- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
228 ਸਰੂਪਾਂ ਦੇ ਮਾਮਲੇ ’ਚ ਹੋਈ ਕਰਪਸ਼ਨ ਨੂੰ ‘ਆਪ’ ਸਰਕਾਰ ਬਣਾ ਰਹੀ ਹੈ ਬੇਅਦਬੀ ਦਾ ਮੁੱਦਾ: ਸਰਬਜੀਤ ਸਿੰਘ ਝਿੰਜਰ

-ਕਿਹਾ, ‘ਆਪ’ ਦੀ ਮੌਜੂਦਾ ਸਰਕਾਰ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ’ਤੇ ਕਰਨਾ ਚਾਹੁੰਦੀ ਹੈ ਕਬਜ਼ਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ 228 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਮਾਮਲੇ ਵਿਚ ਹੋਈ ਕਰਪਸ਼ਨ ਨੂੰ ਜਾਣਬੂਝ ਕੇ ਬੇਅਦਬੀ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਅਸਲ ਸੱਚ ਨੂੰ ਲੋਕਾਂ ਤੋਂ ਛੁਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਸਪਸ਼ਟ ਹੋ ਚੁੱਕਾ ਹੈ। ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਈਸ਼ਰ ਸਿੰਘ ਕਮਿਸ਼ਨ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ 228 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁੰਮ ਨਹੀਂ ਹੋਏ ਸਨ, ਸਗੋਂ ਇਹ ਸਰੂਪ ਵੱਖ-ਵੱਖ ਧਾਰਮਿਕ ਅਤੇ ਹੋਰ ਸੰਸਥਾਵਾਂ ਨੂੰ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਮੁੱਦਾ ਸਰੂਪਾਂ ਦੇ ਗੁੰਮ ਹੋਣ ਦਾ ਨਹੀਂ, ਬਲਕਿ ਉਨ੍ਹਾਂ ਸੰਸਥਾਵਾਂ ਤੋਂ ਸਰੂਪ ਜਾਰੀ ਕਰਨ ਦੇ ਬਦਲੇ ਲਈ ਗਈ ਫੀਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਤੇ ਵਿਚ ਜਮ੍ਹਾਂ ਨਾ ਕਰਵਾਉਣ ਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਮਾਮਲਾ ਸਾਫ਼ ਤੌਰ ’ਤੇ ਵਿੱਤੀ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ, ਪਰ ‘ਆਪ’ ਦੀ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਕੇ ਇਸ ਨੂੰ ਬੇਅਦਬੀ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਸਲਿਆਂ ’ਤੇ ਸਿਆਸਤ ਕਰਨਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਖਤਰਨਾਕ ਸਾਬਤ ਹੋ ਸਕਦਾ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਨਿਆਂ ਚਾਹੁੰਦੀ ਹੈ ਤਾਂ ਉਸਨੂੰ ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਕੇ ਉਸ ਦੇ ਆਧਾਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਸਰੂਪ ਜਾਰੀ ਕਰਨ ਦੇ ਬਦਲੇ ਲਈ ਗਈ ਰਕਮ ਨੂੰ ਐੱਸਜੀਪੀਸੀ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਗਂਈ ਹੈ। ਇਸ ਵਿਚ ਐਸਜੀਪੀਸੀ ਵੱਲੋਂ 14 ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਧਾਰਮਿਕ ਸੰਵੇਦਨਸ਼ੀਲ ਮੁੱਦਿਆਂ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ, ਤਾਂ ਜੋ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਤੇ ਯੂਥ ਅਕਾਲੀ ਦਲ ਸੱਚ ਦੇ ਨਾਲ ਖੜ੍ਹੇ ਹਨ ਤੇ ਕਿਸੇ ਵੀ ਕੀਮਤ ’ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾਡ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਆਪ ਸਰਕਾਰ ਇਹ ਸ਼ਾਜਿਸ਼ ਤਹਿਤ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨ ਦੀ ਨੀਅਤ ਰੱਖਦੀ ਹੈ। ਯੂਥ ਅਕਾਲੀ ਆਗੂ ਨੇ ਸਿੱਖਾਂ ਸੰਗਤਾਂ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਆਪਣੀ ਭਾਈਚਾਰਾ ਕਾਇਮ ਰੱਖਣੀ ਹੈ ਤੇ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਸੱਚ ਅਤੇ ਝੂਠ ਦਾ ਫਰਕ ਦੇਖਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਲ 2020 ਦਾ ਹੈ ਪਰ ਆਪ ਸਰਕਾਰ ਸਿਆਸੀ ਲਾਹਾ ਲੈਣ ਲਈ ਹੁਣ ਇਸ ਮੁੱਦੇ ਤੇ ਰਾਜਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੀ ਹੈ। ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਵਿੱਚ ਆਪਣੇ ਪੈਰ ਜਮਾਂ ਰਿਹਾ। ਉਨ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਧਰਨਾ ਦੇਣ ਵਾਲੀਆਂ ਪੰਥਕ ਧਿਰਾਂ ’ਤੇ ਵੀ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਨ੍ਹਾਂ ਅਖੌਤੀ ਪੰਧਕਾਂ ਨੇ ਆਪ ਸਰਕਾਰ ਵਿੱਚ ਹੋਈਆਂ 100 ਬੇਅਦਬੀਆਂ ਦੇ ਮਾਮਲੇ ਵਿੱਚ ਅਜੇ ਤਕ ਮੂੰਹ ਨਹੀਂ ਖੋਲ੍ਹਿਆ। ‘ਆਪ’ ਨੇ ਹੀ ਪੰਜਾਬ ’ਚ ਬੇਅਦਬੀਆਂ ਕਰਵਾਈਆਂ ਹਨ, ਕਿਉਂਕਿ ਇਸ ਦਾ ਸਬੂਤ ਦਿੱਲੀ ਦੇ ਐੱਮਐੱਲਏ ਯਾਦਵ ਵੱਲੋਂ ਪਵਿੱਤਰ ਕੁਰਾਨ ਸ਼ਰੀਫ ਦੀ ਕੀਤੀ ਗਈ ਬੇਅਦਬੀ ਦੇ ਮਾਮਲੇ ’ਚ ਮਿਲੀ ਸਜ਼ਾ ਤੋਂ ਮਿਲਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਗੋਲਡੀ, ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ, ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਹਰਿੰਦਰ ਸਿੰਘ ਹਿੰਦ ਮਹਿਰਾਜ, ਹਲਕਾ ਭੁੱਚੋ ਤੋਂ ਡਾ. ਦਲਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਬਰਾੜ, ਡਾ. ਜਸਪਾਲ ਸਿੰਘ, ਇਕਬਾਲਜੀਤ ਸਿੰਘ ਪੂਹਲੀ ਹਾਜ਼ਰ ਸਨ।