- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
14 ਅਪ੍ਰੈਲ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ

-ਸਰਹੱਦੀ ਇਲਾਕਿਆਂ ’ਚ ਹੋ ਰਹੀਆਂ ਘਟਨਾਵਾਂ ਕਾਰਨ ਲੋਕਾਂ ’ਚ ਬਣਿਆ ਚਿੰਤਾ ਦਾ ਮਾਹੌਲ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਐਤਵਾਰ ਨੂੰ ਤਲਵੰਡੀ ਸਾਬੋ ਵਿਖੇ ਪਾਰਟੀ ਆਗੂਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਸਿੱਖ ਕੌਮ ਇਸ ਵੇਲੇ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਇਸ ਲਈ ਸਮੇਂ ਦੀ ਲੋੜ ਹੈ ਕਿ ਕੌਮ ਇਕੱਠੀ ਹੋ ਕੇ ਇਨ੍ਹਾਂ ਮਸਲਿਆਂ ’ਤੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਵੱਲੋਂ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਸੱਦ ਕੇ ਸਿੱਖਾਂ ਨੂੰ ਸਨਾਤਨ ਧਰਮ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਸਿੱਖ ਕੌਮ ਦੀ ਵੱਖਰੀ ਪਛਾਣ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਇਸ ਦੌਰਾਨ ਮਾਨ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 25 ਅਧੀਨ ਸਿੱਖਾਂ ਨੂੰ ਹਿੰਦੂ ਦਰਸਾਇਆ ਜਾਂਦਾ ਹੈ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਪੱਸ਼ਟ ਰੂਪ ਵਿਚ ਦਰਜ ਹੈ ਕਿ “ਨਾ ਹਮ ਹਿੰਦੂ ਨਾ ਮੁਸਲਮਾਨ।”
ਉਨ੍ਹਾਂ ਕਿਹਾ ਕਿ ਗੁਰਬਾਣੀ ਸਿੱਖ ਕੌਮ ਦੀ ਵੱਖਰੀ ਧਾਰਮਿਕ ਅਤੇ ਆਤਮਿਕ ਪਛਾਣ ਨੂੰ ਸਪੱਸ਼ਟ ਕਰਦੀ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਉਹ ਇਤਿਹਾਸਕ ਧਰਤੀ ਹੈ ਜਿੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਕੌਮ ਦਾ ਸਦੀਵੀ ਗੁਰੂ ਐਲਾਨਿਆ ਸੀ। ਇਸ ਲਈ ਆਉਣ ਵਾਲੀ ਵਿਸਾਖੀ 14 ਅਪ੍ਰੈਲ ਨੂੰ ਇੱਥੇ ਵੱਡਾ ਇਕੱਠ ਕਰਕੇ ਗੁਰੂ ਸਾਹਿਬ ਦੀ ਸੋਚ ਅਤੇ ਸਿੱਖ ਕੌਮ ਦੀ ਏਕਤਾ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੀ ਸੋਚ ਪੰਜਾਬ ਦੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੰਜਾਬ ਨੂੰ ਜੰਗ ਦੇ ਮੈਦਾਨ ਵਾਂਗ ਬਣਾਉਣ ਦੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਹੋ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਤੇਲ ਅਤੇ ਗੈਸ ਦੀ ਆ ਰਹੀ ਕਮੀ ਨੂੰ ਦੂਰ ਕਰਨ ਲਈ ਇਰਾਨ ਤੋਂ ਗੈਸ ਪਾਈਪਲਾਈਨ ਪਾਕਿਸਤਾਨ ਰਾਹੀਂ ਭਾਰਤ ਤਕ ਲਿਆਂਦੀ ਜਾ ਸਕਦੀ ਹੈ, ਜਿਸ ਨਾਲ ਖੇਤਰ ਵਿਚ ਅਮਨ ਅਤੇ ਆਰਥਿਕ ਵਿਕਾਸ ਨੂੰ ਮਦਦ ਮਿਲ ਸਕਦੀ ਹੈ। ਮਾਨ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਅਮਨ ਅਤੇ ਸ਼ਾਂਤੀ ਦੇ ਰਾਹ ’ਤੇ ਚੱਲਦੀ ਆਈ ਹੈ ਤੇ ਅੱਗੇ ਵੀ ਆਪਣੀ ਗੁਰਸਿੱਖੀ ਦੇ ਸਿਧਾਂਤਾਂ ’ਤੇ ਡਟ ਕੇ ਖੜ੍ਹੀ ਰਹੇਗੀ। ਮੀਟਿੰਗ ਵਿਚ ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਕੁਲਦੀਪ ਸਿੰਘ ਭਾਗੋਵਾਲ ਜਰਨਲ ਸਕੱਤਰ, ਬਹਾਦਰ ਸਿੰਘ ਭਸੌੜ (ਮੈਂਬਰ ਪੀਏਸੀ), ਹਰਭਜਨ ਸਿੰਘ ਕਸਮੀਰੀ, ਪਰਮਿੰਦਰ ਸਿੰਘ ਬਾਲੀਆਵਾਲੀ, ਗੁਰਤੇਜ ਸਿੰਘ ਰਾਮਪੁਰਾ, ਦਰਸ਼ਨ ਸਿੰਘ ਮੰਡੇਰ (ਜ਼ਿਲ੍ਹਾ ਪ੍ਰਧਾਨ ਬਰਨਾਲਾ), ਬਲਵੀਰ ਸਿੰਘ ਬੱਛੋਆਣਾ, ਗੁਰਦੀਪ ਸਿੰਘ ਢੁੱਢੀ, ਮੱਖਣ ਸਿੰਘ ਸਮਾਓ ਜਨਰਲ ਸਕੱਤਰ ਯੂਥ ਵਿੰਗ, ਬਲਜੀਤ ਸਿੰਘ ਸੈਕਟਰੀ ਯੂਥ ਵਿੰਗ, ਹਰ ਫੂਲ ਸਿੰਘ ਬਠਿੰਡਾ ਸ਼ਹਿਰੀ ਪ੍ਰਧਾਨ, ਸਿਮਰਨਜੋਤ ਸਿੰਘ ਖਾਲਸਾ, ਨਵਪ੍ਰੀਤ ਸਿੰਘ ਅਕਲੀਆ, ਗੁਰਚਰਨ ਸਿੰਘ ਕੋਟਲੀ, ਸੁਖਦੇਵ ਸਿੰਘ ਕਾਲਾ, ਦਰਸ਼ਨ ਸਿੰਘ ਦਲੇਰ, ਬਲਦੇਵ ਸਿੰਘ ਗਗੜਾ ਤੇ ਬਲਜੀਤ ਸਿੰਘ ਘੁੱਦਾ ਆਦਿ ਮੌਜੂਦ ਸਨ।