- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਜ਼ੀਕਾਰਾਂ ਨੂੰ ਸਵਾ ਮਹੀਨੇ ’ਚ ਰਾਸ਼ੀ ਵਾਪਸ ਕਰਕੇ ਟਰੱਸਟ ਨੇ ਸਥਾਪਤ ਕੀਤਾ ਨਵਾਂ ਕੀਰਤੀਮਾਨ

-ਕਿਹਾ, ਅਰਜ਼ੀਕਾਰਾਂ ਨੂੰ ਸਵਾ ਮਹੀਨੇ ’ਚ ਰਾਸ਼ੀ ਵਾਪਸ ਕਰਕੇ ਟਰੱਸਟ ਨੇ ਸਥਾਪਤ ਕੀਤਾ ਨਵਾਂ ਕੀਰਤੀਮਾਨ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸ਼ਹੀਦ ਭਗਤ ਸਿੰਘ ਇਨਕਲੇਵ ਨਾਲ ਸਬੰਧਤ ਨਗਰ ਸੁਧਾਰ ਟਰੱਸਟ ਵੱਲੋਂ ਇਕ ਮਹੱਤਵਪੂਰਨ ਅਤੇ ਪ੍ਰਸ਼ੰਸਾਯੋਗ ਕਦਮ ਚੁੱਕਿਆ ਗਿਆ ਹੈ। ਟਰੱਸਟ ਨੇ ਪਲਾਟਾਂ ਲਈ ਅਰਜ਼ੀ ਦੇਣ ਵਾਲੇ ਹਜ਼ਾਰਾਂ ਅਰਜ਼ੀਕਾਰਾਂ ਦੀ ਜਮ੍ਹਾਂ ਰਾਸ਼ੀ ਸਿਰਫ਼ ਡੇਢ ਮਹੀਨੇ ਦੇ ਅੰਦਰ ਹੀ ਵਾਪਸ ਕਰਕੇ ਇਕ ਨਵਾਂ ਕੀਰਤੀਮਾਨ ਬਣਾਇਆ ਹੈ, ਜਿਸ ਨਾਲ ਲੋਕਾਂ ਵਿਚ ਨਗਰ ਸੁਧਾਰ ਟਰੱਸਟ ਪ੍ਰਤੀ ਵਿਸ਼ਵਾਸ ਹੋ ਵਧਿਆ ਹੈ। ਗੋਨਿਆਣਾ ਰੋਡ ’ਤੇ ਬਣਨ ਵਾਲੀ ਸ਼ਹੀਦ ਭਗਤ ਸਿੰਘ ਇਨਕਲੇਵ ਵਿੱਚ ਪਲਾਟ ਪ੍ਰਾਪਤ ਕਰਨ ਲਈ ਕੁੱਲ 4500 ਦੇ ਕਰੀਬ ਅਰਜ਼ੀਕਾਰਾਂ ਨੇ ਟਰੱਸਟ ਕੋਲ ਆਪਣੀਆਂ ਅਰਜ਼ੀਆਂ ਦੇ ਨਾਲ ਲੱਖਾਂ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾਈ ਸੀ। ਇਹ ਰਾਸ਼ੀ ਡਰਾਅ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲੰਮੇ ਸਮੇਂ ਤਕ ਵਾਪਸ ਨਹੀਂ ਮਿਲਦੀ, ਪਰ ਇਸ ਵਾਰ ਨਗਰ ਸੁਧਾਰ ਟਰੱਸਟ ਨੇ ਇਸ ਰਿਵਾਇਤ ਨੂੰ ਤੋੜਦਿਆਂ ਬੇਹੱਦ ਤੇਜ਼ੀ ਨਾਲ ਕਾਰਵਾਈ ਕੀਤੀ ਤੇ ਕਰੀਬ 3990 ਬਿਨੇਕਾਰਾਂ ਨੂੰ ਉਨ੍ਹਾਂ ਦੀ ਰਾਸ਼ੀ ਡੇਢ ਮਹੀਨੇ ਤੋਂ ਪਹਿਲਾਂ ਹੀ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤੀ। ਟਰੱਸਟ ਵੱਲੋਂ ਕੁੱਲ 116 ਪਲਾਟ ਡਰਾਅ ਰਾਹੀਂ ਕੱਢੇ ਗਏ ਸਨ, ਜਿਸ ਵਿੱਚ ਸਿਰਫ਼ ਚੁਣੇ ਗਏ ਅਰਜ਼ੀਕਾਰਾਂ ਨੂੰ ਹੀ ਪਲਾਟ ਅਲਾਟ ਕੀਤੇ ਗਏ, ਜਦਕਿ ਬਾਕੀ ਰਹਿ ਗਏ ਹਜ਼ਾਰਾਂ ਅਰਜ਼ੀਕਾਰਾਂ ਦੀ ਜਮ੍ਹਾਂ ਰਾਸ਼ੀ ਵਾਪਸ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰ ਦਿੱਤੀ ਗਈ। ਖਾਸ ਗੱਲ ਇਹ ਰਹੀ ਕਿ ਇਹ ਸਾਰੀ ਰਾਸ਼ੀ ਅਰਜ਼ੀਕਾਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਟਰਾਂਸਫਰ ਕੀਤੀ ਗਈ, ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਫ਼ਤਰੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਹੇਠ ਇਹ ਸਾਰੀ ਪ੍ਰਕਿਰਿਆ ਬਹੁਤ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ।
ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਿਨਾਂ ਲੋੜ ਦੇ ਰੋਕਣਾ ਠੀਕ ਨਹੀਂ ਅਤੇ ਟਰੱਸਟ ਦਾ ਫਰਜ਼ ਹੈ ਕਿ ਉਹ ਲੋਕਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖੇ। ਇਸ ਤੇਜ਼ ਤੇ ਸੁਚਾਰੂ ਕਾਰਵਾਈ ਨੂੰ ਲੈ ਕੇ ਅਰਜ਼ੀਕਾਰਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਪਲਾਟਾਂ ਲਈ ਅਪਲਾਈ ਕਰਨ ਵਾਲੇ ਰਾਜਿੰਦਰ ਕੁਮਾਰ, ਅਮਰਜੀਤ ਸਿੰਘ, ਨਰਪਿੰਦਰ ਸਿੰਘ ਤੇ ਸ਼ੁਭਾਸ ਕੁਮਾਰ ਨੇ ਟਰੱਸਟ ਦੇ ਇਸ ਕਦਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵਿੱਚ ਮਹੀਨਿਆਂ ਲੱਗ ਜਾਂਦੇ ਹਨ, ਪਰ ਇਸ ਵਾਰ ਟਰੱਸਟ ਨੇ ਸਿਰਫ਼ ਕੁਝ ਹੀ ਸਮੇਂ ਵਿੱਚ ਉਨ੍ਹਾਂ ਦੇ ਲੱਖਾਂ ਰੁਪਏ ਸਿੱਧੇ ਬੈਂਕ ਖਾਤਿਆਂ ਵਿਚ ਵਾਪਸ ਭੇਜ ਦਿੱਤੇ।
ਅਰਜ਼ੀਕਾਰਾਂ ਨੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਦਮ ਸਰਕਾਰੀ ਸੰਸਥਾਵਾਂ ਲਈ ਇਕ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ। ਇਸ ਨਾਲ ਲੋਕਾਂ ਦਾ ਵਿਸ਼ਵਾਸ ਵੀ ਸਰਕਾਰੀ ਪ੍ਰਣਾਲੀ ’ਤੇ ਮਜ਼ਬੂਤ ਹੋਇਆ ਹੈ। ਟਰੱਸਟ ਦੇ ਇਸ ਉਪਰਾਲੇ ਨੂੰ ਪ੍ਰਸ਼ਾਸਨਿਕ ਸੁਧਾਰਾਂ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਟਰੱਸਟ ਦੀ ਕਾਰਗੁਜ਼ਾਰੀ ’ਤੇ ਲੋਕਾਂ ਦਾ ਭਰੋਸਾ ਵਧਿਆ ਹੈ, ਸਗੋਂ ਇਹ ਸਾਬਤ ਹੋਇਆ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਸਰਕਾਰੀ ਕੰਮ ਵੀ ਤੇਜ਼ੀ ਅਤੇ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਸਕਦੇ ਹਨ।