- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਮਜ਼ ਦੀ ਤਰਜ਼ ’ਤੇ ਸਿਵਲ ਹਸਪਤਾਲ ਬਠਿੰਡਾ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਸਿਸਟਮ ਸ਼ੁਰੂ

-ਮਰੀਜ਼ਾਂ ਨੂੰ ਓਪੀਡੀ ’ਚ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ, ਘਰ ਬੈਠੇ ਚੈੱਕਅਪ ਲਈ ਲੈ ਸਕਣਗੇ ਡਾਕਟਰ ਤੋਂ ਸਮਾਂ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਸਿਵਲ ਹਸਪਤਾਲ ਬਠਿੰਡਾ ਵਿਚ ਏਮਜ਼ ਦੀ ਤਰਜ਼ ’ਤੇ ਆਨਲਾਈਨ ਰਜਿਸਟ੍ਰੇਸ਼ਨ ਅਤੇ ਓਪੀਡੀ ਅਪਾਇੰਟਮੈਂਟ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਵੀਂ ਡਿਜੀਟਲ ਵਿਵਸਥਾ ਦੇ ਲਾਗੂ ਹੋਣ ਨਾਲ ਮਰੀਜ਼ਾਂ ਨੂੰ ਹੁਣ ਪਰਚੀ ਬਣਵਾਉਣ ਲਈ ਲੰਬੀਆਂ ਕਤਾਰਾਂ ’ਚ ਖੜ੍ਹਾ ਨਹੀਂ ਹੋਣਾ ਪਵੇਗਾ ਤੇ ਨਾ ਹੀ ਘੰਟਿਆਂ ਤਕ ਉਡੀਕ ਕਰਨੀ ਪਵੇਗੀ।
ਸਿਹਤ ਵਿਭਾਗ ਵੱਲੋਂ ਇਹ ਸਹੂਲਤ dhbathinda.in ਵੈੱਬਸਾਈਟ ਰਾਹੀਂ ਸ਼ੁਰੂ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਜ਼ਿਲ੍ਹਾ ਹਸਪਤਾਲ ਬਠਿੰਡਾ ਤੋਂ ਕੀਤੀ ਗਈ ਹੈ, ਜਿਸਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਸਰਕਾਰੀ ਹਸਪਤਾਲਾਂ ’ਚ ਵੀ ਲਾਗੂ ਕੀਤਾ ਜਾਵੇਗਾ। ਨਵੀਂ ਵਿਵਸਥਾ ਅਧੀਨ ਮਰੀਜ਼ ਘਰ ਬੈਠੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਣਗੇ ਤੇ ਡਾਕਟਰ ਤੋਂ ਅਪਾਇੰਟਮੈਂਟ ਲੈ ਕੇ ਨਿਰਧਾਰਤ ਸਮੇਂ ’ਤੇ ਇਲਾਜ ਕਰਵਾ ਸਕਣਗੇ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਮਰੀਜ਼ ਖੱਜਲ ਖੁਆਰੀ ਤੋਂ ਬਚ ਸਕਣਗੇ ਤੇ ਸੌਖਿਆਂ ਹੀ ਘਰ ਬੈਠੇ ਡਾਕਟਰ ਤੋਂ ਸਮਾਂ ਲੈ ਸਕਣਗੇ।
-ਬਾਕਸ-
-ਰੋਜ਼ਾਨਾ ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗੀ ਰਾਹਤ
ਸਿਵਲ ਹਸਪਤਾਲ ਬਠਿੰਡਾ ਵਿੱਚ ਰੋਜ਼ਾਨਾ ਔਸਤਨ 2000 ਤੋਂ 2500 ਮਰੀਜ਼ ਇਲਾਜ ਲਈ ਪਹੁੰਚਦੇ ਹਨ। ਮਰੀਜ਼ਾਂ ਨੂੰ ਪਹਿਲਾਂ ਓਪੀਡੀ ਵਿੱਚ ਪਰਚੀ ਬਣਵਾਉਣ ਅਤੇ ਡਾਕਟਰ ਨੂੰ ਦਿਖਾਉਣ ਲਈ ਮਰੀਜ਼ਾਂ ਨੂੰ ਸਵੇਰੇ ਤੋਂ ਹੀ ਕਤਾਰਾਂ ਵਿੱਚ ਖੜ੍ਹਾ ਹੋਣਾ ਪੈਂਦਾ ਸੀ। ਕਈ ਵਾਰ 30 ਤੋਂ 40 ਮਿੰਟ ਜਾਂ ਇਸ ਤੋਂ ਵੀ ਵੱਧ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ, ਜਿਸ ਕਾਰਨ ਖ਼ਾਸ ਤੌਰ ’ਤੇ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਤੇ ਗੰਭੀਰ ਬਿਮਾਰ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਆਨਲਾਈਨ ਸਿਸਟਮ ਨਾਲ ਇਹ ਸਮੱਸਿਆ ਦੂਰ ਹੋਵੇਗੀ ਅਤੇ ਹਸਪਤਾਲ ਦੀ ਵਿਵਸਥਾ ਹੋਰ ਸੁਚੱਜੀ ਬਣੇਗੀ।
-ਬਾਕਸ-
-ਘਰ ਬੈਠੇ ਹੋਵੇਗੀ ਰਜਿਸਟ੍ਰੇਸ਼ਨ, ਕਿਊਆਰ ਕੋਡ ਦੀ ਵੀ ਮਿਲੇਗੀ ਸਹੂਲਤ
ਨਵੀਂ ਵਿਵਸਥਾ ਅਧੀਨ ਮਰੀਜ਼ ਮੋਬਾਈਲ ਨੰਬਰ ਜਾਂ ਆਭਾ ਆਈਡੀ ਰਾਹੀਂ ਘਰ ਬੈਠੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਤੋਂ ਇਲਾਵਾ ਹਸਪਤਾਲ ਪਰਿਸਰ ਵਿੱਚ ਲੱਗੇ ਕਿਊਆਰ ਕੋਡ ਨੂੰ ਸਕੈਨ ਕਰਕੇ ਵੀ ਤੁਰੰਤ ਰਜਿਸਟ੍ਰੇਸ਼ਨ ਤੇ ਅਪੁਆਇੰਟਮੈਂਟ ਲਈ ਜਾ ਸਕੇਗੀ। ਇਹ ਸਹੂਲਤ ਉਨ੍ਹਾਂ ਮਰੀਜ਼ਾਂ ਲਈ ਖ਼ਾਸ ਤੌਰ ’ਤੇ ਲਾਭਕਾਰੀ ਸਾਬਤ ਹੋਵੇਗੀ, ਜਿਨ੍ਹਾਂ ਨੂੰ ਇੰਟਰਨੈੱਟ ਜਾਂ ਵੈੱਬਸਾਈਟ ਦੀ ਵਰਤੋਂ ਕਰਨ ਵਿਚ ਮੁਸ਼ਕਲ ਆਉਂਦੀ ਹੈ। ਰਜਿਸਟ੍ਰੇਸ਼ਨ ਤੋਂ ਬਾਅਦ ਮਰੀਜ਼ ਨੂੰ ਸਬੰਧਤ ਓਪੀਡੀ ਅਤੇ ਡਾਕਟਰ ਕੋਲ ਜਾਣ ਦਾ ਸੰਭਾਵਿਤ ਸਮਾਂ ਵੀ ਦੱਸਿਆ ਜਾਵੇਗਾ।
-ਬਾਕਸ-
-ਤਿੰਨ ਹਸਪਤਾਲਾਂ ਦੀਆਂ ਸੇਵਾਵਾਂ ਇੱਕੋ ਪੋਰਟਲ ’ਤੇ
dhbathinda.in ਵੈੱਬਸਾਈਟ ’ਤੇ ਸਿਵਲ ਹਸਪਤਾਲ ਬਠਿੰਡਾ ਦੇ ਨਾਲ-ਨਾਲ ਵੁਮੈਨ ਐਂਡ ਚਿਲਡਰਨ ਹਸਪਤਾਲ ਅਤੇ ਟੀਬੀ ਹਸਪਤਾਲ ਦੀਆਂ ਓਪੀਡੀ ਸੇਵਾਵਾਂ ਅਤੇ ਸਹੂਲਤਾਂ ਦੀ ਜਾਣਕਾਰੀ ਵੀ ਉਪਲਬਧ ਕਰਵਾਈ ਗਈ ਹੈ। ਇਸ ਤੋਂ ਇਲਾਵਾ ਵੈੱਬਸਾਈਟ ’ਤੇ 24 ਘੰਟੇ ਦੀ ਐਮਰਜੈਂਸੀ ਸੇਵਾ, ਮੈਡੀਕਲ ਅਤੇ ਸਰਜੀਕਲ ਵਾਰਡਾਂ ਵਿੱਚ ਉਪਲਬਧ ਬਿਸਤਰਿਆਂ ਦੀ ਸਥਿਤੀ ਵੀ ਦਰਸਾਈ ਜਾ ਰਹੀ ਹੈ। ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਵੱਡਾ ਫਾਇਦਾ ਹੋਵੇਗਾ।
-ਬਾਕਸ-
