- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ: 8.27 ਲੱਖ ਪ੍ਰੇਗਾਬਾਲਿਨ ਕੈਪਸੂਲ ਅਤੇ 20 ਹਜ਼ਾਰ ਟ੍ਰਾਮਾਡੋਲ ਗੋਲੀਆਂ ਸਮੇਤ ਦੋ ਗ੍ਰਿਫਤਾਰ

-ਮੈਡੀਕਲ ਸਟੋਰ ’ਚ ਲੁਕਾ ਕੇ ਰੱਖੀਆਂ ਸਨ ਦਵਾਈਆਂ, ਪੁਲਿਸ ਕਰ ਰਹੀ ਜਾਂਚ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਵਿੱਚ ਨਸ਼ੇ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ’ਚ ਪਬੰਦੀਸ਼ੁਦਾ ਦਵਾਈਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਕੁੱਲ 8,27,600 ਪ੍ਰੇਗਾਬਾਲਿਨ ਕੈਪਸੂਲ (ਆਈਪੀ. 300 ਐਮਜੀ.) ਅਤੇ 20,000 ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਦੇ ਮਾਰਗਦਰਸ਼ਨ ਹੇਠ ਅਤੇ ਸੀਨੀਅਰ ਪੁਲਿਸ ਅਧਿਕਾਰੀ ਐੱਸਐੱਸਪੀ ਬਠਿੰਡਾ ਡਾ. ਜਯੋਤੀ ਯਾਦਵ ਦੀ ਦੇਖ-ਰੇਖ ’ਚ ਕੀਤੀ ਗਈ। ਐੱਸਪੀ (ਸਿਟੀ) ਨਰਿੰਦਰ ਸਿੰਘ, ਡੀਐੱਸਪੀ. ਐੱਨਡੀਪੀਐੱਸ ਗੁਰਪ੍ਰੀਤ ਸਿੰਘ ਤੇ ਡੀਐੱਸਪੀ. ਇਨਵੈਸਟੀਗੇਸ਼ਨ ਸੰਦੀਪ ਸਿੰਘ ਭਾਟੀ ਦੀ ਅਗਵਾਈ ਵਿਚ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਪਾਬੰਦੀਸ਼ੁਦਾ ਤੇ ਨਸ਼ੇ ਵਾਲੀਆਂ ਦਵਾਈਆਂ ਦੀ ਇਹ ਖੇਪ ਬਰਾਮਦ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦੇਣ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਸ਼ੱਕੀ ਵਿਅਕਤੀਆਂ ’ਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਜਦੋਂ ਟੀਮ ਪਰਸਰਾਮ ਨਗਰ ਦੇ ਨਜ਼ਦੀਕ ਸ਼ਿਵ ਮੰਦਰ ਨੇੜੇ ਪੁੱਜੀ, ਤਾਂ ਇਕ ਸਕੂਟਰ 'ਤੇ ਸਵਾਰ ਵਿਅਕਤੀ ਤਿੰਨ ਗੱਤੇ ਦੇ ਡੱਬੇ ਰੱਖ ਕੇ ਆਉਂਦਾ ਦਿਖਾਈ ਦਿੱਤਾ। ਸ਼ੱਕ ਹੋਣ 'ਤੇ ਪੁਲਿਸ ਨੇ ਉਸਨੂੰ ਰੋਕ ਕੇ ਤਲਾਸ਼ੀ ਕੀਤੀ। ਉਸ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਦੀਪ (24) ਵਾਸੀ ਬੀੜ ਰੋਡ ਬਠਿੰਡਾ ਵਜੋਂ ਹੋਈ। ਤਲਾਸ਼ੀ ਦੌਰਾਨ ਗੱਤਿਆਂ ਦੇ ਡੱਬਿਆਂ ਵਿੱਚੋਂ 90,000 ਪ੍ਰੇਗਾਬਾਲਿਨ ਕੈਪਸੂਲ (ਆਈਪੀ. 300 ਐੱਮਜੀ) ਬਿਨਾਂ ਕਿਸੇ ਕਾਨੂੰਨੀ ਲਾਇਸੈਂਸ ਦੇ ਬਰਾਮਦ ਕੀਤੇ ਗਏ। ਪੁਲਿਸ ਨੇ ਮੌਕੇ ’ਤੇ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਸਕੂਟਰ ਨੰਬਰ ਪੀਬੀ 07 ਬੀਕਿਊ ਨੂੰ ਕਬਜੇ ਵਿੱਚ ਲੈ ਲਿਆ। ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿੱਛ ਕਰਨ 'ਤੇ ਉਸ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਮਹੇਸ਼ਵਰੀ ਚੌਕ ਸਥਿਤ ਬਾਲਾਜੀ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ, ਜਿੱਥੋਂ 7,37,600 ਪ੍ਰੇਗਾਬਾਲਿਨ ਕੈਪਸੂਲ (ਆਈਪੀ 300 ਐੱਮਜੀ) ਤੇ 20,000 ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਰੀਦਾਸੂ (21) ਵਾਸੀ ਮਹੇਸ਼ਵਰੀ ਚੌਕ ਬਠਿੰਡਾ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਦੋਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਕੋਈ ਅਪਰਾਧਕ ਮਾਮਲਾ ਦਰਜ ਨਹੀਂ ਹੈ।
ਹਾਲਾਂਕਿ ਇੰਨੀ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਦਵਾਈਆਂ ਦੀ ਬਰਾਮਦਗੀ ਨੇ ਕਈ ਸਵਾਲਾਂ ਨੂੰ ਜਨਮ ਦਿੱਤਾ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਇਹ ਦਵਾਈਆਂ ਕਿੱਥੋਂ ਆਈਆਂ ਅਤੇ ਕਿੱਥੇ-ਕਿੱਥੇ ਸਪਲਾਈ ਕੀਤੀਆਂ ਜਾਣੀਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਐੱਸਪੀ ਸਿਟੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਖਿਲਾਫ ਮੁਹਿੰਮ ਜਾਰੀ ਰਹੇਗੀ ਅਤੇ ਇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਨਸ਼ੇ ਦੀ ਵਿਕਰੀ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਦਵਾਈਆਂ ਦੀ ਲੋਕ ਨਸ਼ੇ ਦੀ ਪੂਰਤੀ ਲਈ ਵਰਤੋਂ ਕਰਦੇ ਹਨ।