- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
45 ਲੱਖ ਰੁਪਏ ਦੇ ਗਹਿਣਿਆਂ ਦੀ ਵੱਡੀ ਚੋਰੀ, ਤਿੰਨ ਦਿਨ ਬੀਤਣ ਬਾਵਜੂਦ ਪੁਲਿਸ ਦੇ ਹੱਥ ਖਾਲੀ

-ਸੀਸੀਟੀਵੀ ਫੁਟੇਜ ’ਚ ਕੁਝ ਚੋਰਾਂ ਦੇ ਚਿਹਰੇ ਆਏ ਸਾਹਮਣੇ, ਪਰ ਕੋਈ ਸੁਰਾਗ ਹੱਥ ਨਹੀਂ ਲੱਗਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਮੇਨ ਰੋਡ ਪ੍ਰਤਾਪ ਨਗਰ ਸਥਿਤ ਪਾਰਸ ਜਵੈਲਰਜ਼ ਦੀ ਦੁਕਾਨ ਵਿੱਚ ਬੀਤੀ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਲਗਭਗ 45 ਲੱਖ ਰੁਪਏ ਦੀ ਸੋਨੇ–ਚਾਂਦੀ ਦੇ ਗਹਿਣਿਆਂ ਦੀ ਵੱਡੀ ਚੋਰੀ ਦੇ ਮਾਮਲੇ ’ਚ ਪੁਲਿਸ ਤਿੰਨ ਦਿਨ ਬੀਤ ਜਾਣ ਬਾਵਜੂਦ ਵੀ ਕਿਸੇ ਠੋਸ ਨਤੀਜੇ ‘ਤੇ ਨਹੀਂ ਪਹੁੰਚ ਸਕੀ। ਘਟਨਾ ਨੂੰ ਤਿੰਨ ਦਿਨ ਹੋ ਚੁੱਕੇ ਹਨ, ਪਰ ਅਜੇ ਤਕ ਕਿਸੇ ਵੀ ਚੋਰ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਇਲਾਕੇ ਦੇ ਵਪਾਰੀਆਂ ਅਤੇ ਨਿਵਾਸੀਆਂ ’ਚ ਦਹਿਸ਼ਤ ਤੇ ਭਾਰੀ ਨਾਰਾਜ਼ਗੀ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਅਨੁਸਾਰ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਕੁਝ ਸ਼ੱਕੀ ਚੋਰਾਂ ਦੇ ਚਿਹਰੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਦੀ ਪਛਾਣ ਤੇ ਭਾਲ ’ਚ ਰੁੱਝੀ ਹੋਈ ਹੈ। ਹਾਲਾਂਕਿ ਹੁਣ ਤਕ ਕਿਸੇ ਵੀ ਸ਼ੱਕੀ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਗੌਰਤਲਬ ਹੈ ਕਿ ਬੀਤੀ ਬੁੱਧਵਾਰ ਦੀ ਦੇਰ ਰਾਤ 15 ਤੋਂ 20 ਚੋਰਾਂ ਦੇ ਇਕ ਸੰਗਠਿਤ ਗਿਰੋਹ ਨੇ ਪ੍ਰਤਾਪ ਨਗਰ ਇਲਾਕੇ ਵਿੱਚ ਇਕ ਦੇ ਬਾਅਦ ਇਕ ਕਈ ਦੁਕਾਨਾਂ ਦੇ ਤਾਲੇ ਤੋੜੇ।
ਇਸ ਦੌਰਾਨ ਚੋਰਾਂ ਨੇ ਪਾਰਸ ਜਵੈਲਰਜ਼ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 8 ਕਿਲੋ ਚਾਂਦੀ ਅਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਤੋਂ ਇਲਾਵਾ ਚੋਰਾਂ ਨੇ ਨੇੜੇ ਹੀ ਸਥਿਤ ਇਕ ਹੋਰ ਜਵੈਲਰਜ਼ ਦੀ ਦੁਕਾਨ ਦੇ ਤਾਲੇ ਤੋੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ। ਚੋਰੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਤਾਪ ਨਗਰ ਅਤੇ ਆਸ–ਪਾਸ ਦੇ ਇਲਾਕਿਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵੀਰਵਾਰ ਸਵੇਰੇ ਮੇਨ ਰੋਡ ਪ੍ਰਤਾਪ ਨਗਰ ਦੇ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਤੇ ‘ਆਪ’ ਦੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਵਪਾਰੀਆਂ ਨੇ ਦੋਸ਼ ਲਾਇਆ ਕਿ ਚੋਰ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਪੁਲਿਸ ਦੀ ਮੌਜੂਦਗੀ ਦਾ ਕੋਈ ਅਸਰ ਨਜ਼ਰ ਨਹੀਂ ਆ ਰਿਹਾ।
ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਚੋਰੀ ਹੋਏ ਗਹਿਣਿਆਂ ਦੀ ਬਰਾਮਦਗੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਵਪਾਰੀ ਵਰਗ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਹਾਲਾਂਕਿ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਸੀ, ਪਰ ਤਿੰਨ ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਇਸ ਘਟਨਾ ਤੋਂ ਬਾਅਦ ਪ੍ਰਤਾਪ ਨਗਰ ਅਤੇ ਨੇੜਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਵਿੱਚ ਭਾਰੀ ਡਰ ਦਾ ਮਾਹੌਲ ਹੈ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ, ਪਰ ਪੁਲਿਸ ਦੀ ਰਾਤਰੀ ਗਸ਼ਤ ਪ੍ਰਭਾਵਸ਼ਾਲੀ ਨਹੀਂ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਰਾਤ ਦੇ ਸਮੇਂ ਪੁਲਿਸ ਪੈਟਰੋਲਿੰਗ ਵਧਾਈ ਜਾਵੇ ਅਤੇ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ। ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਨੇੜਲੇ ਥਾਣਿਆਂ ਅਤੇ ਹੋਰ ਜ਼ਿਲ੍ਹਿਆਂ ਨੂੰ ਵੀ ਭੇਜੀਆਂ ਗਈਆਂ ਹਨ। ਇਸ ਤੋਂ ਇਲਾਵਾ ਖੁਫੀਆਂ ਤੰਤਰ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ ਤਾਂ ਜੋ ਚੋਰਾਂ ਤਕ ਜਲਦ ਪਹੁੰਚ ਬਣਾਈ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ, ਜੋ ਹਰ ਪੱਖੋਂ ਜਾਂਚ ਕਰ ਰਹੀ ਹੈ। ਪੁਲਿਸ ਨੂੰ ਪੂਰਾ ਯਕੀਨ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਚੋਰੀ ਹੋਏ ਸੋਨੇ–ਚਾਂਦੀ ਦੇ ਗਹਿਣਿਆਂ ਦੀ ਬਰਾਮਦਗੀ ਵੀ ਕੀਤੀ ਜਾਵੇਗੀ। ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਤੇ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਚੋਰਾਂ ਤਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।