- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਅੰਦਰ ਦੋ ਦਿਨਾਂ ਵਿੱਚ ਤਿੰਨ ਚੋਰੀਆਂ, ਸੀਸੀਟੀਵੀ ’ਚ ਕੈਦ ਹੋਣ ਦੇ ਬਾਵਜੂਦ ਨਹੀਂ ਗ੍ਰਿਫ਼ਤਾਰੀ

-ਬਠਿੰਡਾ ’ਚ ਅਪਰਾਧੀ ਬੇਲਗਾਮ, ਪੁਲਿਸ ਪ੍ਰਸ਼ਾਸਨ ਹੋਇਆ ਬੇਵੱਸ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਨਾ ਕਾਨੂੰਨ ਦਾ ਡਰ ਹੈ, ਨਾ ਹੀ ਪੁਲਿਸ ਦੀ ਕੋਈ ਚਿੰਤਾ। ਪਿਛਲੇ ਦੋ ਦਿਨਾਂ ਵਿਚ ਬਠਿੰਡਾ ਵਿਚ ਤਿੰਨ ਚੋਰੀ ਅਤੇ ਠੱਗੀ ਦੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨਾਂ ਹੀ ਘਟਨਾਵਾਂ ਦੇ ਦੋਸ਼ੀ ਸੀਸੀਟੀਵੀ ਕੈਮਰਿਆਂ ’ਚ ਸਪੱਸ਼ਟ ਤੌਰ ’ਤੇ ਕੈਦ ਹੋ ਗਏ, ਪਰ ਫਿਰ ਵੀ ਪੁਲਿਸ ਕਿਸੇ ਨੂੰ ਗ੍ਰਿਫ਼ਤਾਰ ਕਰਨ ਵਿਚ ਅਸਫਲ ਰਹੀ ਹੈ। ਪਹਿਲੀ ਵਾਰਦਾਤ ਪਰਿੰਦਾ ਰੋਡ ’ਤੇ ਸਥਿਤ ਇਕ ਕਲੀਨਿਕ ਵਿੱਚ ਵਾਪਰੀ। ਦਿਨ ਦਿਹਾੜੇ ਦੋ ਅਣਪਛਾਤੇ ਨੌਜਵਾਨ ਡਾਕਟਰ ਦੀ ਕਲੀਨਿਕ ਵਿੱਚ ਦਾਖ਼ਲ ਹੋਏ ਅਤੇ ਡਾਕਟਰ ਦਾ ਪਰਸ ਚੁੱਕ ਕੇ ਭੱਜ ਗਏ। ਪਰਸ ਵਿੱਚ ਕਰੀਬ 9 ਹਜ਼ਾਰ ਰੁਪਏ ਨਕਦ ਤੇ ਜ਼ਰੂਰੀ ਦਸਤਾਵੇਜ਼ ਸਨ। ਇਹ ਸਾਰੀ ਘਟਨਾ ਕਲੀਨਕ ਬਾਹਰ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਫੁਟੇਜ ਹਾਸਲ ਕਰ ਕੇ ਜਾਂਚ ਸ਼ੁਰੂ ਕੀਤੀ, ਪਰ ਦੋ ਦਿਨ ਬੀਤਣ ਦੇ ਬਾਵਜੂਦ ਦੋਸ਼ੀਆਂ ਨੂੰ ਫੜਨ ਵਿਚ ਅਸਫਲ ਰਹੀ।
ਦੂਜੀ ਵਾਰਦਾਤ ਸੌ ਫੁੱਟ ਰੋਡ ਦੇ ਨਿੱਜੀ ਹਸਪਤਾਲ ਦੇ ਬਾਹਰ ਵਾਪਰੀ, ਜਿੱਥੋਂ ਇਕ ਮਰੀਜ਼ ਦੀ ਮੋਟਰਸਾਈਕਲ ਚੋਰੀ ਹੋ ਗਈ। ਇਹ ਘਟਨਾ 7 ਫ਼ਰਵਰੀ ਦੀ ਸ਼ਾਮ ਦੀ ਹੈ। ਪੀੜਤ ਦੀ ਪਛਾਣ ਪਿੰਡ ਕੋਟਫੱਤਾ ਦੇ ਯਾਦਵਿੰਦਰ ਸਿੰਘ ਵਜੋਂ ਹੋਈ। ਉਹ ਹਸਪਤਾਲ ਕਿਸੇ ਕੰਮ ਲਈ ਆਏ ਸਨ ਅਤੇ ਆਪਣਾ ਮੋਟਰਸਾਈਕਲ ਨੰਬਰ ਪੀਬੀ-03 ਏਐਫ਼-6258 ਹਸਪਤਾਲ ਦੇ ਬਾਹਰ ਖੜ੍ਹਾ ਕੀਤਾ ਸੀ। ਇਸ ਦੌਰਾਨ ਇਕ ਅਣਪਛਾਤਾ ਨੌਜਵਾਨ ਮੌਕੇ ਦਾ ਫਾਇਦਾ ਚੁੱਕ ਕੇ ਮੋਟਰਸਾਈਕਲ ਲੈ ਕੇ ਭੱਜ ਗਿਆ। ਇਹ ਘਟਨਾ ਵੀ ਹਸਪਤਾਲ ਦੇ ਬਾਹਰ ਲਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੀੜਤ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਪਰ ਪੁਲਿਸ ਹੁਣ ਤਕ ਦੋਸ਼ੀ ਨੂੰ ਪਕੜਨ ਵਿਚ ਅਸਫਲ ਰਹੀ।
