- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 14 ਵਿਅਕਤੀ ਗ੍ਰਿਫ਼ਤਾਰ

-43.83 ਗ੍ਰਾਮ ਹੈਰੋਇਨ, 1 ਕਿੱਲੋ 95 ਗ੍ਰਾਮ ਅਫੀਮ ਕੀਤੀ ਬਰਾਮਦ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 14 ਵਿਅਕਤੀਆਂ ਨੂੰ ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜ੍ਹੇ ਗਏ ਇਨ੍ਹਾਂ ਮੁਲਜ਼ਮਾਂ ਕੋਲੋਂ 43.83 ਗ੍ਰਾਮ ਹੈਰੋਇਨ ਅਤੇ 1 ਕਿੱਲੋ 95 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਮਾ ਮੰਡੀ ਦੇ ਸਬ ਇੰਸਪੈਕਟਰ ਮੋਹਨ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਪਿੰਡ ਮੱਲਵਾਲਾ ਵਿਖੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ 95 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜਮ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਸ ਦੀ ਪਛਾਣ ਫਕੀਰ ਸਿੰਘ ਵਾਸੀ ਪਿੰਡ ਰਾਮਾਂ ਮੰਡੀ ਵਜੋਂ ਹੋਈ ਹੈ। ਥਾਣਾ ਥਰਮਲ ਦੀ ਪੁਲਿਸ ਨੇ ਲੇਕ ਵਿਊ ਗੈਸਟ ਹਾਊਸ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਸ ਦੀ ਪਛਾਣ ਬੂਟਾ ਸਿੰਘ ਵਾਸੀ ਪਿੰਡ ਕੋਟਸ਼ਮੀਰ ਵਜੋਂ ਹੋਈ ਹੈ। ਥਾਣਾ ਕੈਂਟ ਬਠਿੰਡਾ ਦੀ ਪੁਲਿਸ ਨੇ ਰਿੰਗ ਰੋਡ ’ਤੇ ਵੈਸ਼ਨੂੰ ਦੇਵੀ ਮੰਦਰ ਨੇੜੇ ਪੈਦਲ ਆ ਰਹੇ ਇਕ ਸ਼ੱਕੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 4.22 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਪਾਰਟੀ ਨੇ ਮੁਲਜ਼ਮ ਮੌਕੇ ’ਤੇ ਹੀ ਫੜ ਲਿਆ, ਜਿਸ ਦੀ ਪਛਾਣ ਦੀਪਕ ਕੁਮਾਰ ਵਾਸੀ ਭੁੱਚੋ ਮੰਡੀ ਵਜੋਂ ਹੋਈ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਵੀ 2 ਵਿਅਕਤੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਰਮਨਦੀਪ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਨਰੂਆਣਾ ਰੋਡ ’ਤੇ ਛਾਪੇਮਾਰੀ ਕਰਦਿਆਂ ਜਸਵਿੰਦਰ ਕੌਰ ਵਾਸੀ ਬੀੜ ਤਲਾਬ ਨੂੰ 6.1 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਪਿੰਡ ਜੀਦਾ ਵਿਚ ਗੁਪਤ ਸੂਚਨਾ ਮਿਲਣ ’ਤੇ ਛਾਪਾਮਾਰੀ ਕਰਦਿਆਂ ਸਤਪਾਲ ਸਿੰਘ ਨੂੰ 5.20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਨਥਾਣਾ ਦੀ ਪੁਲਿਸ ਨੇ ਪਿੰਡ ਲਹਿਰਾ ਬੇਗਾ ਵਿਚ ਛਾਪੇਮਾਰੀ ਕਰਦਿਆਂ ਲਵਪ੍ਰੀਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ 1.90 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ ਜਦੋਂਕਿ ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਪਿੰਡ ਸਿਰੀਏਵਾਲਾ ਵਿਚ ਛਾਪੇਮਾਰੀ ਕਰਦਿਆਂ ਰਜਿੰਦਰ ਸਿੰਘ ਅਤੇ ਸੋਨੂੰ ਸਿੰਘ ਵਾਸੀ ਦਿਆਲਪੁਰਾ ਭਾਈਕਾ ਨੂੰ 7.40 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਪਿੰਡ ਚਾਉਕੇ ਵਿਚ ਛਾਪੇਮਾਰੀ ਕਰਦਿਆਂ ਪੱਪੂ ਸਿੰਘ ਵਾਸੀ ਖੋਖਰ ਨੂੰ 2 ਗ੍ਰਾਮ ਹੈਰੋਇਨ ਸਮੇਤ ਫੜਿਆ ਹੋਇਆ। ਇਸ ਤਰ੍ਹਾਂ ਹੀ ਪਿੰਡ ਕੋਟਫੱਤਾ ਵਿਚ ਛਾਪੇਮਾਰੀ ਕਰਦਿਆਂ ਪੁਲਿਸ ਨੇ ਲਾਭਪ੍ਰੀਤ ਸਿੰਘ ਵਾਸੀ ਧੰਨ ਸਿੰਘ ਖਾਨਾ ਨੂੰ 40 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ।। ਥਾਣਾ ਰਾਮਾਂ ਮੰਡੀ ਦੀ ਪੁਲਿਸ ਨੇ ਰਿਫਾਇਨਰੀ ਨੇੜੇ ਇਕ ਸ਼ੱਕੀ ਕਾਰ ਐਚਆਰ 26 ਸੀਵਾਈ 9829 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਕਾਰ ਸਵਾਰਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਜਿਨ੍ਹਾਂ ਦੀ ਪਛਾਣ ਕੇਸਰ ਸਿੰਘ ਵਾਸੀ ਪਿੰਡ ਮਲਕਪੁਰ ਖਿਆਲਾ ਜ਼ਿਲ੍ਹਾ ਮਾਨਸਾ, ਜਗਸੀਰ ਸਿੰਘ ਵਾਸੀ ਨਾਰੰਗ ਸਿਰਸਾ ਅਤੇ ਹਰਜੋਤ ਸਿੰਘ ਵਾਸੀ ਖਿਆਲੀ ਕਲਾਂ ਵਜੋਂ ਹੋਈ ਹੈ। ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਗੁਰਮੀਤ ਕੌਰ ਵਾਸੀ ਪਿੰਡ ਮੱਲਵਾਲਾ ਨੂੰ 8 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਫੜ੍ਹੇ ਗਏ ਇਨ੍ਹਾਂ ਮੁਲਜ਼ਮਾਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।