ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ, ਮਿਲਣਗੀਆਂ ਸਿਹਤ ਸਹੂਲਤਾਂ
ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ, ਲੋਕਾਂ ਨੂੰ ਮਿਲਣਗੀਆਂ ਵਧੀਆ ਸਿਹਤ ਸਹੂਲਤਾਂ
Publish Date: Sat, 28 Mar 2026 05:37 PM (IST)
Updated Date: Sun, 29 Mar 2026 04:08 AM (IST)
-42 ਤਰ੍ਹਾਂ ਦੇ ਲੈਬ ਟੈਸਟ ਤੇ 107 ਤਰ੍ਹਾਂ ਦੀਆਂ ਦਵਾਈਆਂ ਮਿਲਣਗੀਆਂ ਮੁਫ਼ਤ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਦੇ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਯੁਸ਼ਮਾਨ ਆਰੋਗਿਆ ਕੇਂਦਰ ਦੀ ਸਥਾਪਨਾ ਲਗਾਤਾਰ ਜਾਰੀ ਹੈ। ਇਸ ਕੜੀ ਤਹਿਤ ਅੱਜ ਜਿਲ੍ਹਾ ਬਠਿੰਡਾ ਵਿੱਚ ਚਾਰ ਨਵੇਂ ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ਹਿਰੀ ਜਗਰੂਪ ਸਿੰਘ ਗਿੱਲ ਵੱਲੋਂ ਕਿਸ਼ੋਰੀ ਰਾਮ ਰੋਡ ਵਿਖੇ ਅਤੇ ਮੇਅਰ ਬਠਿੰਡਾ ਪਦਮਜੀਤ ਮਹਿਤਾ ਵੱਲੋਂ ਚਾਰ ਸੌ ਕਿੱਲਾ ਇਲਾਕੇ ਵਿਚ ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਇਲਾਵਾ ਮਲੂਕਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਐੱਸਐੱਮਓ ਭਗਤਾ ਡਾ. ਸੀਮਾ ਗੁਪਤਾ ਦੀ ਹਾਜ਼ਰੀ ਵਿਚ ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸੇ ਤਰ੍ਹਾਂ ਘੁੱਦਾ ਵਿਖੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਅਤੇ ਐੱਸਐੱਮਓ ਸੰਗਤ ਡਾ. ਪਾਮਿਲ ਵੱਲੋਂ ਵੀ ਆਯੁਸ਼ਮਾਨ ਆਰੋਗਿਆ ਕੇਂਦਰ ਉਦਘਾਟਨ ਕੀਤਾ ਗਿਆ। ਉਦਘਾਟਨ ਸਮੇਂ ਸੰਬੋਧਨ ਕਰਦੇ ਹੋਏ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਵਰਗ ਤੱਕ ਮੁਫ਼ਤ ਅਤੇ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਆਰੋਗਿਆ ਕੇਂਦਰ ਰਾਹੀਂ ਲੋਕਾਂ ਨੂੰ ਮੁਫ਼ਤ ਡਾਕਟਰੀ ਸਲਾਹ, ਟੈਸਟ ਅਤੇ ਦਵਾਈਆਂ ਉਪਲੱਬਧ ਕਰਵਾਈਆਂ ਜਾਣਗੀਆਂ।
ਮੇਅਰ ਮਹਿਤਾ ਨੇ ਕਿਹਾ ਕਿ ਇਹ ਕੇਂਦਰ ਨਾਲ ਚਾਰ ਸੌ ਕਿੱਲਾ ਵਿਚ ਤਕਰੀਬਨ 5000 ਤੋ ਵੱਧ ਲੇਬਰ ਨੂੰ ਫਾਇਦਾ ਮਿਲੇਗਾ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਤਰ੍ਹਾਂ ਦੀਆਂ ਸਹੂਲਤਾਂ ਹੋਰ ਵੀ ਵਧਾਈਆਂ ਜਾਣਗੀਆਂ। ਇਸ ਸਬੰਧੀ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੱਤੀ ਕਿ ਆਯੁਸ਼ਮਾਨ ਆਰੋਗਿਆ ਕੇਂਦਰ ਵਿੱਚ ਮਰੀਜ਼ਾਂ ਨੂੰ ਮੁਫ਼ਤ ਓਪੀਡੀ ਸੇਵਾਵਾਂ, 42 ਤਰ੍ਹਾਂ ਦੇ ਲੈਬ ਟੈਸਟ ਅਤੇ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾ ਵਿਚ ਮਾਹਿਰ ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ, ਤਾਂ ਜੋ ਲੋਕਾਂ ਨੂੰ ਉੱਚ ਦਰਜੇ ਦੀ ਸਿਹਤ ਸੇਵਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਜਿੰਦਰ ਸਿੰਘ ਗਿੱਲ, ਡਾਕਟਰ ਕਰਨ ਅਬਰੋਲ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਬੀਈਈ ਗਗਨਦੀਪ ਸਿੰਘ ਭੁੱਲਰ , ਪ੍ਰਧਾਨ ਗਰੋਥ ਸੈਂਟਰ ਰਾਮ ਪ੍ਰਕਾਸ਼ ਜਿੰਦਲ ਤੇ ਇਲਾਕਾ ਵਾਸੀਆਂ ਦੀ ਵੱਡੀ ਗਿਣਤੀ ਮੌਜੂਦ ਰਹੀ।