- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਏਮਜ ਦੇ ਲੰਗਰ ’ਤੇ ਗੈਸ ਸੰਕਟ ਦੀ ਮਾਰ, ਇਕ ਹਫ਼ਤੇ ਤੋਂ ਨਹੀਂ ਮਿਲਿਆ ਐਲਪੀਜੀ ਸਿਲੰਡਰ

-ਰੋਜ਼ਾਨਾ 10 ਹਜ਼ਾਰ ਮਰੀਜ਼ਾਂ ਤੇ ਪਰਿਵਾਰਕ ਮੈਂਬਰਾਂ ਲਈ ਬਣਦਾ ਸੀ ਭੋਜਨ, ਲੰਗਰ ਦਾ ਪ੍ਰਬੰਧ ਕਰਨ ਵਾਲੇ ਬਾਬਾ ਸੁਬੇਗ ਸਿੰਘ ਰੋਟੀ-ਦਾਲ ਦੀ ਸੇਵਾ ਅਸਥਾਈ ਤੌਰ ’ਤੇ ਰੋਕਣ ਲਈ ਮਜਬੂਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸੂਬੇ ਭਰ ਵਿਚ ਗੈਸ ਸਿਲੰਡਰਾਂ ਦੀ ਕਮੀ ਕਾਰਨ ਏਮਜ਼ ਬਠਿੰਡਾ ਵਿੱਚ ਚੱਲ ਰਹੀ ਮੁਫ਼ਤ ਲੰਗਰ ਸੇਵਾ ਵੀ ਪ੍ਰਭਾਵਿਤ ਹੋ ਗਈ ਹੈ। ਹਸਪਤਾਲ ਦੇ ਨੇੜੇ ਸਥਿਤ ਗੁਰਦੁਆਰੇ ਵਿੱਚ ਸੇਵਾਦਾਰਾਂ ਦੀ ਮਦਦ ਨਾਲ ਚੱਲਣ ਵਾਲੀ ਇਸ ਕਮਿਊਨਿਟੀ ਰਸੋਈ ਵਿੱਚ ਰੋਜ਼ਾਨਾਂ ਕਰੀਬ 10 ਹਜ਼ਾਰ ਓਪੀਡੀ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਲੰਗਰ ਛਕਦੇ ਹਨ, ਪਰ ਪਿਛਲੇ ਇਕ ਹਫ਼ਤੇ ਤੋਂ ਐਲਪੀਜੀ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਲੰਗਰ ਸੇਵਾ ਸੰਕਟ ਵਿੱਚ ਆ ਗਈ ਹੈ। ਗੈਸ ਸਿਲੰਡਰਾਂ ਦੀ ਕਮੀ ਕਾਰਨ ਲੰਗਰ ਸੇਵਾ ਚਲਾ ਰਹੇ ਬਾਬਾ ਸੁਬੇਗ ਸਿੰਘ ਨੇ ਇਕ ਵਾਰ ਦਾਲ ਰੋਟੀ ਦੀ ਸੇਵਾ ਇਕ ਵਾਰ ਅਸਥਾਈ ਤੌਰ ’ਤੇ ਬੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹ ਲੰਗਰ ਸੇਵਾ ਡੱਬਵਾਲੀ ਰੋਡ ’ਤੇ ਸਥਿਤ ਪਿੰਡ ਜੋਧਪੁਰ ਰੋਮਾਣਾ ਦੇ ਰਹਿਣ ਵਾਲੇ ਸਮਾਜ ਸੇਵੀ ਬਾਬਾ ਸ਼ੁਬੇਗ ਸਿੰਘ ਚਲਾ ਰਹੇ ਹਨ, ਜਿਨ੍ਹਾਂ ਨੂੰ ਲੋਕ ਪਿਆਰ ਨਾਲ “ਲੰਗਰ ਵਾਲੇ ਬਾਬਾ ਜੀ” ਦੇ ਨਾਮ ਨਾਲ ਜਾਣਦੇ ਹਨ।
ਉਨ੍ਹਾਂ ਦੱਸਿਆ ਕਿ ਗੈਸ ਸਿਲੰਡਰ ਨਾ ਮਿਲਣ ਕਾਰਨ ਫਿਲਹਾਲ ਰੋਟੀ, ਦਾਲ ਅਤੇ ਸਬਜ਼ੀ ਦੀ ਸੇਵਾ ਅਸਥਾਈ ਤੌਰ ’ਤੇ ਰੋਕਣੀ ਪਈ ਹੈ। ਸ਼ੁਬੇਗ ਸਿੰਘ ਨੇ ਦੱਸਿਆ ਕਿ ਲੰਗਰ ਲਈ ਹਰ ਹਫ਼ਤੇ ਕਰੀਬ 50 ਗੈਸ ਸਿਲੰਡਰਾਂ ਦੀ ਲੋੜ ਪੈਂਦੀ ਹੈ, ਪਰ ਪਿਛਲੇ ਇਕ ਹਫ਼ਤੇ ਤੋਂ ਇਕ ਵੀ ਗੈਸ ਸਿਲੰਡਰ ਉਪਲੱਬਧ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੰਗਰ ਵਿੱਚ ਰੋਟੀਆਂ ਬਣਾਉਣ ਲਈ ਆਟੋਮੈਟਿਕ ਰੋਟੀ ਬਣਾਉਣ ਵਾਲੀ ਮਸ਼ੀਨ ਲਗਾਈ ਗਈ ਹੈ, ਜੋ ਪੂਰੀ ਤਰ੍ਹਾਂ ਗੈਸ ਸਿਲੰਡਰਾਂ ’ਤੇ ਨਿਰਭਰ ਹੈ। ਗੈਸ ਦੀ ਸਪਲਾਈ ਬੰਦ ਹੋਣ ਕਾਰਨ ਇਹ ਮਸ਼ੀਨ ਵੀ ਬੰਦ ਪਈ ਹੈ ਤੇ ਰੋਟੀਆਂ ਤਿਆਰ ਕਰਨਾ ਸੰਭਵ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾਂ ਪੰਜ ਤੋਂ ਛੇ ਕਵਿੰਟਲ ਕਣਕ ਦੇ ਆਟੇ ਨਾਲ ਰੋਟੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਰੋਟੀ ਮਸ਼ੀਨ ਚਲਾਉਣ ਲਈ ਹਰ ਰੋਜ਼ ਅੱਠ ਗੈਸ ਸਿਲੰਡਰ ਲੱਗਦੇ ਹਨ। ਇਸ ਤੋਂ ਇਲਾਵਾ ਦਾਲ, ਸਬਜ਼ੀ ਅਤੇ ਚਾਹ ਬਣਾਉਣ ਲਈ ਵੀ ਵੱਖਰੇ ਤੌਰ ’ਤੇ ਗੈਸ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਸਿਲੰਡਰਾਂ ਦੀ ਕਮੀ ਕਾਰਨ ਪੂਰੀ ਲੰਗਰ ਪ੍ਰਭਾਵਿਤ ਹੋ ਗਿਆ ਹੈ।
-ਬਾਕਸ-
-ਚੁੱਲ੍ਹੇ ‘ਤੇ ਬਣ ਰਹੀ ਕੜੀ-ਚੌਲ ਤੇ ਖਿਚੜੀ
ਗੈਸ ਸੰਕਟ ਦੇ ਬਾਵਜੂਦ ਲੰਗਰ ਸੇਵਾ ਪੂਰੀ ਤਰ੍ਹਾਂ ਬੰਦ ਨਾ ਹੋਵੇ, ਇਸ ਲਈ ਬਾਬਾ ਸ਼ੁਬੇਗ ਸਿੰਘ ਅਤੇ ਸੇਵਾਦਾਰਾਂ ਨੇ ਹੁਣ ਵੱਖਰਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਚੁਲ੍ਹੇ ‘ਤੇ ਲੱਕੜਾਂ ਦੀ ਮਦਦ ਨਾਲ ਕੜੀ-ਚਾਵਲ ਅਤੇ ਖਿਚੜੀ ਤਿਆਰ ਕੀਤੀ ਜਾ ਰਹੀ ਹੈ, ਕਿਉਂਕਿ ਇਹ ਭੋਜਨ ਘੱਟ ਲੱਕੜ ਨਾਲ ਤਿਆਰ ਹੋ ਸਕਦਾ ਹੈ। ਹਾਲਾਂਕਿ ਵੱਡੀ ਗਿਣਤੀ ਵਿੱਚ ਲੋਕਾਂ ਲਈ ਲੱਕੜ ਨਾਲ ਭੋਜਨ ਤਿਆਰ ਕਰਨਾ ਕਾਫ਼ੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹੇ ਵੱਡੇ ਪੱਧਰ ‘ਤੇ ਲੰਗਰ ਬਣਾਉਣ ਲਈ ਲੱਕੜ ਦਾ ਪ੍ਰਬੰਧ ਕਰਨਾ ਅਤੇ ਉਸ ‘ਤੇ ਖਾਣਾ ਬਣਾਉਣਾ ਬਹੁਤ ਔਖਾ ਕੰਮ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੰਗਰ ਲਈ ਜਲਦੀ ਤੋਂ ਜਲਦੀ ਗੈਸ ਸਿਲੰਡਰਾਂ ਦੀ ਨਿਯਮਿਤ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਪਹਿਲਾਂ ਵਾਂਗ ਰੋਟੀ-ਦਾਲ ਅਤੇ ਸਬਜ਼ੀ ਦੀ ਸੇਵਾ ਦੁਬਾਰਾ ਸ਼ੁਰੂ ਕੀਤੀ ਜਾ ਸਕੇ। ਸ਼ੁਬੇਗ ਸਿੰਘ ਨੇ ਆਲੇ-ਦੁਆਲੇ ਦੇ ਪਿੰਡਾਂ ਅਤੇ ਸਮਾਜਿਕ ਸੰਗਠਨਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਤੋਂ ਲੋਕ ਰੋਟੀਆਂ ਬਣਾ ਕੇ ਭੇਜਣ ਤਾਂ ਹਸਪਤਾਲ ਵਿੱਚ ਆਉਣ ਵਾਲੇ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕਦਾ ਹੈ।
-ਬਾਕਸ-
