ ਮਾਨ, ਡੀਐਸਪੀ. ਗੁਰਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਮੈਂਬਰ ਹਾਜ਼ਰ ਸਨ।