ਬੱਸ ਤੇ ਟ੍ਰੈਕਟਰ-ਟਰਾਲੀ ਵਿਚਾਲੇ ਟੱਕਰ ’ਚ ਡਰਾਈਵਰ ਸਣੇ 3 ਜ਼ਖ਼ਮੀ
ਬਠਿੰਡਾ-ਡਬਵਾਲੀ ਹਾਈਵੇ ’ਤੇ ਬੱਸ ਅਤੇ ਟ੍ਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਡਰਾਈਵਰ ਸਮੇਤ 3 ਜਖ਼ਮੀ
Publish Date: Wed, 01 Apr 2026 05:44 PM (IST)
Updated Date: Thu, 02 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਡੱਬਵਾਲੀ ਨੈਸ਼ਨਲ ਹਾਈਵੇ ’ਤੇ ਬੁੱਧਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਅਮਰਪੁਰਾ ਉਰਫ਼ ਗੁਰਥੜੀ ਪਿੰਡ ਦੇ ਨੇੜੇ ਸਵੇਰੇ ਕਰੀਬ 7 ਵਜੇ ਇਕ ਬੱਸ ਅਤੇ ਪਰਾਲੀ ਨਾਲ ਭਰੀ ਟ੍ਰੈਕਟਰ-ਟਰਾਲੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ’ਚ ਬੱਸ ਡਰਾਈਵਰ ਸਮੇਤ ਤਿੰਨ ਜਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਬੱਸ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਕਰਮਚਾਰੀਆਂ ਨੂੰ ਲੈ ਕੇ ਰਾਮਾ ਮੰਡੀ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਟ੍ਰੈਕਟਰ-ਟਰਾਲੀ ਨਾਲ ਉਸਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਹਾਂ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਹਾਦਸੇ ’ਚ ਬੱਸ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਬੱਸ ’ਚ ਸਵਾਰ ਤਿੰਨ ਹੋਰ ਕਰਮਚਾਰੀਆਂ ਨੂੰ ਹਲਕੀਆਂ ਚੋਟਾਂ ਲੱਗੀਆਂ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਸੜਕ ਸੁਰੱਖਿਆ ਫੋਰਸ ਵੱਲੋਂ ਪਹਿਲੀ ਸਹਾਇਤਾ ਦਿੱਤੀ ਗਈ। ਹਾਦਸੇ ਉਪਰੰਤ ਕੁਝ ਸਮੇਂ ਲਈ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਰਹੀ ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਹਾਲਾਤ ਨੂੰ ਕਾਬੂ ਵਿੱਚ ਕੀਤਾ। ਮੌਕੇ ’ਤੇ ਮੌਜੂਦ ਸਮਾਜ-ਸੇਵੀ ਸਿਕੰਦਰ ਕੁਮਾਰ ਮਸਾਣਾ ਨੇ ਦੱਸਿਆ ਕਿ ਟੱਕਰ ਕਾਫ਼ੀ ਤੇਜ਼ ਸੀ, ਜਿਸ ਕਾਰਨ ਦੋਹਾਂ ਵਾਹਨਾਂ ਨੂੰ ਗੰਭੀਰ ਨੁਕਸਾਨ ਹੋਇਆ ਹੈ। ਫਿਲਹਾਲ ਥਾਣਾ ਸੰਗਤ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।