-ਪਰਿਵਾਰਕ ਦੁੱਖਾਂ ਤੋਂ ਬਾਅਦ ਸ਼ੁਰੂ ਕੀਤੀ ਸਮਾਜ ਸੇਵਾ
ਸੁਬੇਗ ਸਿੰਘ ਦੀ ਸਮਾਜ ਸੇਵਾ ਦੀ ਸ਼ੁਰੂਆਤ ਵੀ ਇਕ ਦਰਦਨਾਕ ਪਰਿਵਾਰਕ ਤ੍ਰਾਸਦੀ ਤੋਂ ਬਾਅਦ ਹੋਈ ਸੀ। ਸਾਲ 2010 ਤਕ ਤਿੰਨ ਸਾਲਾਂ ਦੇ ਅੰਦਰ ਉਨ੍ਹਾਂ ਨੇ ਆਪਣੀ ਪਤਨੀ, ਤਿੰਨ ਭਰਾਵਾਂ ਅਤੇ ਚਾਰ ਭਤੀਜਿਆਂ ਨੂੰ ਵੱਖ-ਵੱਖ ਹਾਦਸਿਆਂ ਅਤੇ ਕੁਦਰਤੀ ਕਾਰਨਾਂ ਕਰਕੇ ਗੁਆ ਦਿੱਤਾ ਸੀ। ਲਗਾਤਾਰ ਹੋਈਆਂ ਇਨ੍ਹਾਂ ਦੁਖਦ ਘਟਨਾਵਾਂ ਤੋਂ ਬਾਅਦ ਉਨ੍ਹਾਂ ਨੇ ਕਪਾਹ ਜਿਨਿੰਗ ਫੈਕਟਰੀ ਅਤੇ ਆਇਲ ਮਿਲ ਦਾ ਆਪਣਾ ਕਾਰੋਬਾਰ ਛੱਡ ਦਿੱਤਾ ਅਤੇ ਸਮਾਜ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ। ਉਸ ਸਮੇਂ ਤੋਂ ਹੀ ਉਹ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਏਮਜ਼ ਬਠਿੰਡਾ ਦੀ ਸਥਾਪਨਾ ਸਾਲ 2019 ਵਿੱਚ ਹੋਣ ਤੋਂ ਬਾਅਦ ਉਨ੍ਹਾਂ ਨੇ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਲੰਗਰ ਸੇਵਾ ਸ਼ੁਰੂ ਕੀਤੀ, ਜੋ ਥੋੜ੍ਹੇ ਹੀ ਸਮੇਂ ਵਿੱਚ ਹਜ਼ਾਰਾਂ ਲੋਕਾਂ ਲਈ ਵੱਡੀ ਸਹੂਲਤ ਬਣ ਗਈ।
-ਬਾਕਸ-
-ਪ੍ਰਸ਼ਾਸਨ ਨੇ ਦਿੱਤਾ ਵਿਚਾਰ ਕਰਨ ਦਾ ਭਰੋਸਾ
ਏਮਜ਼ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉੱਤਰ ਭਾਰਤ ਵਿੱਚ ਇਹ ਇਕੱਲਾ ਅਜਿਹਾ ਹਸਪਤਾਲ ਹੈ ਜਿੱਥੇ ਸੇਵਾਦਾਰਾਂ ਨੂੰ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਮੁਫ਼ਤ ਭੋਜਨ ਸੇਵਾ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਹਸਪਤਾਲ ਵਿਚ ਰੋਜ਼ਾਨਾ ਦੂਰ-ਦਰਾਜ਼ ਤੋਂ ਹਜ਼ਾਰਾਂ ਲੋਕ ਇਲਾਜ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਕਈ ਆਰਥਿਕ ਤੌਰ ‘ਤੇ ਕਮਜ਼ੋਰ ਵੀ ਹੁੰਦੇ ਹਨ। ਅਜਿਹੇ ਲੋਕਾਂ ਲਈ ਇਹ ਲੰਗਰ ਵੱਡੀ ਰਾਹਤ ਸਾਬਤ ਹੁੰਦਾ ਰਿਹਾ ਹੈ। ਡੀਐਫਐਸਓ ਅਧਿਕਾਰੀ ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਸ਼ੁਬੇਗ ਸਿੰਘ ਇਸ ਸਬੰਧ ਵਿਚ ਸਰਕਾਰੀ ਤੌਰ ‘ਤੇ ਅਰਜ਼ੀ ਦਿੰਦੇ ਹਨ ਤੇ ਲੰਗਰ ਸੇਵਾ ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਗੈਸ ਸਿਲੰਡਰ ਮੁਹੱਈਆ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।