ਤੀਜੀ ਤੇ ਸਭ ਤੋਂ ਚਿੰਤਾਜਨਕ ਵਾਰਦਾਤ ਆਦੇਸ਼ ਹਸਪਤਾਲ ਦੇ ਬਾਹਰ ਸਥਿਤ ਏਟੀਐਮ ਵਿੱਚ ਵਾਪਰੀ। ਪੈਸੇ ਕਢਵਾਉਣ ਲਈ ਆਏ ਇਕ ਨੌਜਵਾਨ ਦਾ ਏਟੀਐਮ ਕਾਰਡ ਦੋ ਅਣਪਛਾਤੇ ਵਿਅਕਤੀਆਂ ਨੇ ਚਲਾਕੀ ਨਾਲ ਬਦਲ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਦੂਜੇ ਏਟੀਐੱਮ ਤੋਂ ਪੀੜਤ ਦੇ ਖਾਤੇ ’ਚੋਂ ਕਰੀਬ 23,500 ਰੁਪਏ ਕਢਵਾ ਲਏ। ਪੀੜਤ ਨੂੰ ਇਹ ਜਾਣਕਾਰੀ ਉਸ ਸਮੇਂ ਹੋਈ, ਜਦੋਂ ਉਸਦੇ ਮੋਬਾਈਲ ’ਤੇ ਪੈਸੇ ਕੱਢੇ ਜਾਣ ਦੇ ਮੈਸੇਜ ਆਏ। ਪੀੜਤ ਨੇ ਏਟੀਐੱਮ ’ਚ ਲੱਗੇ ਸੀਸੀਟੀਵੀ ਫੁਟੇਜ਼ ਚੈੱਕ ਕੀਤੇ, ਜਿਸ ਵਿੱਚ ਦੋ ਸ਼ੱਕੀ ਨੌਜਵਾਨ ਨਜ਼ਰ ਆਏ। ਉਸਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ, ਪਰ ਹੁਣ ਤਕ ਪੁਲਿਸ ਦੇ ਹੱਥ ਖਾਲੀ ਹੈ। ਇਨ੍ਹਾਂ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਬਠਿੰਡਾ ’ਚ ਕਾਨੂੰਨ-ਵਿਵਸਥਾ ਬੇਹੱਦ ਮਾੜੀ ਹੋ ਚੁੱਕੀ ਹੈ। ਲੋਕਾਂ ਨੇ ਕਿਹਾ ਕਿ ਜੇਕਰ ਸੀਸੀਟੀਵੀ ਕੈਮਰਿਆਂ ਫੁਟੇਜ਼ ਹੋਣ ਦੇ ਬਾਵਜੂਦ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤੇ ਜਾ ਰਹੇ, ਤਾਂ ਆਮ ਨਾਗਰਿਕ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮੰਨ ਸਕਦੇ ਹਨ। ਜ਼ਿਲ੍ਹੇ ਦੀ ਨਵੀਂ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਅਪਰਾਧ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹਾਲੇ ਤਕ ਕੁਝ ਖਾਸ ਫਲ ਨਹੀਂ ਮਿਲਿਆ। ਲਗਾਤਾਰ ਵਧਦੇ ਅਪਰਾਧਾਂ ਨੇ ਬਠਿੰਡਾ ਵਿੱਚ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।