6 ਮਾਰਚ ਨੂੰ ਬਠਿੰਡਾ ਮੁਜ਼ਾਹਰਾ ਤੇ 10 ਨੂੰ ਬਰਨਾਲਾ ਰੈਲੀ ਲਈ ਤਿਆਰੀਆਂ ਤੇਜ਼
6 ਮਾਰਚ ਨੂੰ ਬਠਿੰਡਾ ਮੁਜ਼ਾਹਰਾ ਅਤੇ 10 ਮਾਰਚ ਨੂੰ ਬਰਨਾਲਾ ਰੈਲੀ ਲਈ ਤਿਆਰੀਆਂ ਤੇਜ਼
Publish Date: Sun, 01 Mar 2026 08:54 PM (IST)
Updated Date: Mon, 02 Mar 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ : ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਬਠਿੰਡਾ ਵਿਖੇ ਹੋਣ ਵਾਲੇ ਮੁਜ਼ਾਹਰੇ ਅਤੇ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਬਰਨਾਲਾ ਰੈਲੀ ਦੀ ਤਿਆਰੀ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਪਿੰਡ ਜਿਉਂਦ ਵਿਖੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਅਨੁਸਾਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵੀ ਲੋਕਾਂ ਦੀ ਲਿਖਣ-ਬੋਲਣ ਦੀ ਆਜ਼ਾਦੀ ’ਤੇ ਪਾਬੰਦੀਆਂ ਲਗਾ ਰਹੀ ਹੈ ਅਤੇ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ‘ਤੇ ਝੂਠੇ ਪੁਲਿਸ ਕੇਸ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਬਠਿੰਡਾ ਧਰਨੇ ਲਈ ਪਿੰਡ ਜਿਉਂਦ ਦੀ ਸੱਥ ਵਿੱਚ ਬੈਠੇ ਕਿਸਾਨਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਬਰ ਕੀਤਾ ਗਿਆ। ਉਨ੍ਹਾਂ ਦੋਸ਼ ਲਗਾਇਆ ਗਿਆ ਕਿ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਲਾਠੀਚਾਰਜ ਕੀਤਾ ਗਿਆ ਅਤੇ ਇੱਕ ਕਿਸਾਨ ਦੀ ਲੱਤ ਤੋੜੀ ਗਈ ਜਦਕਿ ਇਕ ਨੌਜਵਾਨ ਦਾ ਹੱਥ ਜ਼ਖ਼ਮੀ ਹੋਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ 6 ਮਾਰਚ ਨੂੰ ਬਠਿੰਡਾ ਵਿੱਚ ਵੱਡਾ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ 10 ਮਾਰਚ ਨੂੰ ਬਰਨਾਲਾ ਵਿਖੇ ਪਾਣੀਆਂ ਦੇ ਮਸਲੇ, ਐਮਐਸਪੀ ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫੀ, ਕਿਸਾਨਾਂ-ਮਜ਼ਦੂਰਾਂ ਲਈ ਗੁਜ਼ਾਰੇਯੋਗ ਪੈਨਸ਼ਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਜਾਵੇਗੀ। ਆਗੂਆਂ ਨੇ ਇਨਸਾਫਪਸੰਦ ਲੋਕਾਂ ਨੂੰ ਦੋਵੇਂ ਪ੍ਰੋਗਰਾਮਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹਾ ਕਮੇਟੀ ਵੱਲੋਂ 18 ਫਰਵਰੀ ਦੀ ਘਟਨਾ ਵਿਚ ਜ਼ਖ਼ਮੀ ਕਿਸਾਨਾਂ ਦੇ ਇਲਾਜ ਅਤੇ ਨੁਕਸਾਨ ਦੀ ਭਰਪਾਈ ਲਈ ਸਹਾਇਤਾ ਕਰਨ ਦੀ ਵੀ ਅਪੀਲ ਕੀਤੀ ਗਈ। ਔਰਤ ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਹਰਿੰਦਰ ਬਿੰਦੂ ਨੇ ਔਰਤਾਂ ਨੂੰ ਵੀ ਜਥੇਬੰਦੀ ਦੇ ਸੰਘਰਸ਼ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਮੀਟਿੰਗ ਵਿਚ ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬਾ ਸਮੇਤ ਸਾਰੀਆਂ ਬਲਾਕ ਅਤੇ ਪਿੰਡ ਕਮੇਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।