ਸ਼ਨਾਖ਼ਤ ਨਾ ਹੋਣ ’ਤੇ ਲਾਵਾਰਿਸ ਔਰਤ ਦਾ ਕੀਤਾ ਸਸਕਾਰ
ਲਵਾਰਿਸ ਔਰਤ ਦੀ ਲਾਸ਼ ਦਾ ਧਾਰਮਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ
Publish Date: Fri, 03 Apr 2026 05:29 PM (IST)
Updated Date: Sat, 04 Apr 2026 04:05 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਨੇੜੇ ਪਿੰਡ ਲਹਿਰਾ ਮਹੁੱਬਤ ਵਿਖੇ ਸਥਿਤ ਥਰਮਲ ਪਲਾਂਟ ਦੇ ਸੂਏ ਵਿਚੋਂ ਮਿਲੀ ਇਕ ਅਣਪਛਾਤੀ ਔਰਤ ਦੀ ਲਾਸ਼ ਦਾ ਅੱਜ ਧਾਰਮਿਕ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਪੁਲਿਸ ਚੌਕੀ ਭੁੱਚੋ ਮੰਡੀ ਵੱਲੋਂ ਸੂਚਨਾ ਮਿਲਣ ‘ਤੇ ਸਹਾਰਾ ਸੰਸਥਾ ਦੀ ਟੀਮ ਤੁਰੰਤ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੀ। ਉਥੇ ਪਹਿਲਾਂ ਹੀ ਪੁਲਿਸ ਮੁਲਾਜ਼ਮ ਮੌਜੂਦ ਸਨ। ਸਹਾਰਾ ਵਰਕਰਾਂ ਨੇ ਪੁਲਿਸ ਦੀ ਮੌਜੂਦਗੀ ਵਿੱਚ ਸੂਏ ਵਿੱਚ ਫਸੀ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਲਗਭਗ ਦੋ ਦਿਨ ਪੁਰਾਣੀ ਲੱਗ ਰਹੀ ਸੀ ਅਤੇ ਮੌਕੇ ਤੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਮ੍ਰਿਤਕ ਔਰਤ ਦੀ ਉਮਰ ਤਕਰੀਬਨ 35 ਤੋਂ 40 ਸਾਲ, ਕੱਦ ਲਗਭਗ 5 ਫੁੱਟ ਸੀ। ਉਸ ਨੇ ਫਿੱਕੇ ਪੀਲੇ ਰੰਗ ਦਾ ਸਲਵਾਰ ਸੂਟ ਪਹਿਨਿਆ ਹੋਇਆ ਸੀ। ਦੋਵੇਂ ਪੈਰਾਂ ’ਚ ਝਾਂਜਰਾਂ, ਖੱਬੇ ਹੱਥ ਦੀਆਂ ਉਂਗਲਾਂ ਵਿੱਚ ਦੋ ਮੁੰਦਰੀਆਂ, ਨੱਕ ਵਿੱਚ ਵਾਲੀ ਅਤੇ ਵਾਲਾਂ ’ਚ ਰਬੜ ਬੈਂਡ ਸੀ। ਇਸ ਤੋਂ ਇਲਾਵਾ ਖੱਬੀ ਕਲਾਈ ‘ਤੇ ਅੰਗਰੇਜ਼ੀ ਵਿੱਚ ਵਿੱਕੀ ਲਿਖਿਆ ਹੋਇਆ ਸੀ। ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਤਕ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ਵਿੱਚ ਰੱਖਿਆ ਗਿਆ, ਪਰ ਇਸ ਦੌਰਾਨ ਕੋਈ ਵੀ ਪਛਾਣ ਨਹੀਂ ਹੋ ਸਕੀ। ਇਸ ਤੋਂ ਬਾਅਦ ਪੁਲਿਸ ਚੌਕੀ ਭੁੱਚੋ ਮੰਡੀ ਵੱਲੋਂ ਕਾਨੂੰਨੀ ਕਾਰਵਾਈ ਪੂਰੀ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਸਹਾਰਾ ਸੰਸਥਾ ਨੂੰ ਸੌਂਪ ਦਿੱਤੀ ਗਈ। ਸਹਾਰਾ ਸਮਾਜ ਸੇਵਾ ਵੱਲੋਂ ਫੂਲ ਰੋਡ ‘ਤੇ ਸਥਿਤ ਰਾਮਬਾਗ ’ਚ ਮ੍ਰਿਤਕ ਔਰਤ ਦਾ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਸਸਕਾਰ ਕੀਤਾ ਗਿਆ। ਇਸ ਮੌਕੇ ਵਾਈਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਕੇਵਲ ਸਿੰਘ, ਸੁਖਚੈਨ ਸਿੰਘ ਸੁੱਖਾ, ਗੁਰਤੇਜ ਸਿੰਘ ਕਾਲਾ ਤੇ ਸਰਜੀਵਨ ਸਿੰਘ ਸਮੇਤ ਹੋਰ ਹਾਜ਼ਰ ਸਨ।