- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
99 ਫ਼ੀਸਦੀ ਅੰਕ ਲੈ ਕੇ ਝੁੱਗੀ ਵਿੱਚ ਰਹਿਣ ਵਾਲਾ ਗੋਲੂ ਬਣਿਆ ਟਾਪਰ

-ਪੀਐੱਈਬੀ ਮੈਰਿਟ ’ਚ ਆਉਣ ਵਾਲੇ 15 ਵਿਦਿਆਰਥੀਆਂ ’ਚੋਂ 11 ਕੁੜੀਆਂ ਰਹੀਆਂ ਅੱਵਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਬਠਿੰਡਾ ਜ਼ਿਲ੍ਹੇ ਦਾ ਕੁੱਲ ਨਤੀਜਾ 94.99 ਫੀਸਦੀ ਦਰਜ ਕੀਤਾ ਗਿਆ ਹੈ। ਹਾਲਾਂਕਿ ਸੂਬੇ ਪੱਧਰ ਦੀ ਮੈਰਿਟ ਵਿੱਚ ਜ਼ਿਲ੍ਹਾ ਪਿਛੜ ਕੇ 20ਵੇਂ ਸਥਾਨ ’ਤੇ ਆ ਗਿਆ ਹੈ, ਪਰ ਕਈ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ। ਇਸ ਨਤੀਜੇ ’ਚ ਸਭ ਤੋਂ ਵੱਡੀ ਕਾਮਯਾਬੀ ਗੋਲੂ ਨਾਮਕ ਵਿਦਿਆਰਥੀ ਨੇ ਹਾਸਲ ਕੀਤੀ ਹੈ, ਜਿਹੜਾ ਝੁੱਗੀ ਝੌਂਪੜੀ ਵਿੱਚ ਰਹਿੰਦਾ ਹੈ। ਗੋਲੂ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਟਾਪਰ ਬਣਨ ਦਾ ਮਾਣ ਹਾਸਲ ਕੀਤਾ।
ਉਸਦੀ ਇਹ ਉਪਲੱਬਧੀ ਸਿਰਫ਼ ਉਸਦੇ ਪਰਿਵਾਰ ਲਈ ਹੀ ਨਹੀਂ, ਸਗੋਂ ਸਮੂਹ ਸਮਾਜ ਲਈ ਵੀ ਮਾਣ ਵਾਲੀ ਗੱਲ ਹੈ। ਮੈਰਿਟ ਸੂਚੀ ਵਿਚ ਬਠਿੰਡਾ ਜ਼ਿਲ੍ਹੇ ਦੇ ਕੁੱਲ 15 ਵਿਦਿਆਰਥੀਆਂ ਨੇ ਆਪਣੀ ਥਾਂ ਬਣਾਈ ਹੈ, ਜਿਨ੍ਹਾਂ ਵਿੱਚੋਂ 11 ਲੜਕੀਆਂ ਅਤੇ 4 ਲੜਕੇ ਹਨ। ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ 12 ਹਜ਼ਾਰ 272 ਬੱਚਿਆਂ ਵਿੱਚੋਂ 11 ਹਜ਼ਾਰ 657 ਬੱਚੇ ਪਾਸ ਹੋਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਵਾਰ ਵੀ ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਨਾਲੋਂ ਬਿਹਤਰ ਰਿਹਾ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਕਾਮਯਾਬੀ ਦੇ ਪਿੱਛੇ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਜ਼ਿਲ੍ਹਾ ਮੈਰਿਟ ਵਿੱਚ ਹੋਰ ਬਿਹਤਰ ਪ੍ਰਦਰਸ਼ਨ ਕਰੇਗਾ। ਅੱਪੂ ਸੋਸਾਇਟੀ ਦੇ ਸੰਚਾਲਕ ਕੇਵਲ ਕ੍ਰਿਸ਼ਨ ਦਾ ਕਹਿਣਾ ਸੀ ਕਿ ਬਹੁਤ ਖੁਸ਼ੀ ਹੋਈ ਜਦੋਂ ਉਨ੍ਹਾਂ ਕੋਲ ਪੜ੍ਹਨ ਵਾਲਾ ਗਰੀਬ ਝੁੱਗੀ ਝੌਂਪੜੀ ਵਾਲ ਬੱਚੇ ਗੋਲੂ ਨੇ ਟਾਪ ਕੀਤਾ ਹੈ।
