ਐੱਕੇਐੱਮ ਦੇ ਸੱਦੇ ’ਤੇ ਮੌੜ ਹਲਕੇ ’ਚ ਕੀਤਾ ਟਰੈਕਟਰ ਮਾਰਚ
ਸੰਯੁਕਤ ਮੋਰਚੇ ਦੇ ਸੱਦੇ ’ਤੇ ਮੌੜ ਹਲਕੇ ਦੇ ਪਿੰਡਾਂ ਅੰਦਰ ਕੀਤਾ ਟਰੈਕਟਰ ਮਾਰਚ
Publish Date: Wed, 28 Jan 2026 05:53 PM (IST)
Updated Date: Thu, 29 Jan 2026 04:05 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੰਯੁਕਤ ਮੋਰਚੇ ਦੇ ਸੱਦੇ ’ਤੇ ਮੌੜ ਹਲਕੇ ਅੰਦਰ ਟਰੈਕਟਰ ਮਾਰਚ ਕਰਦਿਆਂ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਅਤੇ ਹੋਰ ਭਖਦੀਆਂ ਮੰਗਾਂ ਸਾਰੀਆਂ ਫਸਲਾਂ ’ਤੇ ਐੱਮਐੱਸਪੀ ਕਾਨੂੰਨ ਲਾਗੂ ਕਰਵਾਉਣਾ, ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਗੁਜ਼ਾਰੇ ਯੋਗ ਘੱਟੋ ਘੱਟ 10 ਹਜਾਰ ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਫਸਲੀ ਬੀਮਾ ਯੋਜਨਾ, ਸ਼ਹੀਦ ਹੋਏ ਕਿਸਾਨਾਂ, ਮਜਦੂਰਾਂ ਦੇ ਪਰਿਵਾਰਾਂ ਦੀ ਮਕੁੰਮਲ ਕਰਜਾ ਖਤਮ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ, ਲਖੀਮਪੁਰ ਖੀਰੀ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਆਦਿ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਤੇ ਬਿਜਲੀ ਐਕਟ ਰੱਦ, ਬੀਜ ਐਕਟ, ਕਿਰਤ ਕਾਨੂੰਨ, ਮਨਰੇਗਾ ਸਕੀਮ ਬਹਾਲ ਰੱਖਣ, ਮੁਕਤ ਵਪਾਰ ਸਮਝੌਤਿਆਂ ਵਿੱਚੋਂ ਖੇਤੀ ਖੇਤਰ ਨੂੰ ਬਾਹਰ ਕਰਵਾਉਣ, ਕੱਚੀਆਂ ਜ਼ਮੀਨਾਂ ਵਾਲੇ ਹੜ੍ਹ ਪੀੜਤਾਂ ਨੂੰ ਵੀ ਯੋਗ ਮੁਆਵਜ਼ਾ ਦਿਵਾਉਣ, ਚਾਰ ਲੇਬਰ ਕੋਡ ਰੱਦ ਕਰਵਾਉਣ ਸਮੇਤ ਖੇਤੀ ਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਰੋਕਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿ ਬਲਾਕ ਮੌੜ ਵਿਚ ਟਰੈਕਟਰ ਮਾਰਚ ਕੀਤੇ ਗਏ। ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ ਨੇ ਕਿਹਾ ਭਾਵੇਂ ਦਿੱਲੀ ਅੰਦੋਲਨ ਦੌਰਾਨ ਕਿਸਾਨ ਲਹਿਰ ਦੀ ਤਾਕਤ ਅੱਗੇ ਝੁਕਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ ਸਨ ਪਰ ਬਾਕੀ ਰਹਿਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ, ਸਗੋਂ ਇਸ ਦੇ ਉਲਟ ਨਿੱਜੀਕਰਨ ਦਾ ਕੁਹਾੜਾ ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਜਿਸ ਦੇ ਖਿਲਾਫ ਦਿੱਲੀ ਅੰਦੋਲਨ ਤੋਂ ਬਾਅਦ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮੰਗਾਂ ਲਾਗੂ ਕਰਾਉਣ ਲਈ ਟਰੈਕਟਰ ਮਾਰਚ ਤੇ ਹੋਰ ਵੱਖ ਵੱਖ ਤਰ੍ਹਾਂ ਨਾਲ ਅੰਦੋਲਨ ਜਾਰੀ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਾਰੀਆਂ ਮੰਗਾਂ ਲਾਗੂ ਕਰੇ, ਲੋਕ ਵਿਰੋਧੀ ਨਿੱਜੀਕਰਨ ਦੀਆਂ ਨੀਤੀਆਂ ਦੇ ਕਾਨੂੰਨ ਮੜਨੇ ਬੰਦ ਕਰੇ ਨਹੀਂ ਫਿਰ ਕਿਸਾਨਾਂ ਮਜ਼ਦੂਰਾਂ ਦੇ ਰੋਹ ਦਾ ਟਾਕਰਾ ਕਰਨ ਲਈ ਤਿਆਰ ਰਹੇ। ਇਸ ਸਮੇਂ ਅੰਮ੍ਰਿਤ ਸਿੰਘ ਮੌੜ ਚੜਤ, ਸਿੰਕਦਰ ਸਿੰਘ ਘੁੰਮਣ, ਗੁਰਦੀਪ ਸਿੰਘ ਮਾਈਸਰਖਾਨਾ ਤੇ ਕਿਸਾਨ ਮਜ਼ਦੂਰ ਸ਼ਾਮਲ ਸਨ।