- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1975-76 ਸੈਸ਼ਨ ਦੌਰਾਨ ਮੈਟ੍ਰਿਕ ਪਾਸ ਕਰਨ ਵਾਲੇ ਵਿਦਿਆਰਥੀਆਂ ਨੇ ਗੋਲਡਨ ਜੁਬਲੀ ਮਨਾਈ

-ਤਜਰਬੇ ਸਾਂਝੇ ਕਰਦਿਆਂ ਕਿਹਾ, ਅੱਧੀ ਸਦੀ ਬਾਅਦ ਇਕੱਠੇ ਹੋਏ ਮਾਲਾ ਦੇ ਮਣਕੇ
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ, ਬਠਿੰਡਾ
ਸਰਕਾਰੀ ਪ੍ਰਾਇਮਰੀ ਫੁਲੀ ਏਸੀ ਸਮਾਰਟ ਸਕੂਲ ਨਥਾਣਾ ਲੜਕੇ ਵਿਖੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਥਾਣਾ ਦੇ ਬੈਚ 1975-76 ਦੌਰਾਨ ਮੈਟ੍ਰਿਕ ਪਾਸ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਆਪਣੀ ਸਕੂਲ ਵਿਦਾਈ ਦੀ ਗੋਲਡਨ ਜੁਬਲੀ ਮਨਾਈ। ਸਰਕਾਰੀ ਪ੍ਰਾਇਮਰੀ ਫੁਲੀ ਏਸੀ. ਸਮਾਰਟ ਸਕੂਲ ਨਥਾਣਾ ਲੜਕੇ ਦੇ ਸਟਾਫ, ਨੰਨੇ-ਮੁੰਨੇ ਬੱਚਿਆਂ ਅਤੇ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਅੱਧੀ ਸਦੀ ਪੁਰਾਣੇ ਵਿਦਿਆਰਥੀਆਂ ਦਾ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਕੂਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਮੰਦਰ ਸਿੰਘ ਬਰਾੜ ਮਾਲਵਾ ਜੋਨ ਕੋਆਰਡੀਨੇਟਰ ਸਿੱਖਿਆ ਵਿੰਗ ਪੰਜਾਬ ਪੁੱਜੇ ਅਤੇ ਇਸ ਨਿਵੇਕਲੇ ਉਪਰਾਲੇ ਲਈ ਸ਼ਲਾਘਾ ਕੀਤੀ ਗਈ। ਉਨ੍ਹਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ 5100 ਰੁਪਏ ਦਿੱਤੇ ਗਏ। ਇਸ ਸਮਾਗਮ ਵਿੱਚ ਨਗਰ ਪੰਚਾਇਤ ਪ੍ਰਧਾਨ ਇੰਦਰਵੀਰ ਕੌਰ, ਪ੍ਰਿੰਸੀਪਲ ਲਖਵਿੰਦਰ ਕੌਰ ਸਿੱਧੂ ਅਤੇ ਡਾ. ਜੀਵਨ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਡਾ. ਸੁਖਪਾਲ ਸਿੰਘ ਸਿੱਧੂ ਵੱਲੋਂ ਬਾਖ਼ੂਬੀ ਨਿਭਾਉਂਦਿਆਂ ਸਾਰੇ ਸਮਾਗਮ ਨੂੰ ਇੱਕ ਲੜੀ ਵਿੱਚ ਪਰੋਈ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਤੋਂ 50 ਸਾਲ ਪਹਿਲਾਂ ਦਸਵੀਂ ਦੀ ਪੜ੍ਹਾਈ ਨੂੰ ਬਹੁਤ ਹੀ ਅਹਿਮੀਅਤ ਵਾਲੀ ਮੰਨਿਆ ਜਾਂਦਾ ਸੀ, ਕਿਉਂਕਿ ਪੇਂਡੂ ਖੇਤਰਾਂ ਵਿੱਚ ਖੇਤੀ ਲਈ ਟੀਮ ਦੀ ਲੋੜ ਹੋਣ ਕਾਰਨ ਬਹੁਤੇ ਨੌਜਵਾਨਾਂ ਨੂੰ ਉਹਨਾਂ ਦੇ ਮਾਪੇ ਪੰਜਵੀਂ ਜਾਂ ਅੱਠਵੀਂ ਜਮਾਤ ਕਰਵਾ ਕੇ ਸਕੂਲੋਂ ਹਟਾ ਲੈਂਦੇ ਸਨ ਅਤੇ ਲਗਭਗ ਅੱਧੇ ਕੁ ਵਿਦਿਆਰਥੀ ਹੀ ਉਚੇਰੀ ਪੜ੍ਹਾਈ ਵੱਲ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ 1975-76 ਬੈਚ ਦੇ ਵਿਦਿਆਰਥੀ ਸਾਂਝੇ ਤੌਰ ’ਤੇ ਇੱਕ ਦੂਜੇ ਨੂੰ ਖੂਬ ਗਲੇ ਲੱਗ ਕੇ ਮਿਲੇ ਅਤੇ ਆਪਣੇ ਸਕੂਲੀ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ 50 ਸਾਲਾਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਉਸ ਸਮੇਂ ਤੋਂ ਖਿੰਡੀ ਹੋਈ ਮੋਤੀਆਂ ਦੀ ਇਹ ਮਾਲਾ ਅੱਜ ਮੁੜ ਇੱਕ ਮੰਚ 'ਤੇ ਇਕੱਠੀ ਵੇਖੀ ਗਈ, ਪਰ ਕੁੱਝ ਉਹ ਮਣਕੇ ਇਨ੍ਹਾਂ ਵਿੱਚ ਨਹੀਂ ਹਨ,ਜੋ ਸਮੇਂ ਤੋਂ ਪਹਿਲਾਂ ਸਦਾ ਲਈ ਗੁਆਚ ਚੁੱਕੇ ਹਨ ਉਹਨਾਂ ਲਈ 2 ਮਿੰਟ ਦਾ ਮੌਨ ਧਾਰਿਆ ਗਿਆ। ਇਸ ਸਮਾਗਮ ਦੇ ਅੰਤ ਵਿੱਚ ਸਾਰੇ ਜਮਾਤੀਆਂ ਵੱਲੋਂ ਰਲ ਕੇ ਭੰਗੜਾ ਵੀ ਪਾਇਆ ਗਿਆ ਅਤੇ ਇਕ ਯਾਦਗਾਰੀ ਗਰੁੱਪ ਫੋਟੋ ਵੀ ਕਰਵਾਈ ਗਈ। ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਡਾ. ਗੁਰਾਦਿੱਤਾ ਸਿੰਘ ਸਿੱਧੂ, ਬਲਦੇਵ ਸਿੰਘ ਸੈਂਭੀ, ਅਜੀਤ ਸਿੰਘ ਦੂਆ, ਜਤਿੰਦਰ ਕੁਮਾਰ ਗੋਇਲ, ਮਾਸਟਰ ਗੁਰਮੇਲ ਸਿੰਘ, ਮਹਿੰਦਰ ਪਾਲ ਅਤੇ ਉਨਾਂ ਦੇ ਹੋਰ ਸਾਥੀਆਂ ਵੱਲੋਂ ਅਗਵਾਈ ਕੀਤੀ ਗਈ ਅਤੇ ਇੱਕ ਸਫਲਤਾਪੂਰਵਕ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਲਈ ਸਾਰੇ ਬੈਚ ਦੇ ਵਿਦਿਆਰਥੀ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਇਹ ਨਿਵੇਕਲਾ ਉਦਮ ਕਰਕੇ ਵਿਖਾਇਆ।
ਇਸ ਮੌਕੇ ਸਰਕਾਰੀ ਪ੍ਰਾਇਮਰੀ ਫੁਲੀ ਏ.ਸੀ. ਸਮਾਰਟ ਸਕੂਲ ਨਥਾਣਾ ਲੜਕੇ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਨੰਨ੍ਹੇ ਬੱਚਿਆਂ ਦਾ ਭੰਗੜਾ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਸਮਾਗਮ ਵਿੱਚ 1947 ਤੋਂ ਪਹਿਲਾਂ ਪੜ੍ਹਨ ਵਾਲਾ ਵਿਦਿਆਰਥੀ ਬਲਦੇਵ ਸਿੰਘ ਮਲੋਟ ਵੀ ਸਪੈਸ਼ਲ ਤੌਰ ਤੇ ਹਾਜ਼ਰ ਹੋਇਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਰਕਾਰੀ ਪ੍ਰਾਇਮਰੀ ਫੁਲੀ ਏਸੀ. ਸਮਾਰਟ ਸਕੂਲ ਨਥਾਣਾ ਦੇ ਸਮੂਹ ਸਟਾਫ਼ ਵੱਲੋਂ ਸ਼ਾਨਦਾਰ ਰੋਲ ਨਿਭਾਇਆ ਗਿਆ। ਇਸ ਮੌਕੇ ਨਰਿੰਦਰ ਸਿੰਘ ਨੈਰੀ, ਹਰਪ੍ਰੀਤ ਸਿੰਘ ਗਗਨ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਨਾਮੀ ਕੌਂਸਲਰ, ਰੇਸ਼ਮ ਸਿੰਘ, ਮੰਦਰ ਸਿੰਘ ਆਦਿ ਸ਼ਾਮਲ ਹੋਏ।