ਮੈਰਿਟ ਸੂਚੀ ਵਿੱਚ ਜ਼ਿਲ੍ਹੇ ਦੇ 15 ਬੱਚਿਆਂ ਨੇ ਆਪਣਾ ਸਥਾਨ ਬਣਾਇਆ। ਇਨ੍ਹਾਂ ਵਿੱਚ ਗੋਲੂ ਪੁੱਤਰ ਘੱਨਈਆ ਸਰਕਾਰੀ ਮਿਡਲ ਸਕੂਲ ਕੋਠੇ ਅਮਰਪੁਰਾ 99.17 ਫੀਸਦੀ, ਪੰਜਵਾਂ ਰੈਂਕ (595 ਅੰਕ) ਨਾਲ ਅੱਗੇ ਰਿਹਾ। ਸਵਾ ਨੂਰਪੁਰੀ ਪੁੱਤਰ ਆਸਿਫ ਖਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ 7ਵੇਂ ਸਥਾਨ, ਅੰਕ 98.83 ਫੀਸਦੀ (593) ਨਾਲ ਰਹੇ। ਲਛਿਤਾ ਪੁੱਤਰੀ ਕੇਵਲ ਕ੍ਰਿਸ਼ਨ ਗਰਲਜ਼ ਹਾਈ ਸਕੂਲ ਭੁੱਚੋ ਮੰਡੀ ਨੇ 98.50 ਫੀਸਦੀ, 96ਵਾਂ ਰੈਂਕ (591 ਅੰਕ) ਹਾਸਲ ਕੀਤੇ। ਰਵਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ ਖਾਲਸਾ ਸੀਨੀਅਰ ਸਕੂਲ ਤਲਵੰਡੀ ਸਾਬੋ ਨੇ ਵੀ 98.50 ਫ਼ੀਸਦੀ, 9ਵਾਂ ਰੈਂਕ (591 ਅੰਕ) ਨਾਲ ਆਪਣਾ ਨਾਮ ਮੈਰਿਟ ਸੂਚੀ ’ਚ ਦਰਜ ਕਰਵਾਇਆ। ਜਸਮੀਤ ਕੌਰ ਪੁੱਤਰੀ ਭੀਮ ਸਿੰਘ ਸਰਕਾਰੀ ਗਰਲਜ਼ ਸਕੂਲ ਫੁਲ ਟਾਊਨ ਨੇ 98.33 ਫੀਸਦੀ, 10ਵਾਂ ਰੈਂਕ (590 ਅੰਕ) ਪ੍ਰਾਪਤ ਕੀਤੇ। ਅਰਸ਼ ਗੋਇਲ ਪੁੱਤਰ ਸੰਜੀਵ ਕੁਮਾਰ ਸੈਂਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ ਨੇ 98.17 ਫੀਸਦੀ, 11 ਰੈਂਕ (589 ਅੰਕ) ਨਾਲ ਮੈਰਿਟ ਵਿੱਚ ਥਾਂ ਬਣਾਈ। ਕਮਲਜੀਤ ਕੌਰ ਪੁੱਤਰੀ ਜਗਜੀਤ ਸਿੰਘ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲ 98 ਫੀਸਦੀ 12ਵਾਂ ਰੈਂਕ 588 ਨੰਬਰ, ਭਵਨੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਖਾਲਸਾ ਸੀਨੀਅਰ ਸੈਕਡਰੀ ਸਕੂਲ ਤਲਵੰਡੀ ਸਾਬੋ 12 ਰੈਂਕ 98 ਫੀਸਦੀ 588 ਅੰਕ, ਸਹਜਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ 13ਵਾਂ ਰੈਂਕ 97.83 ਫੀਸਦੀ 587 ਅੰਕ, ਜਸ਼ਨਦੀਪ ਕੌਰ ਪੁਤਰੀ ਗੁਰਸੇਵਕ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ 14ਵਾਂ ਰੈਂਕ 97.67 ਫੀਸਦੀ 586 ਅੰਕ, ਕਿਰਨਜੀਤ ਕੌਰ ਪੁੱਤਰੀ ਜਗਵਿੰਦਰ ਸਿੰਘ ਦਸ਼ਮੇਸ਼ ਪਿਤਾ ਪਬਲਿਕ ਹਾਈ ਸਕੂਲ ਝੁੰਬਾ 15ਵਾਂ ਰੈਂਕ 97.50 ਫੀਸਦੀ 585 ਅੰਕ ਤੇ ਹਰਮਨਦੀਪ ਕੌਰ ਪੁੱਤਰੀ ਗੁਰਦੀਪ ਸਿੰਘ ਸੈਕਰਡ ਹਾਰਟ ਕਾਨਵੈਂਟ ਸਕੂਲ ਸੰਗਤ ਮੰਡੀ 15ਵਾਂ ਰੈਂਕ 95.50 ਫੀਸਦੀ 585 ਅੰਕ ਹਾਸਲ ਕੀਤੇ ਹਨ। ਕੁਲਜੀਤ ਕੌਰ ਪੁੱਤਰੀ ਕੁਲਵੰਤ ਸਿੰਘ ਖਾਲਸਾ ਗਰਲਜ ਸਕੂਲ ਤਲਵੰਡੀ ਸਾਬੋ 15 ਰੈਂਕ 97.50 ਫੀਸਦੀ,585 ਅੰਕ, ਧਰੁੱਵ ਪੁੱਤਰ ਜਤਿੰਦਰ ਕੁਮਾਰ ਡੀਏਵੀ ਪਬਲਿਕ ਹਾਈ ਸਕੂਲ ਮੌੜ ਮੰਡੀ 16ਵਾਂ ਰੈਂਕ 97.33, 584 ਅੰਕ ਅ ਤੇ ਆਰੀਅਨ ਸਿੰਘ ਪੁੱਤਰ ਗੁਰਦੀਪ ਸਿੰਘ ਐਮਐਸਡੀ ਪਬਲਿਕ ਸਕੂਲ ਮੌੜ ਮੰਡੀ 16ਵਾਂ ਰੈਂਕ 97.33 ਫੀਸਦੀ 584 ਅੰਕ ਹਾਸਲ ਕੀਤੇ ਹਨ।
-ਬਾਕਸ-
-ਗੋਲੂ ਦਾ ਪਿਤਾ ਚਲਾਉਂਦਾ ਹੈ ਰਿਕਸ਼ਾ, ਪਿਛਲੇ ਸਾਲ ਭੈਣ ਨੇ ਦਸਵੀਂ ’ਚੋਂ ਕੀਤਾ ਟਾਪ, ਡਾਕਟਰ ਬਣਨਾ ਚਾਹੁੰਦਾ ਹੈ ਗੋਲੂ
ਗੋਲੂ ਦੇ ਪਿਤਾ ਰਿਕਸ਼ਾ ਚਲਾਉਂਦੇ ਹਨ, ਜਦਕਿ ਮਾਤਾ ਕੇਵਲ ਪੰਜਵੀਂ ਜਮਾਤ ਤਕ ਪੜ੍ਹੀ ਹੋਈ ਹੈ। ਘਰੇਲੂ ਹਾਲਾਤ ਕਾਫੀ ਕਮਜ਼ੋਰ ਹੋਣ ਦੇ ਬਾਵਜੂਦ ਮਾਪਿਆਂ ਨੇ ਬੱਚਿਆਂ ਦੀ ਸਿੱਖਿਆ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ। ਗੋਲੂ ਨੇ ਆਪਣੀ ਮੁੱਢਲੀ ਸਿੱਖਿਆ ਇਕ ਸਮਾਜ ਸੇਵੀ ਸੰਸਥਾ ਅੱਪੂ ਸੋਸਾਇਟੀ ਵੱਲੋ ਚਲਾਏ ਜਾਣ ਵਾਲੇ ਈਵਨਿੰਗ ਸਕੂਲ ਵਿਚ ਪ੍ਰਾਪਤ ਕੀਤੀ, ਜਿੱਥੇ ਉਸਨੇ ਅੱਖਰ-ਗਿਆਨ ਹਾਸਲ ਕੀਤਾ ਤੇ ਪੜ੍ਹਾਈ ਪ੍ਰਤੀ ਰੁਚੀ ਵਿਕਸਿਤ ਕੀਤੀ। ਗੋਲੂ ਦੀ ਇਸ ਉਪਲਬਧੀ ‘ਤੇ ਸੰਸਥਾ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਹੋਸ਼ਿਆਰ ਅਤੇ ਮਿਹਨਤੀ ਵਿਦਿਆਰਥੀ ਰਿਹਾ ਹੈ। ਉਸਦੀ ਲਗਨ ਅਤੇ ਨਿਰੰਤਰ ਮਿਹਨਤ ਨੇ ਹੀ ਉਸਨੂੰ ਇਹ ਮੁਕਾਮ ਦਿਵਾਇਆ ਹੈ। ਬੱਚੇ ਦੀ ਮਾਤਾ ਪਿੰਕੀ ਨੇ ਭਾਵੁਕ ਹੋ ਕੇ ਦੱਸਿਆ ਕਿ ਘਰੇਲੂ ਮੁਸ਼ਕਲਾਂ ਦੇ ਬਾਵਜੂਦ ਉਸਨੇ ਕਦੇ ਹਿੰਮਤ ਨਹੀਂ ਹਾਰੀ। ਉਸਨੇ ਦਿਨ-ਰਾਤ ਮਹਨਤ ਕਰਕੇ ਆਪਣੇ ਸੁਪਨੇ ਨੂੰ ਸਾਕਾਰ ਕੀਤਾ। ਪਰਿਵਾਰ ਨੂੰ ਉਸ ‘ਤੇ ਮਾਣ ਹੈ ਅਤੇ ਉਹ ਚਾਹੁੰਦੇ ਹਨ ਕਿ ਉਹ ਅੱਗੇ ਵੀ ਇੰਝ ਹੀ ਉੱਚੀਆਂ ਉਡਾਰੀਆਂ ਭਰੇ। ਗੋਲੂ ਦਾ ਕਹਿਣਾ ਸੀ ਕਿ ਉਹ ਡਾਕਟਰ ਬਣਨਾ ਚਾਹੁੰਦਾ ਹੈ। ਉਸਦੀ ਭੈਣ ਕਿਰਨ ਨੇ ਪਿਛਲੇ ਸਾਲ ਦਸਵੀਂ ਵਿੱਚੋਂ ਜ਼ਿਲ੍ਹੇ ਵਿੱਚੋਂ ਪਹਿਲਾ ਤੇ ਪੰਜਾਬ ਵਿੱਚੋਂ 17ਵਾਂ ਰੈਂਕ ਹਾਸਲ ਕੀਤਾ ਸੀ।