- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਬ ਧਮਾਕਿਆਂ ਨਾਲ ਜੁੜੇ ਅਧਿਕਾਰੀਆਂ ਤੇ ਨੇਤਾਵਾਂ ਦੇ ਨਾਮ ਜਨਤਕ ਕਰੇ ਬੀਬੀ ਭੱਠਲ: ਜਤਿੰਦਰ ਭੱਲਾ

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਬਿਆਨਾਂ ’ਤੇ ਸਖ਼ਤ ਪ੍ਰਤੀਕਿਰਿਆ ਜਤਾਈ ਹੈ। ਜੇ ਬੀਬੀ ਭੱਠਲ ਕੋਲ ਪੰਜਾਬ ’ਚ ਹੋਏ ਬੰਬ ਧਮਾਕਿਆਂ ਨਾਲ ਸਬੰਧਤ ਜਾਣਕਾਰੀ ਮੌਜੂਦ ਹੈ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਤੇ ਨੇਤਾਵਾਂ ਦੇ ਨਾਂ ਜਨਤਕ ਕਰਨ, ਜੋ ਇਨ੍ਹਾਂ ਘਟਨਾਵਾਂ ਨਾਲ ਜੁੜੇ ਰਹੇ ਹਨ। ਜਤਿੰਦਰ ਭੱਲਾ ਨੇ ਕਿਹਾ ਕਿ ਇਹ ਮਾਮਲਾ ਗੰਭੀਰ ਹੈ ਤੇ ਇਸ ‘ਤੇ ਸਿਆਸੀ ਬਿਆਨਬਾਜ਼ੀ ਦੀ ਥਾਂ ਸੱਚ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੈ। ਬੀਬੀ ਭੱਠਲ ਦੇ ਬਿਆਨਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਨੇ ਸੱਤਾ ਹਾਸਲ ਕਰਨ ਲਈ ਪੰਜਾਬ ਨੂੰ ਹਿੰਸਾ ਦੇ ਰਾਹ ‘ਤੇ ਧੱਕਿਆ। ਜਤਿੰਦਰ ਭੱਲਾ ਨੇ ਦੋਸ਼ ਲਾਇਆ ਕਿ ਪੰਜਾਬ ’ਚ ਸਰਕਾਰਾਂ ਬਣਾਉਣ ਲਈ ਇਨ੍ਹਾਂ ਪਾਰਟੀਆਂ ਵੱਲੋਂ ਬਹੁਤ ਹੀ ਘਿਨੌਣੇ ਅਪਰਾਧ ਕੀਤੇ ਗਏ, ਜਿਸਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ। ਪੰਜਾਬ ਨੇ ਦਹਾਕਿਆਂ ਤੱਕ ਹਿੰਸਾ ਤੇ ਅਸਥਿਰਤਾ ਦਾ ਦਰਦ ਸਹਿਆ ਹੈ ਅਤੇ ਇਸ ਦੇ ਪਿੱਛੇ ਕੌਣ-ਕੌਣ ਜ਼ਿੰਮੇਵਾਰ ਸੀ, ਇਹ ਗੱਲ ਹੁਣ ਜਨਤਾ ਸਾਹਮਣੇ ਆਉਣੀ ਚਾਹੀਦੀ ਹੈ। ਜਤਿੰਦਰ ਭੱਲਾ ਨੇ ਅੱਗੇ ਕਿਹਾ ਕਿ ਬੀਬੀ ਭੱਠਲ ਦੇ ਤਾਜ਼ਾ ਬਿਆਨ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਪੰਜਾਬ ਵਿੱਚ ਹੋਏ ਬੰਬ ਧਮਾਕੇ ਅਤੇ ਦਰਬਾਰ ਸਾਹਿਬ ‘ਤੇ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਹਮਲਾ ਇਕ ਯੋਜਨਾਬੱਧ ਸਿਆਸੀ ਸਾਜ਼ਿਸ਼ ਦਾ ਹਿੱਸਾ ਸਨ। ਇਹ ਸਾਰੀਆਂ ਘਟਨਾਵਾਂ ਵੋਟਾਂ ਦੀ ਰਾਜਨੀਤੀ ਲਈ ਕੀਤੀਆਂ ਗਈਆਂ, ਤਾਂ ਜੋ ਡਰ ਅਤੇ ਅਸਥਿਰਤਾ ਦਾ ਮਾਹੌਲ ਬਣਾਕੇ ਸੱਤਾ ਹਾਸਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਇਹ ਗੱਲਾਂ ਸੱਚ ਹਨ ਤਾਂ ਇਹ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਹੈ। ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੱਚ ਜਾਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਅਤੇ ਸ਼ਹੀਦ ਪਰਿਵਾਰਾਂ ਨਾਲ ਇਨਸਾਫ਼ ਤਦ ਹੀ ਹੋ ਸਕਦਾ ਹੈ, ਜਦੋਂ ਪੁਰਾਣੀਆਂ ਘਟਨਾਵਾਂ ਤੋਂ ਪਰਦਾ ਉਠੇਗਾ। ਉਨ੍ਹਾਂ ਦੁਹਰਾਇਆ ਕਿ ਜੇ ਬੀਬੀ ਭੱਠਲ ਨੇ ਖੁਦ ਇਨ੍ਹਾਂ ਮਾਮਲਿਆਂ ਬਾਰੇ ਬਿਆਨ ਦਿੱਤਾ ਹੈ ਤਾਂ ਉਨ੍ਹਾਂ ਨੂੰ ਪੂਰੀ ਜਾਣਕਾਰੀ ਜਨਤਕ ਕਰਨੀ ਚਾਹੀਦੀ ਹੈ, ਨਾ ਕਿ ਅਧੂਰੇ ਇਸ਼ਾਰੇ ਕਰਕੇ ਮਾਮਲੇ ਨੂੰ ਹੋਰ ਉਲਝਾਇਆ ਜਾਵੇ। ਜਤਿੰਦਰ ਭੱਲਾ ਨੇ ਕਿਹਾ ਕਿ ‘ਆਪ’ ਹਮੇਸ਼ਾ ਸੱਚ ਅਤੇ ਪਾਰਦਰਸ਼ਤਾ ਦੇ ਪੱਖ ਵਿਚ ਰਹੀ ਹੈ। ਮੌਜੂਦਾ ਸਰਕਾਰ ਦਾ ਮਕਸਦ ਪੰਜਾਬ ਨੂੰ ਹਿੰਸਾ ਅਤੇ ਭ੍ਰਿਸ਼ਟਾਚਾਰ ਦੀ ਰਾਜਨੀਤੀ ਤੋਂ ਬਚਾਉਣਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸਾਲਾਂ ਤਕ ਪੰਜਾਬ ਨੂੰ ਸਿਰਫ਼ ਆਪਣੀ ਸਿਆਸੀ ਰੋਟੀ ਸੇਕਣ ਲਈ ਵਰਤਿਆ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ। ਅੰਤ ’ਚ ਜਤਿੰਦਰ ਭੱਲਾ ਨੇ ਕਿਹਾ ਕਿ ਜੇ ਬੀਬੀ ਭੱਠਲ ਆਪਣੇ ਬਿਆਨਾਂ ‘ਤੇ ਕਾਇਮ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਸਾਰੇ ਤੱਥ, ਦਸਤਾਵੇਜ਼ ਤੇ ਨਾਮ ਲੋਕਾਂ ਸਾਹਮਣੇ ਰੱਖਣ। ਪੰਜਾਬ ਦੀ ਸ਼ਾਂਤੀ, ਭਰੋਸੇ ਤੇ ਲੋਕਤੰਤਰ ਲਈ ਬਹੁਤ ਜ਼ਰੂਰੀ ਹੈ ਕਿ ਪੁਰਾਣੇ ਜ਼ਖ਼ਮਾਂ ’ਤੇ ਸੱਚ ਦੀ ਮੱਲ੍ਹਮ ਲਗਾਈ ਜਾਵੇ।