- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ੀਰਵਾਦ ਯੋਜਨਾ ਅਧੀਨ ਰੁਕੀ ਹੋਈ ਰਾਸ਼ੀ ਕੀਤੀ ਜਾਰੀ, ਕਈ ਪਰਿਵਾਰ ਅਜੇ ਵੀ ਸ਼ਗਨ ਸਕੀਮ ਦੀ ਉਡੀਕ ਵਿੱਚ

-ਖਬਰ ਦਾ ਅਸਰ
-ਪੰਜਾਬੀ ਜਾਗਰਣ ਨੇ ਖਬਰ ਪ੍ਰਕਾਸ਼ਿਤ ਕਰਕੇ ਚੁੱਕਿਆ ਸੀ ਮੁੱਦਾ, 1014 ਲਾਭਪਾਤਰੀਆਂ ਨੂੰ 5.17 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਦੇ ਵਿਆਹ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਸ਼ੀਰਵਾਦ (ਸ਼ਗਨ) ਯੋਜਨਾ ਸਬੰਧੀ ਪੰਜਾਬੀ ਜਾਗਰਣ ਟੀਮ ਵੱਲੋਂ ਚੁੱਕੇ ਮਾਮਲੇ ਦਾ ਅਸਰ ਹੁਣ ਨਜ਼ਰ ਆਉਣ ਲੱਗ ਪਿਆ ਹੈ। “ਜੁਲਾਈ 2025 ਤੋਂ ਬਾਅਦ ਲੋਕ ਸ਼ਗਨ ਸਕੀਮ ਤੋਂ ਵਾਂਝੇ, ਧੀਆਂ ਸਹੁਰੇ ਘਰ ਪੁੱਜੀਆਂ ਪਰ ਅਜੇ ਤਕ ਨਹੀਂ ਮਿਲਿਆ ਸਰਕਾਰੀ ਸ਼ਗਨ” ਸਿਰਲੇਖ ਹੇਠ 24 ਮਾਰਚ ਨੂੰ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ ਅਤੇ ਅਗਸਤ 2025 ਤੋਂ ਜਨਵਰੀ 2026 ਤਕ ਦੀ ਲੰਬਿਤ ਸ਼ਗਨ ਸਕੀਮ ਦੀ ਰਕਮ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਮੁਤਾਬਕ ਜ਼ਿਲ੍ਹੇ ਵਿੱਚ ਕੁੱਲ 1014 ਲਾਭਪਾਤਰੀਆਂ ਨੂੰ 5.17 ਕਰੋੜ ਰੁਪਏ ਤੋਂ ਵੱਧ ਦੀ ਰਕਮ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਇਸ ਵਿੱਚ ਅਨੁਸੂਚਿਤ ਜਾਤੀ ਦੇ 761 ਲਾਭਪਾਤਰੀਆਂ ਨੂੰ 3.88 ਕਰੋੜ ਰੁਪਏ ਅਤੇ ਪਿੱਛੜੇ ਵਰਗਾਂ ਅਤੇ ਹੋਰ ਸ੍ਰੇਣੀਆਂ ਦੇ 253 ਲਾਭਪਾਤਰੀਆਂ ਨੂੰ 1.29 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਇਹ ਰਕਮ ਜ਼ਿਲ੍ਹਾ ਖਜ਼ਾਨਾ ਦਫ਼ਤਰ ਰਾਹੀਂ ਲਾਭਪਾਤਰੀਆਂ ਦੇ ਸਿੱਧੀ ਖਾਤਿਆਂ ਵਿੱਚ ਭੇਜੀ ਗਈ ਹੈ, ਜਿਸ ਨਾਲ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਦੱਸਿਆ ਗਿਆ ਸੀ ਕਿ ਜੁਲਾਈ 2025 ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚ ਕਿਸੇ ਵੀ ਲਾਭਪਾਤਰੀ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲਿਆ ਸੀ। ਕਈ ਪਰਿਵਾਰਾਂ ਨੇ ਅਰਜ਼ੀਆਂ ਦੇਣ ਦੇ ਬਾਵਜੂਦ ਮਹੀਨਿਆਂ ਤਕ ਉਡੀਕ ਕੀਤੀ, ਜਦਕਿ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਵੀ ਹੋ ਚੁੱਕੇ ਸਨ। ਇਸ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਵਧ ਰਹੀ ਸੀ। ਹਾਲਾਂਕਿ ਹੁਣ ਪ੍ਰਸ਼ਾਸਨ ਵੱਲੋਂ ਰਕਮ ਜਾਰੀ ਕਰਨ ਨਾਲ ਕੁਝ ਪਰਿਵਾਰਾਂ ਨੂੰ ਰਾਹਤ ਮਿਲੀ ਹੈ, ਪਰ ਅਜੇ ਵੀ ਕਈ ਲਾਭਪਾਤਰੀ ਭੁਗਤਾਨ ਦੀ ਉਡੀਕ ਕਰ ਰਹੇ ਹਨ। ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਧਿਕਾਰੀ ਬਰਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਅਰਜ਼ੀਆਂ ਦੀ ਜਾਂਚ ਕਰਕੇ ਫਾਈਲਾਂ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ ਅਤੇ ਫੰਡ ਜਾਰੀ ਕਰਨਾ ਰਾਜ ਸਰਕਾਰ ਦੇ ਪੱਧਰ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਿਵੇਂ ਹੀ ਅਗਲੀ ਕਿਸ਼ਤ ਜਾਰੀ ਹੋਵੇਗੀ, ਬਾਕੀ ਲਾਭਪਾਤਰੀਆਂ ਨੂੰ ਵੀ ਰਕਮ ਮੁਹੱਈਆ ਕਰਵਾਈ ਜਾਵੇਗੀ। ਪੰਜਾਬੀ ਜਾਗਰਣ ਵੱਲੋਂ ਚੁੱਕੇ ਗਏ ਇਸ ਮਾਮਲੇ ਤੋਂ ਬਾਅਦ ਪ੍ਰਸ਼ਾਸਨਿਕ ਪੱਧਰ ‘ਤੇ ਕਾਰਵਾਈ ਸ਼ੁਰੂ ਹੋਣਾ ਇਹ ਦਰਸਾਉਂਦਾ ਹੈ ਕਿ ਜਨਹਿੱਤ ਨਾਲ ਜੁੜੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਨਾਲ ਬਦਲਾਅ ਸੰਭਵ ਹੈ। ਹਾਲਾਂਕਿ ਜਦ ਤਕ ਸਾਰੇ ਹੱਕਦਾਰ ਪਰਿਵਾਰਾਂ ਨੂੰ ਸਮੇਂ ‘ਤੇ ਮਦਦ ਨਹੀਂ ਮਿਲਦੀ, ਤਦ ਤੱਕ ਇਸ ਯੋਜਨਾ ਦੀ ਅਸਲ ਸਫਲਤਾ ਅਧੂਰੀ ਹੀ ਮੰਨੀ ਜਾਵੇਗੀ। ਅਜੇ ਵੀ ਬਹੁਤੇ ਸਾਰੀਆਂ ਵਿਆਹੁਤਾ ਕੁੜੀਆਂ ਤੇ ਪਰਿਵਾਰ ਹਨ ਜਿਹੜੇ ਸ਼ਗੁਨ ਸਕੀਮ ਦੀ ਉਡੀਕ ਕਰ ਰਹੇ ਹਨ।
ਬਾਕਸ
ਅਰਜ਼ੀ ਪ੍ਰਕਿਰਿਆ ਅਤੇ ਸ਼ਰਤਾਂ
ਇਸ ਯੋਜਨਾ ਦਾ ਲਾਭ ਲੈਣ ਲਈ, ਬਿਨੈਕਾਰਾਂ ਨੂੰ ਆਪਣੇ ਵਿਆਹ ਤੋਂ 30 ਦਿਨ ਪਹਿਲਾਂ ਜਾਂ ਦੋ ਮਹੀਨੇ ਬਾਅਦ ਅਰਜ਼ੀ ਦੇਣੀ ਹੁੰਦੀ ਹੈ। ਸਾਲਾਨਾ ਪਰਿਵਾਰਕ ਆਮਦਨ 32,790 ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਨੁਸੂਚਿਤ ਜਾਤੀਆਂ, ਪਿਛੜੇ ਵਰਗਾਂ, ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀਆਂ ਧੀਆਂ ਅਤੇ ਵਿਧਵਾ ਔਰਤਾਂ ਵੀ ਇਸ ਯੋਜਨਾ ਲਈ ਯੋਗ ਹਨ। ਸ਼ਗਨ ਯੋਜਨਾ ਦਾ ਲਾਭ ਲੈਣ ਲਈ, ਬਿਨੈਕਾਰਾਂ ਨੂੰ ਆਪਣੇ ਨਜ਼ਦੀਕੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਜਾਂ ਸੇਵਾ ਕੇਂਦਰ (ਸਹੂਲਤ ਕੇਂਦਰ) 'ਤੇ ਅਰਜ਼ੀ ਦੇਣੀ ਚਾਹੀਦੀ ਹੈ। ਕਈ ਥਾਵਾਂ 'ਤੇ, ਇਹ ਪ੍ਰਕਿਰਿਆ ਆਨਲਾਈਨ ਪੋਰਟਲ ਰਾਹੀਂ ਵੀ ਉਪਲਬਧ ਹੈ। ਅਰਜ਼ੀਆਂ ਵਿਆਹ ਤੋਂ ਪਹਿਲਾਂ ਜਾਂ ਥੋੜ੍ਹੀ ਦੇਰ ਬਾਅਦ, ਇਕ ਨਿਸ਼ਚਿਤ ਸਮੇਂ ਦੇ ਅੰਦਰ ਦਿੱਤੀਆਂ ਜਾ ਸਕਦੀਆਂ ਹਨ, ਜਿਸ ਤੋਂ ਬਾਅਦ ਸਰਕਾਰ ਵਿਆਹ ਵਾਲੀ ਕੁੜੀ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਸ਼ਗਨ ਦੇ ਰੂਪ ਵਿਚ ਦਿੰਦੀ ਹੈ।
----------
ਲੋੜੀਂਦੇ ਦਸਤਾਵੇਜ਼
-- ਬਿਨੈਕਾਰ ਦਾ ਆਧਾਰ ਕਾਰਡ
-- ਧੀ ਦਾ ਜਨਮ ਸਰਟੀਫਿਕੇਟ
-- ਪਰਿਵਾਰਕ ਆਮਦਨ ਸਰਟੀਫਿਕੇਟ
-- ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ)
-- ਵਿਆਹ ਦਾ ਸਬੂਤ (ਜਿਵੇਂ ਕਿ, ਵਿਆਹ ਸਰਟੀਫਿਕੇਟ ਜਾਂ ਗੁਰੂਦੁਆਰਾ/ਮੰਦਰ ਤੋਂ ਸਰਟੀਫਿਕੇਟ)
-- ਬੈਂਕ ਖਾਤੇ ਦੀ ਜਾਣਕਾਰੀ (ਪਾਸਬੁੱਕ ਦੀ ਕਾਪੀ)
-- ਰਿਹਾਇਸ਼ ਸਰਟੀਫਿਕੇਟ
-- ਪਾਸਪੋਰਟ ਸਾਈਜ਼ ਫੋਟੋ