- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਤਿਹ ਕਾਲਜ ਵਿਚ 11ਵੀਂ ਸਾਲਾਨਾ ਐਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਫਤਿਹ ਕਾਲਜ ਰਾਮਪੁਰਾ ਫੂਲ ਵਿਖੇ 11ਵੀਂ ਐਥਲੈਟਿਕਸ ਮੀਟ ਬੜੇ ਉਤਸ਼ਾਹ, ਜੋਸ਼ ਤੇ ਸ਼ਾਨੋ-ਸ਼ੌਕਤ ਨਾਲ ਕਰਵਾਈ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਐਸਐਸ ਚੱਠਾ ਤੇ ਮੁੱਖ ਮਹਿਮਾਨ ਥਾਣਾ ਸਦਰ ਰਾਮਪੁਰਾ ਫੂਲ ਦੇ ਐੱਸਐੱਚਓ ਬੂਟਾ ਸਿੰਘ ਵੱਲੋਂ ਝੰਡਾ ਲਹਿਰਾ ਕੇ ਅਤੇ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਤੇ ਖੇਡਾਂ ਰਾਹੀਂ ਸਿਹਤਮੰਦ ਜੀਵਨ ਅਪਣਾ ਕੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ਸੱਦਾ ਦਿੱਤਾ।
ਚੇਅਰਮੈਨ ਐੱਸਐੱਸ ਚੱਠਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨੌਜਵਾਨ ਪੀੜ੍ਹੀ ’ਚ ਨੈਤਿਕ ਗੁਣਾਂ ਦੀ ਸਿਰਜਣਾ ਅਤੇ ਖੇਡਾਂ ਰਾਹੀਂ ਤੰਦਰੁਸਤ ਸਮਾਜ ਦੀ ਨਿਰਮਾਣ ਸੰਸਥਾ ਦੀ ਪ੍ਰਥਮ ਤਰਜੀਹ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਵਿਚ ਅਨੁਸ਼ਾਸਨ ਅਤੇ ਮਿਹਨਤ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਮਾਰਚ ਪਾਸਟ ਵਿਚ ਵਿਦਿਆਰਥੀਆਂ ਨੂੰ ਚਾਰ ਹਾਊਸਾਂ—ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ, ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਵਿੱਚ ਵੰਡਿਆ ਗਿਆ। ਖੇਡ ਮੁਕਾਬਲਿਆਂ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, 400 ਮੀਟਰ ਰੀਲੇਅ, ਜੈਵਲਿਨ ਥਰੋ, ਸ਼ਾਟ ਪੁੱਟ ਸਮੇਤ ਵੱਖ-ਵੱਖ ਟਰੈਕ ਤੇ ਫੀਲਡ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦੀ ਵਾਹ-ਵਾਹ ਹਾਸਲ ਕੀਤੀ। ਮੁਕਾਬਲਿਆਂ ਵਿੱਚ ਅਜੈ ਕੁਮਾਰ (1 ਆਰਟਸ) ਲੜਕਿਆਂ ਵਿੱਚੋਂ ਅਤੇ ਜਸਮੀਨ ਕੌਰ (1 ਆਰਟਸ) ਲੜਕੀਆਂ ਵਿੱਚੋਂ ਬੈਸਟ ਐਥਲੀਟ ਚੁਣੇ ਗਏ, ਜਦਕਿ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਬੈਸਟ ਹਾਊਸ ਦਾ ਖਿਤਾਬ ਜਿੱਤਿਆ। ਜੇਤੂ ਖਿਡਾਰੀਆਂ ਨੂੰ ਮੈਡਲ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਤੇ ਅਸਿਸਟੈਂਟ ਪ੍ਰੋਫੈਸਰ ਵਰਿੰਦਰ ਕੌਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਮੰਚ ਸੰਚਾਲਨ ਪ੍ਰੋ. ਅਨੀਕਾ ਅਤੇ ਪ੍ਰੋ. ਸੋਨੀਆ ਨੇ ਕੀਤਾ ਜਦਕਿ ਖੇਡਾਂ ਦੀ ਕੁਮੈਂਟਰੀ ਵਿਦਿਆਰਥੀ ਬਸੰਤ ਸਿੰਘ ਵੱਲੋਂ ਕੀਤੀ ਗਈ।
ਇਸ ਮੌਕੇ ਐਮਡੀ ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ. ਜਗਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਤੇ ਪਬਲਿਕ ਰਿਲੇਸ਼ਨ ਅਫਸਰ ਹਰਪ੍ਰੀਤ ਸ਼ਰਮਾ, ਡਿਗਰੀ ਕਿਲਜ ਦੇ ਪ੍ਰੋ ਕੁਮਾਰੀ ਸ਼ੈਲਜਾ , ਪ੍ਰੋ ਸੰਦੀਪ ਕੌਰ, ਆਈਟੀ ਸੈਲ ਮੁਖੀ ਪ੍ਰੋ ਸੋਨਵਿੰਦਰ ਸਿੰਘ ਮੌੜ ਮੰਡੀ, ਪ੍ਰੋ ਸਮੀਰ ਬਾਂਸਲ , ਪ੍ਰੋ ਜਸਪ੍ਰੀਤ ਕੌਰ ,ਪ੍ਰੋ ਮਨਦੀਪ ਕੌਰ, ਪ੍ਰੋ ਹਰਜੀਤ ਕੌਰ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਡਾ. ਜਗਵਿੰਦਰ ਸਿੰਘ ਵੱਲੋਂ ਅਥਲੈਟਿਕ ਮੀਟ ਦੀ ਕਲੋਜ਼ਿੰਗ ਕਰਦਿਆਂ ਸਭ ਨੂੰ ਵਧਾਈ ਦਿੱਤੀ ਗਈ।