20 ਦਿਨਾਂ ਤੋਂ ਬਾਅਦ ਵੀ ਸਬ ਮਾਈਨਰ ’ਚ ਨਹੀਂ ਛੱਡਿਆ ਪਾਣੀ
20 ਦਿਨ ਬੀਤਣ ਦੇ ਬਾਵਜੂਦ ਵੀ ਸਬ ਮਾਈਨਰ ਕੋਟਗੁਰੂ ’ਚ ਨਹੀਂ ਛੱਡਿਆ ਗਿਆ ਪਾਣੀ
Publish Date: Wed, 11 Mar 2026 05:38 PM (IST)
Updated Date: Thu, 12 Mar 2026 04:04 AM (IST)
-ਪਾਣੀ ਨੂੰ ਲੈ ਕੇ ਤਿੰਨ ਪਿੰਡਾਂ ਦੇ ਕਿਸਾਨ ਪਰੇਸ਼ਾਨ, ਕਣਕ ਖ਼ਰਾਬ ਹੋਣ ਦਾ ਖ਼ਦਸ਼ਾ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ
ਸਬ ਮਾਈਨਰ ਕੋਟਗੁਰੂ ’ਚ ਪਿਛਲੇ 20 ਦਿਨਾਂ ਤੋਂ ਪਾੜ ਪੈਣ ਨਾਲ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫਸਲ ਦਾ ਪਾਣੀ ਨਾ ਮਿਲਣ ਕਰਕੇ ਨੁਕਸਾਨ ਹੋਣ ਲੱਗਾ ਹੈ। ਪਰ ਵਿਭਾਗ ਵੱਲੋਂ ਪਾੜ ਨੂੰ ਪੂਰਨ ਲਈ ਪਤਾ ਨਹੀ ਕਿਹੜੇ ਕਾਰਨਾਂ ਕਰਕੇ ਢਿੱਲ ਵਰਤੀ ਜਾ ਰਹੀ , ਜਿਸ ਕਰਕੇ ਕਿਸਾਨਾਂ ਵਿੱਚ ਨਹਿਰੀ ਵਿਭਾਗ ਵਿਰੁੱਧ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਖੇਤੀ ਮਾਹਿਰਾਂ ਵੱਲੋਂ ਇਸ ਵਾਰ ਜ਼ਿਆਦਾ ਤਾਪਮਾਨ ਵਧਣ ਕਰਕੇ ਕਣਕ ਦੀ ਫ਼ਸਲ ਨੂੰ ਜ਼ਿਆਦਾ ਪਾਣੀ ਦੇਣ ਦੀ ਸਲਾਹ ਦਿੱਤੀ ਗਈ ਹੈ।
ਦੂਜੇ ਪਾਸੇ ਕਿਸਾਨ ਕੱਸੀ ਚ ਪਏ ਪਾੜ ਪੈਣ ਨਾਲ ਪਿਛਲੇ 20 ਦਿਨਾਂ ਤੋਂ ਪਾਣੀ ਦੀ ਆਸ ਲਾਈ ਬੈਠੇ ਨਹਿਰੀ ਵਿਭਾਗ ਦੇ ਮੂੰਹ ਵੱਲ ਤੱਕ ਰਹੇ ਹਨ ਕਿ ਵਿਭਾਗ ਕਦੋਂ ਪਾੜ ਨੂੰ ਪੂਰਕੇ ਪਾਣੀ ਛੱਡੇਗਾ। ਜ਼ਿਆਦਾਤਰ ਕਿਸਾਨਾਂ ਵੱਲੋਂ ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਲਈ ਮਜਬੂਰੀਵੱਸ ਹੋ ਕੇ ਟਿਊਬਵੈਲਾਂ ਦੇ ਫਸਲਾਂ ਲਈ ਨਾ ਯੋਗ ਪਾਣੀ ਸਹਾਰੇ ਕਣਕ ਪਾਲਣ ਲੱਗੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕਿਸਾਨ ਆਗੂ ਰਾਮਫਲ ਸਿੰਘ , ਨਿਰਮਲ ਸਿੰਘ ਕੋਟਗੁਰੂ ਨੇ ਦੱਸਿਆ ਕਿ ਵਿਭਾਗ ਵੱਲੋਂ ਸਮੇਂ ਸਿਰ ਮਾਈਨਰ ਦੀ ਸਫ਼ਾਈ ਨਾ ਕੀਤੇ ਜਾਣ ਕਰਕੇ ਕੀਤੀਆਂ ਗਲਤੀਆਂ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕੱਸ਼ੀ ਦੀ ਸਮੇਂ ਸਿਰ ਸਫਾਈ ਦਾ ਨਾਂ ਹੋਣਾ ਅਤੇ ਪਟੜੀ ਉੱਪਰ ਜੰਗਲਾਤ ਵਿਭਾਗ ਵੱਲੋਂ ਲਗਾਏ ਦਰੱਖਤਾਂ ਕਾਰਨ ਕੱਸੀ ਚ ਵਾਰ ਵਾਰ ਪਾੜ ਪੈ ਰਿਹਾ ਹੈ। ਪਰ ਵਿਭਾਗ ਵੱਲੋਂ ਇਸ ਦੇ ਪੱਕੇ ਹੱਲ ਲਈ ਕੋਈ ਨੀਤੀ ਨਹੀਂ ਬਣਾਈ ਜਾ ਰਹੀ, ਸਗੋਂ ਲਿੱਪਾ ਪੋਚੀ ਕਰਕੇ ਡੰਗ ਟਪਾਊ ਢੰਗ ਪਾਣੀ ਛੱਡਿਆ ਜਾਂਦਾ ਹੈ। ਜਿਸ ਨਾਲ ਕੱਸੀ ਚ ਵਾਰ ਵਾਰ ਪਾੜ ਪੈ ਰਿਹਾ ਹੈ। ਉਨ੍ਹਾਂ ਸਬੰਧਤ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਚੁੱਪ ਧਾਰੀ ਬੈਠੇ ਕਿਸਾਨਾਂ ਦੇ ਸਬਰ ਨੂੰ ਨਾ ਪਰਖ਼ਣ ਸਗੋਂ ਪਾੜ ਨੂੰ ਜਲਦੀ ਭਰਕੇ
ਪਾਣੀ ਦੀ ਸਪਲਾਈ ਬਹਾਲ ਕਰਨ ਲਈ ਠੋਸ ਕਦਮ ਚੁੱਕਣ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪਾਣੀ ਦੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਵਿਭਾਗ ਅਤੇ ਪੰਜਾਬ ਸਰਕਾਰ ਵਿਰੁੱਧ ਵੱਡਾ ਸਘੰਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ। ਇਸ ਦਾ ਜ਼ਿੰਮੇਵਾਰ ਸਬੰਧਤ ਵਿਭਾਗ ਹੋਵੇਗਾ। ਇਸ ਵਾਰੇ ਜਦੋਂ ਨਹਿਰੀ ਵਿਭਾਗ ਦੇ ਐਸਡੀਓ ਸੁਖਪ੍ਰੀਤ ਸਿੰਘ ਬਰਾੜ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੇੜਲੇ ਖੇਤਾਂ ਵਾਲੇ ਕੁੱਝ ਕਿਸਾਨਾਂ ਵੱਲੋਂ ਪਾੜ ਪੂਰਨ ਤੋਂ ਰੋਕਿਆ ਜਾ ਰਿਹਾ ਸੀ ਹੁਣ ਉਹ ਸਹਿਮਤ ਹੋ ਗਏ ਹਨ ਜਲਦੀ ਹੀ ਪਾੜ ਨੂੰ ਪੂਰਕੇ ਪਾਣੀ ਛੱਡ ਦਿੱਤਾ ਜਾਵੇਗਾ।