-15 ਤੋਂ ਵੱਧ ਵਿਭਾਗ, 57 ਡਾਕਟਰਾਂ ਦੀ ਜਾਣਕਾਰੀ ਮਿਲੇਗੀ ਆਨਲਾਈਨ
ਮਰੀਜ਼ਾਂ ਦੀ ਸਹੂਲਤ ਲਈ ਵੈੱਬਸਾਈਟ ’ਤੇ ਹਸਪਤਾਲ ਨਾਲ ਜੁੜੀ ਹਰ ਅਹਿਮ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ, ਜਿੰਨ੍ਹਾਂ ਵਿਚ 15 ਤੋਂ ਵੱਧ ਵਿਭਾਗਾਂ ਦੀ ਓਪੀਡੀ ਸੇਵਾਵਾਂ, ਕਰੀਬ 57 ਮਾਹਿਰ ਡਾਕਟਰਾਂ ਦੀ ਤਾਇਨਾਤੀ, 230 ਬਿਸਤਰਿਆਂ ਦੀ ਉਪਲਬਧਤਾ, 55 ਕਿਸਮਾਂ ਦੇ ਮੁਫ਼ਤ ਲੈਬ ਟੈਸਟ, ਆਯੁਸ਼ਮਾਨ ਸਿਹਤ ਬੀਮਾ ਯੋਜਨਾ, ਐਂਬੂਲੈਂਸ ਸੇਵਾ ਅਤੇ ਹੋਰ ਸਹੂਲਤਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।
-ਬਾਕਸ-
ਇਨ੍ਹਾਂ ਵਿਭਾਗਾਂ ਵਿੱਚ ਮਿਲੇਗੀ ਆਨਲਾਈਨ ਓਪੀਡੀ ਸਹੂਲਤ
ਮੈਡੀਸਨ, ਆਰਥੋ, ਸਰਜਰੀ, ਨੇਤ੍ਰ ਰੋਗ, ਈਐਨਟੀ, ਗਾਇਨੀਕੋਲੋਜੀ, ਔਨਕੋਲੋਜੀ, ਫਿਜ਼ੀਓਥੈਰੇਪੀ, ਸਕਿਨ, ਸ਼ਿਸ਼ੁ ਰੋਗ, ਡੈਂਟਲ, ਸਾਇਕਾਇਟ੍ਰਿਕ, ਡਾਇਲਿਸਿਸ, ਚੈਸਟ ਐਂਡ ਟੀਬੀ ਅਤੇ ਹੋਮਿਓਪੈਥਿਕ ਵਿਭਾਗਾਂ ਦੀਆਂ ਓਪੀਡੀ ਸੇਵਾਵਾਂ ਆਨਲਾਈਨ ਸਿਸਟਮ ਨਾਲ ਜੋੜੀਆਂ ਗਈਆਂ ਹਨ। ਇਸ ਤੋਂ ਇਲਾਵਾ ਈਸੀਜੀ, ਮੈਮੋਗ੍ਰਾਫੀ, ਐਨਆਈਸੀਯੂ, ਦਵਾਈ ਵੰਡ ਅਤੇ ਵੱਖ-ਵੱਖ ਵਾਰਡਾਂ ਵਿੱਚ ਉਪਲਬਧ ਬਿਸਤਰਿਆਂ ਦੀ ਜਾਣਕਾਰੀ ਵੀ ਵੈੱਬਸਾਈਟ ’ਤੇ ਮੌਜੂਦ ਹੈ।
-ਬਾਕਸ-
-ਇਲਾਜ ਦੀ ਪ੍ਰੀਕ੍ਰਿਆ ਤੇਜ਼ ਹੋਣ ਦੇ ਨਾਲ-ਨਾਲ ਹੋਵੇਗੀ ਪਾਰਦਰਸ਼ੀ
ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਏਮਜ਼ ਦੀ ਤਰਜ਼ ’ਤੇ ਸ਼ੁਰੂ ਕੀਤੀ ਗਈ ਇਹ ਸਹੂਲਤ ਬਠਿੰਡਾ ਵਾਸੀਆਂ ਲਈ ਵੱਡੀ ਸੌਗਾਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਡਲ ਹੋਰ ਜ਼ਿਲ੍ਹਿਆਂ ਲਈ ਵੀ ਮਿਸਾਲ ਬਣੇਗਾ। ਆਨਲਾਈਨ ਸਿਸਟਮ ਨਾਲ ਹਸਪਤਾਲ ਵਿੱਚ ਭੀੜ ਘਟੇਗੀ ਅਤੇ ਡਾਕਟਰਾਂ ਨੂੰ ਮਰੀਜ਼ਾਂ ਦੇ ਇਲਾਜ ਲਈ ਹੋਰ ਵਧੇਰੇ ਸਮਾਂ ਮਿਲੇਗਾ। ਇਲਾਜ ਦੀ ਗੁਣਵੱਤਾ ਸੁਧਰੇਗੀ ਤੇ ਪੂਰੀ ਪ੍ਰਕਿਰਿਆ ਹੋਰ ਪਾਰਦਰਸ਼ੀ ਬਣੇਗੀ। ਹਸਪਤਾਲ ਪ੍ਰਸ਼ਾਸਨ ਅਨੁਸਾਰ ਇਸ ਡਿਜੀਟਲ ਪਹਿਲ ਨਾਲ ਸਰਕਾਰੀ ਸਿਹਤ ਸੇਵਾਵਾਂ ’ਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ।