- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਦਰਦਨਾਕ ਸੜਕ ਹਾਦਸਾ, ਇਕ ਵਿਦਿਆਰਥੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

-ਐੱਨਐੱਫਐੱਲ ਚੌਕ ਨੇੜੇ ਬੀਐੱਸਐੱਨਐੱਲ ਦਾ ਡੱਗ ਬਣਿਆ ਹਾਦਸੇ ਦਾ ਕਾਰਨ, ਇੱਥੇ ਪਹਿਲਾਂ ਵੀ ਵਾਪਰ ਚੁੱਕੇ ਨੇ ਹਾਦਸੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹਮਾਰਗ ’ਤੇ ਸਥਿਤ ਐੱਨਐੱਫਐੱਲ ਚੌਕ ਨੇੜੇ ਸੋਮਵਾਰ ਦੇਰ ਰਾਤ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਰੁੱਖ ਨਾਲ ਜਾ ਟਕਰਾਈ। ਇਸ ਹਾਦਸੇ ’ਚ ਕਾਰ ’ਚ ਸਵਾਰ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਵਿਦਿਆਰਥੀ ਦੀ ਪਛਾਣ ਪ੍ਰਭਵੀਰ ਸਿੰਘ 16 ਸਾਲ ਤੇ ਜਖਮੀ ਦੀ ਪਛਾਣ ਸ਼ਾਨ ਦਿਲਰਾਜ ਸਿੰਘ 15 ਸਾਲ ਵਜੋਂ ਹੋਈ ਹੈ। ਦੋਵੇਂ ਨੌਜਵਾਨ ਸ਼ਹਿਰ ਸੇਂਟ ਜੇਵੀਅਰ ਵਰਲਡ ਸਕੂਲ ਬਠਿੰਡਾ ਦੇ 11ਵੀਂ ਦੇ ਵਿਦਿਆਰਥੀ ਸਨ। ਇਸ ਸੜਕ ਹਾਦਸੇ ਦੀ ਖ਼ਬਰ ਤੋਂ ਬਾਅਦ ਸਕੂਲ ਵਿਚ ਗਮ ਦਾ ਮਾਹੌਲ ਹੈ। ਜ਼ਖ਼ਮੀ ਨੌਜਵਾਨ ਸ਼ਾਨ ਦਿਲਰਾਜ ਸਿੰਘ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਦਾ ਕਾਰਨ ਉੱਘੜ ਦੁਗੜੀ ਸੜਕ ਬੀਐੱਸਐੱਨਐੱਲ ਦਾ ਡੱਗ ਬਣਿਆ ਹੈ। ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ। ਪ੍ਰਤੱਖਦਰਸ਼ੀਆਂ ਮੁਤਾਬਕ ਟੱਕਰ ਦੀ ਆਵਾਜ਼ ਇੰਨੀ ਉੱਚੀ ਸੀ ਕਿ ਆਸ-ਪਾਸ ਦੇ ਲੋਕ ਤੁਰੰਤ ਘਟਨਾ ਸਥਾਨ ਵੱਲ ਦੌੜ ਪਏ।
ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਕਾਰ ਦੀ ਗਤੀ ਜ਼ਿਆਦਾ ਹੋਣ ਕਾਰਨ ਚਾਲਕ ਵਾਹਨ ’ਤੇ ਕੰਟਰੋਲ ਗੁਆ ਬੈਠਾ, ਜਿਸ ਨਾਲ ਕਾਰ ਸਿੱਧੀ ਰੁੱਖ ਨਾਲ ਟਕਰਾਅ ਗਈ। ਹਾਲਾਂਕਿ ਪੁਲਿਸ ਵੱਲੋਂ ਹਾਦਸੇ ਦੇ ਹਰ ਪੱਖ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਨਐੱਫਐੱਲ ਚੌਕ ਨੇੜੇ ਸੜਕ ਦੀ ਬਣਾਵਟ ਲੰਮੇ ਸਮੇਂ ਤੋਂ ਲੋਕਾਂ ਲਈ ਖ਼ਤਰਾ ਬਣੀ ਹੋਈ ਹੈ। ਇੱਥੇ ਬੀਐੱਸਐੱਨਐੱਲ ਦੇ ਡੱਗ ਬਣੇ ਹੋਏ ਹਨ ਤੇ ਸੜਕ ਥਾਂ-ਥਾਂ ਉੱਚੀ-ਨੀਚੀ ਹੈ। ਇਸ ਕਾਰਨ ਤੇਜ਼ ਰਫ਼ਤਾਰ ਨਾਲ ਲੰਘਣ ਵਾਲੇ ਵਾਹਨ ਅਕਸਰ ਉਛਲ ਜਾਂਦੇ ਹਨ, ਜਿਸ ਨਾਲ ਚਾਲਕ ਦਾ ਸੰਤੁਲਨ ਵਿਗੜ ਜਾਂਦਾ ਹੈ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਇਸ ਕਾਰਨ ਇੱਥੇ ਵਾਰ-ਵਾਰ ਹਾਦਸੇ ਹੋ ਰਹੇ ਹਨ, ਪਰ ਸਬੰਧਤ ਵਿਭਾਗ ਵੱਲੋਂ ਅਜੇ ਤਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਸਥਾਨ ’ਤੇ ਪਹਿਲਾਂ ਵੀ ਕਈ ਗੰਭੀਰ ਹਾਦਸੇ ਵਾਪਰ ਚੁੱਕੇ ਹਨ। ਬੀਤੀ 11 ਦਸੰਬਰ ਨੂੰ ਸੀਆਈਡੀ ਦੇ ਸੇਵਾ ਮੁਕਤ ਇੰਸਪੈਕਟਰ ਖੇਤਾ ਸਿੰਘ ਦੀ ਸਕੂਟਰੀ ਵੀ ਇੱਥੇ ਹੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਹੋਰ ਵੀ ਕਈ ਵਾਹਨ ਚਾਲਕ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਐੱਨਐੱਫਐੱਲ ਚੌਕ ਨੇੜੇ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਬੀਐੱਸਐੱਨਐੱਲ ਦੇ ਡੱਗ ਨੂੰ ਸੁਰੱਖਿਅਤ ਬਣਾਇਆ ਜਾਵੇ ਤੇ ਚਿਤਾਵਨੀ ਬੋਰਡਾਂ ਦੇ ਨਾਲ-ਨਾਲ ਸਪੀਡ ਬ੍ਰੇਕਰ ਵੀ ਲਗਾਏ ਜਾਣ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਲੋਕਾਂ ਨੇ ਕਿਹਾ ਕਿ ਜੇ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ, ਤਾਂ ਇਹ ਥਾਂ ਇਸੇ ਤਰ੍ਹਾਂ ਹਾਦਸਾ ਪ੍ਰਭਾਵਿਤ ਖੇਤਰ ਬਣੀ ਰਹੇਗੀ।