ਹੈਰੋਇਨ ਤੇ ਪਾਬੰਦੀਸ਼ੁਦਾ ਦਵਾਈਆਂ ਸਮੇਤ 12 ਜਣੇ ਕਾਬੂ
ਭਾਰੀ ਮਾਤਰਾ ਨਸ਼ੀਲੇ ਪਦਾਰਥਾਂ ਸਮੇਤ 12 ਵਿਅਕਤੀ ਗ੍ਰਿਫਤਾਰ, 161.46 ਗ੍ਰਾਮ ਹੈਰੋਇਨ 60 ਕੈਪਸੂਲ ਅਤੇ 60 ਨਸ਼ੀਲੀਆਂ ਗੋਲੀਆਂ ਬਰਾਮਦ
Publish Date: Mon, 02 Feb 2026 04:41 PM (IST)
Updated Date: Tue, 03 Feb 2026 04:05 AM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਸਥਾਨਕ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 12 ਵਿਅਕਤੀਆਂ ਨੂੰ ਭਾਰੀ ਮਾਤਰਾ ’ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਇਨ੍ਹਾਂ ਮੁਲਜ਼ਮਾਂ ਕੋਲੋਂ 161.46 ਗ੍ਰਾਮ ਹੈਰੋਇਨ, 60 ਪਾਬੰਦੀਸ਼ੁਦਾ ਕੈਪਸੂਲ ਤੇ 60 ਗੋਲੀਆਂ ਬਰਾਮਦ ਕੀਤੀਆਂ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪਾਮਾਰੀ ਕਰਦਿਆਂ ਧੋਬੀਆਨਾ ਬਸਤੀ ਤੋਂ ਕੁਨਾਲ ਦੁੱਗਲ ਨੂੰ ਸੱਤ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਸੀਆਈਏ-ਇਕ ਦੀ ਪੁਲਿਸ ਨੇ ਹੀ ਜਲੇਬੀ ਚੌਕ ਨੇੜੇ ਗਸ਼ਤ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 128 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਸ ਦੀ ਪਛਾਣ ਸੰਤ ਰਾਮ ਵਾਸੀ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਇਸ ਤਰ੍ਹਾਂ ਹੀ ਥਾਣਾ ਥਰਮਲ ਦੀ ਪੁਲਿਸ ਨੇ ਸਰਹੰਦ ਨਹਿਰ ਥਰਮਲ ਪਲਾਂਟ ਦੀ ਝੀਲ ਨੇੜੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਇਕ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 3.56 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ, ਜਿਸ ਦੀ ਪਛਾਣ ਰਾਹੁਲ ਸ਼ਰਮਾ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਵਜੋਂ ਹੋਈ ਹੈ। ਥਾਣਾ ਨੇਹੀਆਵਾਲਾ ਦੀ ਪੁਲਿਸ ਨੇ ਪਿੰਡ ਬੁਰਜ ਮਹਿਮਾ ਤੋਂ ਲਖਵੀਰ ਸਿੰਘ ਵਾਸੀ ਪਿੰਡ ਭਿਸੀਆਣਾ ਨੂੰ 2.6 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਭਗਤਾ ਭਾਈਕਾ ਦੀ ਪੁਲਿਸ ਨੇ ਪਿੰਡ ਮਲੂਕਾ ’ਚ ਛਾਪਾਮਾਰੀ ਦੌਰਾਨ ਮੱਖਣ ਸਿੰਘ ਨੂੰ 60 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ, ਜਦਕਿ ਥਾਣਾ ਫੂਲ ਦੀ ਪੁਲਿਸ ਨੇ ਸਿਕੰਦਰ ਸਿੰਘ ਪਿੰਡ ਹਰਨਾਮ ਸਿੰਘ ਵਾਲਾ ਨੂੰ 60 ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਦਾਣਾ ਮੰਡੀ ਰਾਮਪੁਰਾ ’ਚ ਖੜ੍ਹੇ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ, ਤਾਂ ਉਨ੍ਹਾਂ ਕੋਲੋਂ 7.10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵੇਂ ਮੁਲਜਮਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਰਣਜੀਤ ਸਿੰਘ ਤੇ ਅਰਸ਼ਦੀਪ ਕੌਰ ਵਾਸੀ ਰਾਮਪੁਰਾ ਵਜੋਂ ਹੋਈ ਹੈ। ਥਾਣਾ ਸਦਰ ਰਾਮਪੁਰਾ ਦੀ ਪੁਲਿਸ ਨੇ ਪਿੰਡ ਚਾਉਕੇ ’ਚ ਛਾਪਾਮਾਰੀ ਕਰਦਿਆਂ ਪ੍ਰਦੀਪ ਸਿੰਘ ਤੇ ਖੁਸ਼ਪ੍ਰੀਤ ਸਿੰਘ ਵਾਸੀ ਚਾਉਕੇ ਨੂੰ ਛੇ ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ਜਦਕਿ ਥਾਣਾ ਮੌੜ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਘੁੰਮਣ ਕਲਾਂ ਵਿਚ ਛਾਪਾਮਾਰੀ ਕਰਦਿਆਂ ਸੰਦੀਪ ਸਿੰਘ ਤੇ ਸਲੀਮ ਵਾਸੀਆਨ ਪਿੰਡ ਘੁੰਮਣ ਕਲਾਂ ਨੂੰ 7.20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਨਸ਼ਾ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।