50 ਫੁੱਟ ਚੌੜਾ ਪਾੜ ਪੈਣ ਨਾਲ ਸੈਂਕੜੇ ਏਕੜ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
ਡੂੰਮਵਾਲੀ ਨੇੜੇ ਲਸਾੜਾ ਡਰੇਨ 'ਚ 50 ਫੁੱਟ ਚੌੜਾ ਪਾੜ ਪਿਆ
Publish Date: Tue, 24 Mar 2026 04:40 PM (IST)
Updated Date: Wed, 25 Mar 2026 03:59 AM (IST)

-ਫ਼ਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਕਿਸਾਨਾਂ ਨੂੰ ਦਿੱਤਾ ਜਾਵੇ ਮੁਆਵਜ਼ਾ : ਕੋਟਲੀ ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਡੂੰਮਵਾਲੀ ਕੋਲੋਂ ਲੰਘਦੀ ਲਸਾੜਾ ਡਰੇਨ ’ਚ ਅੱਜ ਮੰਗਲਵਾਰਲ ਸਵੇਰ ਸਮੇਂ 50 ਫੁੱਟ ਚੌੜਾ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਖੜੀ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬਕੇ ਨੁਕਸਾਨੀ ਗਈ ਹੈ। ਸੰਗਤ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚੋਂ ਲੰਘਦੀ ਲਸਾੜਾ ਡਰੇਨ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਵਧਿਆ ਹੋਇਆ ਸੀ, ਜਿਸ ਨੂੰ ਲੈ ਕੇ ਐਤਵਾਰ ਦੇ ਅੰਕ ਵਿਚ ਪੰਜਾਬੀ ਜਾਗਰਣ ਨੇ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਲਸਾੜਾਂ ਡਰੇਨ ਵਿਚ ਕਿਸੇ ਸਮੇਂ ਵੀ ਪਾੜ ਪੈ ਸਕਦਾ ਹੈ। ਪਰ ਪ੍ਰਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਸਿੱਟੇ ਵਜੋਂ ਅੱਜ ਸਵੇਰ ਸਮੇਂ ਪਿੰਡ ਡੂੰਮਵਾਲੀ ਦੇ ਨਜ਼ਦੀਕ ਖੇਤਾਂ ਵਿੱਚ 50 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਵਿਚ 4 ਤੋ 5 ਫੁੱਟ ਤੱਕ ਪਾਣੀ ਭਰ ਗਿਆ। ਲਸਾੜਾ ਡਰੇਨ ਟੁੱਟਣ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਆਸ ਪਾਸ ਪਿੰਡਾਂ ਦੇ ਕਿਸਾਨ ਫਸਲਾਂ ਨੂੰ ਬਚਾਉਣ ਲਈ ਜੱਦੋ ਜਹਿਦ ਕਰਨ ਲੱਗੇ, ਪਰ ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਹੋਣ ਕਰਕੇ ਉਹ ਬੇਬੱਸ ਨਜ਼ਰ ਆਏ ਤੇ ਪਾਣੀ ਦੀ ਮਾਰ ’ਚੋਂ ਆਪਣੀਆਂ ਫ਼ਸਲਾਂ ਨੂੰ ਬਚਾ ਨਾ ਸਕੇ। ਮੌਕੇ ’ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹਰ ਸਾਲ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਲਸਾੜਾ ਡਰੇਨ ’ਚ ਜਮਾਂ ਹੁੰਦੇ ਪਾਣੀ ਨਾਲ ਨੁਕਸਾਨ ਝੱਲਣਾ ਪੈਂਦਾ ਹੈ। ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਉੱਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਵੱਲੋਂ ਕਣਕ ਦੀ ਫ਼ਸਲ ਨੂੰ ਕੱਟਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਡਰੇਨ ’ਚ ਪਾੜ ਪੈਣ ਨਾਲ ਧਰੀਆਂ ਧਰਾਈਆਂ ਹੀ ਰਹਿ ਗਈਆਂ। ਇਸ ਪਾੜ ਪੈਣ ਨਾਲ ਪਿੰਡ ਡੂੰਮਵਾਲੀ ਦੇ ਲੱਗਭਗ 150 ਏਕੜ ਰਕਬੇ ’ਚ ਖੜ੍ਹੀ ਦਰਜਨਾਂ ਕਿਸਾਨਾਂ ਦੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਨੂੰ ਤਰੁੰਤ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ।ਮੌਕੇ ’ਤੇ ਮੌਜੂਦ ਪਿੰਡ ਡੂੰਮਵਾਲੀ ਦੇ ਸਾਬਕਾ ਸਰਪੰਚ ਹਰਪਾਲ ਸਿੰਘ ਟੋਨੀ, ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਹੁਣ ਜਦੋਂ ਕਣਕ ਦੀ ਫਸਲ ਐਨ ਪੱਕਣ ਕਿਨਾਰੇ ਸੀ ਤਾਂ ਉਸ ਸਮੇਂ ਪਾਣੀ ਦੀ ਮਾਰ ਨਾਲ ਕਿਸਾਨਾਂ ਦਾ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੈ। ਕਿਉਂਕਿ ਕਿਸਾਨਾਂ ਵੱਲੋਂ ਫਸਲ ਨੂੰ ਪਾਲਣ ਸਮੇਂ ਹਜ਼ਾਰਾਂ ਰੁਪਏ ਖਰਚਾ ਕੀਤਾ ਜਾ ਚੁੱਕਾ ਸੀ ਅਤੇ ਹੁਣ ਫਸਲ ਨੂੰ ਕੱਟਣਾ ਹੀ ਬਾਕੀ ਰਹਿ ਗਿਆ ਸੀ, ਜਿਹੜੀ ਪਾਣੀ ਦੀ ਭੇਟ ਚੜ੍ਹ ਗਈ।ਉਨ੍ਹਾਂ ਦੱਸਿਆ ਕਿ ਲਸਾੜਾ ਡਰੇਨ ਵਿਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਉੱਚਾ ਹੋਣ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ, ਪਰ ਪ੍ਰਸ਼ਾਸਨ ਵੱਲੋਂ ਪਾਣੀ ਦਾ ਪੱਧਰ ਨੀਵਾਂ ਕਰਨ ਲਈ ਕੋਈ ਵੀ ਉਪਰਾਲਾ ਕਰਨ ਦਾ ਯਤਨ ਨਹੀਂ ਕੀਤਾ ਗਿਆ, ਜਿਸ ਕਰਕੇ ਕਿਸਾਨਾਂ ਦੀ ਸੈਂਕੜੇ ਏਕੜ ਪੱਕਣ ’ਤੇ ਆਈ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਪਾਣੀ ਦੀ ਭੇਟ ਚੜ੍ਹ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕਿਸਾਨਾਂ ਵੱਲੋਂ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲੈਕੇ ਕਣਕ ਦੀ ਕਾਸ਼ਤ ਕੀਤੀ ਹੋਈ ਸੀ ਜਿਹੜੀ ਕਿ ਪਾਣੀ ਕਾਰਨ ਬਰਬਾਦ ਹੋ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਤਰੁੰਤ ਗਿਰਦਾਵਰੀ ਕਰਵਾ ਕੇ ਇਕ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਪਿੰਡ ਪਥਰਾਲਾ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਪੰਜਾਬ ’ਚੋਂ ਸੇਮ ਦੀ ਸਮੱਸਿਆ ਖ਼ਤਮ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਸਾੜਾ ਤੋਂ ਸ਼ੁਰੂ ਹੋਇਆ ਇਹ ਲੋਅਰ ਲਸਾੜਾ ਸੇਮ ਨਾਲਾ ਹਰਿਆਣਾ ਵਿੱਚੋਂ ਹੁੰਦਾ ਹੋਇਆ ਰਾਜਸਥਾਨ ਦੇ ਟਿੱਬਿਆਂ ਤੱਕ 225 ਕਿਲੋਮੀਟਰ ਦਾ ਸਫ਼ਰ ਤਹਿ ਕਰਦਾ ਸੀ, ਜੋ ਪੰਜਾਬ ’ਚੋਂ ਸੇਮ ਖਤਮ ਕਰਨ ਤੇ ਰਾਜਸਥਾਨ ਦੀ ਰੇਤਲੀ ਭੂਮੀ ਨੂੰ ਪਾਣੀ ਦੇਣ ਦੇ ਉਦੇਸ਼ ਨਾਲ ਬਣਾਇਆ ਗਿਆ, ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਸਾਲ 1977 ’ਚ ਪੰਜਾਬ ਦੀ ਹੱਦ ’ਤੇ ਇਸ ਨੂੰ ਬੰਨ੍ਹ ਮਾਰਕੇ ਅੱਗੋਂ ਪਾਣੀ ਬੰਦ ਕਰ ਦਿੱਤਾ ਗਿਆ ਤੇ ਸੇਮ ਨਾਲੇ ਦੀ ਜ਼ਮੀਨ ਹਰਿਆਣਾ ਦੇ ਕਿਸਾਨਾਂ ਨੂੰ ਵਾਪਿਸ ਕਰ ਦਿੱਤੀ ਗਈ, ਜੋ ਹੁਣ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਕਈ ਪਿੰਡਾਂ ਲਈ ਖ਼ਤਰੇ ਦਾ ਕਾਰਨ ਬਣ ਗਿਆ ਹੈ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਇਸ ਦੀ ਹੋਂਦ ਤਪਾ ਮੰਡੀ ਨੇੜੇ ਬਠਿੰਡਾ-ਪਟਿਆਲਾ ਫਾਟਕ ਪੁਲ ਬੁਰਜ਼ੀ ਨੰਬਰ 463385 ਤੋਂ ਸ਼ੁਰੂ ਹੋ ਕੇ ਹਰਿਆਣਾ ਰਾਜ ਦੀ ਹੱਦ ਬੁਰਜ਼ੀ 185000 ਤਕ ਰਹਿ ਗਈ ਹੈ, ਜਿੱਥੇ ਸੰਗਤ ਬਲਾਕ ਦੇ ਪਿੰਡ ਡੂੰਮਵਾਲੀ ਨੇੜੇ ਹਰਿਆਣਾ ਸਰਕਾਰ ਨੇ ਵੱਡਾ ਬੰਨ੍ਹ ਮਾਰ ਕੇ ਅੱਗੋਂ ਪਾਣੀ ਦਾ ਵਹਾਅ ਰੋਕ ਦਿੱਤਾ ਹੈ। ਮੀਂਹ ਦੇ ਦਿਨਾਂ ’ਚ ਉਪਰਲੀਆਂ ਰੀਚਾਂ ਤੋਂ ਇਲਾਵਾ ਬਠਿੰਡਾ ਬਰਨਾਲਾ ਕਰਾਸਿੰਗ ਰੋਡ ਪੁਲ ਬੁਰਜ਼ੀ ਨੰਬਰ 447506 ਸਹਿਣਾ ਅਸਕੇਪ ਦਾ ਪਾਣੀ ਵੀ ਇਥੇ ਆ ਕੇ ਇਕੱਠਾ ਹੋ ਜਾਂਦਾ ਹੈ ਤੇ ਬਠਿੰਡਾ ਸ਼ਹਿਰ ਦੇ ਸੀਵਰੇਜ ਤੋਂ ਇਲਾਵਾ ਹੋਰਨਾ ਮੰਡੀਆਂ ਅਤੇ ਕਸਬਿਆਂ ਦਾ ਗੰਦਾ ਪਾਣੀ ਵੀ ਇਸ ਵਿੱਚ ਸ਼ਾਮਲ ਹੋ ਕੇ ਪਿੰਡ ਪਥਰਾਲਾ ਤੇ ਡੂੰਮਵਾਲੀ ਨੇੜੇ ਗੰਦੇ ਪਾਣੀ ਦੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ।