- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਦੀ ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ’ਚ ਲਿਆਵੇਗੀ ਨਵਾਂ ਮੋੜ: ਸਰੂਪ ਸਿੰਗਲਾ

-ਕਿਹਾ, ਪੰਜਾਬ ਦੇ ਵਿਕਾਸ ਲਈ ਮਜ਼ਬੂਤ ਤੇ ਦੂਰਦਰਸ਼ੀ ਨੀਤੀਆਂ ਬਣਾਉਣ ਦੀ ਲੋੜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰ ਪ੍ਰਧਾਨ ਅਤੇ ਸਾਬਕਾ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕਿਹਾ ਹੈ ਕਿ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਇਕੱਠ ਅਤੇ ਉਤਸ਼ਾਹ ਦੇ ਮਾਮਲੇ ਵਿੱਚ ਇਤਿਹਾਸਕ ਸਾਬਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰੀ ਹਲਕੇ ਵਿਚੋਂ ਵੱਡੀ ਗਿਣਤੀ ਵਿਚ ਲੋਕ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਲਿਆਵੇਗੀ। ਸਿੰਗਲਾ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚੋਂ ਕਰੀਬ ਤਿੰਨ ਹਜ਼ਾਰ ਤੋਂ ਵੱਧ ਲੋਕ ਮੋਗਾ ਰੈਲੀ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਇਸ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਰੈਲੀ ਵਿੱਚ ਜਾਣ ਲਈ ਬੱਸਾਂ, ਕਾਰਾਂ ਅਤੇ ਹੋਰ ਵਾਹਨਾਂ ਦਾ ਵੱਡਾ ਕਾਫਲਾ ਬਠਿੰਡਾ ਤੋਂ ਮੋਗਾ ਵੱਲ ਰਵਾਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰਾਂ ਅਤੇ ਆਮ ਲੋਕਾਂ ਵਿੱਚ ਇਸ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਭਾਜਪਾ ਆਗੂ ਨੇ ਦੱਸਿਆ ਕਿ ਪਾਰਟੀ ਦੇ ਆਗੂ ਅਤੇ ਵਰਕਰ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਵਿੱਚ ਜੁਟੇ ਹੋਏ ਹਨ ਤਾਂ ਜੋ ਵੱਡੀ ਗਿਣਤੀ ਵਿੱਚ ਲੋਕ ਰੈਲੀ ਵਿਚ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋਵੇਗੀ। ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਹੀ ਵਿਗੜ ਚੁੱਕੀ ਹੈ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਇਸ ਸਥਿਤੀ ਨੂੰ ਸੰਭਾਲਣ ਵਿੱਚ ਨਾਕਾਮ ਰਹੀ ਹੈ। ਹਰ ਰੋਜ਼ ਸੂਬੇ ਅੰਦਰ ਕਤਲੋਗਾਰਤ ਹੋ ਰਹੀ ਹੈ। ਵਪਾਰੀਆਂ ਨੂੰ ਫਿਰੌਤੀਆਂ ਲਈ ਫੋਨ ਆ ਰਹੇ ਹਨ। ਸਿੰਗਲਾ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਵੀ ਗੰਭੀਰ ਚਿੰਤਾ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਲੀ ਹਾਲਤ ਡਾਵਾਂਡੋਲ ਹੋ ਚੁੱਕੀ ਹੈ ਅਤੇ ਰਾਜ ’ਤੇ ਕਰਜ਼ੇ ਦਾ ਬੋਝ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਪੰਜਾਬ ਕਰਜ਼ੇ ਵਿੱਚ ਡੁੱਬਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਮਜ਼ਬੂਤ ਅਤੇ ਦੂਰਦਰਸ਼ੀ ਨੀਤੀਆਂ ਦੀ ਲੋੜ ਹੈ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਦੀ ਸਰਕਾਰ ਹੀ ਪੰਜਾਬ ਨੂੰ ਕਰਜ਼ੇ ਦੇ ਬੋਝ ਤੋਂ ਬਾਹਰ ਕੱਢ ਸਕਦੀ ਹੈ ਅਤੇ ਰਾਜ ਨੂੰ ਤਰੱਕੀ ਦੇ ਰਸਤੇ ’ਤੇ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਕਈ ਰਾਜਾਂ ਵਿੱਚ ਵਿਕਾਸ ਦਾ ਮਾਡਲ ਪੇਸ਼ ਕਰ ਚੁੱਕੀ ਹੈ ਤੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀ ਤਰੱਕੀ ਸੰਭਵ ਹੈ। ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ 14 ਮਾਰਚ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਸਿੰਗਲਾ ਨੇ ਆਖ਼ਿਰ ਵਿਚ ਕਿਹਾ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਅਤੇ ਸੂਬੇ ਦੀ ਤਰੱਕੀ ਚਾਹੁੰਦੇ ਹਨ, ਜਿਸ ਲਈ ਉਹ ਸਾਲ 2027 ਵਿਚ ਭਾਜਪਾ ਨੂੰ ਮੌਕਾ ਦੇਣਗੇ।