ਘਟੀਆ ਸਮੱਗਰੀ ਨਾਲ ਬਣ ਰਿਹੈ ਸਟੇਡੀਅਮ ਦਾ ਲੋਕਾਂ ਨੇ ਲਾਇਆ ਦੋਸ਼
ਘਟੀਆ ਸਮੱਗਰੀ ਨਾਲ ਬਣ ਰਿਹਾ ਸਟੇਡੀਅਮ, ਪਿੰਡ ਵਾਸੀ ਵਾਸੀਆਂ ਨੇ ਲਾਏ ਦੋਸ਼
Publish Date: Mon, 23 Feb 2026 06:31 PM (IST)
Updated Date: Tue, 24 Feb 2026 04:08 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ :
ਬਲਾਕ ਰਾਮਪੁਰਾ ਦੇ ਪਿੰਡ ਬਾਲਿਆਂਵਾਲੀ ਵਿਖੇ ‘ਰੰਗਲਾ ਪੰਜਾਬ’ ਮੁਹਿੰਮ ਤਹਿਤ ਬਣ ਰਹੇ ਖੇਡ ਸਟੇਡੀਅਮ ਸਮੇਤ ਹੋਰ ਵਿਕਾਸ ਕਾਰਜਾਂ ਵਿੱਚ ਘਟੀਆ ਮਟੀਰੀਅਲ ਵਰਤੇ ਜਾਣ ਦੇ ਲੋਕਾਂ ਨੇ ਗੰਭੀਰ ਦੋਸ਼ ਲਾਏ ਹਨ। ਪਿੰਡ ਦੇ ਨੌਜਵਾਨਾਂ ਨੇ ਠੇਕੇਦਾਰ ਅਤੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਮਿਲੀਭੁਗਤ ਦਾ ਸ਼ੱਕ ਜਤਾਉਂਦਿਆਂ ਡੂੰਘੀ ਜਾਂਚ ਦੀ ਮੰਗ ਕੀਤੀ ਹੈ। ਪਿੰਡ ਦੇ ਸਮਾਜ ਸੇਵੀ ਨੌਜਵਾਨ ਜਗਜੀਤ ਸਿੰਘ ਜੱਗਾ, ਅੰਮ੍ਰਿਤਪਾਲ ਸਿੰਘ, ਸੰਮਾ, ਭਿੰਦੂ ਮਿੱਤਲ, ਨੋਨਾ ਅਤੇ ਨੇਸਾ ਆਦਿ ਨੇ ਦੱਸਿਆ ਕਿ ਖੇਡ ਮੈਦਾਨ ਅਤੇ ਬਾਥਰੂਮਾਂ ਦੀ ਬਣ ਰਹੀ ਇਮਾਰਤ ਵਿੱਚ ਬੇਹੱਦ ਗੈਰ-ਮਿਆਰੀ ਦਰਜੇ ਦੀਆਂ ਪਿੱਲੀਆਂ ਇੱਟਾਂ, ਮਿੱਟੀ ਵਰਗੀ ਲੋਕਲ ਬਰੇਤੀ ਅਤੇ ਘਟੀਆ ਕਿਸਮ ਦਾ ਸੀਮਿੰਟ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੇ ਬਣ ਰਹੀਆਂ ਕੰਧਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇੱਟਾਂ ਹੱਥ ਲਗਾਉਣ ਨਾਲ ਹੀ ਢਿੱਲੀਆਂ ਹੋ ਰਹੀਆਂ ਹਨ ਅਤੇ ਪਲਾਸਟਰ ਤੋਂ ਪਹਿਲਾਂ ਹੀ ਕੰਧਾਂ ਵਿੱਚ ਦਰਾਰਾਂ ਪੈ ਰਹੀਆਂ ਹਨ। ਨੌਜਵਾਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਮਟੀਰੀਅਲ ਵਰਤਿਆ ਗਿਆ ਤਾਂ ਇਮਾਰਤ ਇਕ ਸਾਲ ਵੀ ਨਹੀਂ ਟਿਕੇਗੀ ਅਤੇ ਹੋਰ ਸਰਕਾਰੀ ਇਮਾਰਤਾਂ ਵਾਂਗ ਖੰਡਰ ਬਣ ਜਾਵੇਗੀ। ਠੇਕੇਦਾਰ ਨੂੰ ਕਈ ਵਾਰ ਗੁਣਵੱਤਾ ਬਾਰੇ ਅਪੀਲ ਕੀਤੀ ਗਈ, ਪਰ ਗੱਲ ਅਣਸੁਣੀ ਕਰ ਦਿੱਤੀ ਗਈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਕੰਧਾਂ ’ਤੇ ਪਲਾਸਟਰ ਕਰਨ ਤੋਂ ਪਹਿਲਾਂ ਵਰਤੇ ਗਏ ਮਟੀਰੀਅਲ ਦੀ ਤਕਨੀਕੀ ਜਾਂਚ ਕਰਵਾਈ ਜਾਵੇ। ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਕਰਦਿਆਂ ਬਾਲਿਆਂਵਾਲੀ ਵਿਖੇ ਲਗਭਗ 42 ਲੱਖ ਰੁਪਏ ਦੇ ਟੈਂਡਰ ਇਕ ਹੀ ਠੇਕੇਦਾਰ ਨੂੰ ਜਾਰੀ ਕੀਤੇ ਗਏ ਹਨ, ਪਰ ਘਟੀਆ ਸਮੱਗਰੀ ਵਰਤਣ ਨਾਲ ਸਰਕਾਰ ਦੀ ਛਵੀ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਨੌਜਵਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਸਦਾ ਰਾਜਨੀਤਕ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਘਟੀਆ ਮਟੀਰੀਅਲ ਵਰਤਣ ਵਾਲੇ ਠੇਕੇਦਾਰ ਦਾ ਲਾਇਸੰਸ ਰੱਦ ਕਰਕੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਠੇਕੇਦਾਰ ਅਸ਼ੋਕ ਕੁਮਾਰ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਰਾ ਮਟੀਰੀਅਲ ਉੱਚ ਗੁਣਵੱਤਾ ਦਾ ਹੈ ਅਤੇ ਪੰਚਾਇਤ ਦੇ ਟੈਕਨੀਕਲ ਵਿਭਾਗ ਦੇ ਜੇਈ. ਤੇ ਐੱਸਡੀਓ. ਵੱਲੋਂ ਪਾਸ ਕੀਤਾ ਗਿਆ ਹੈ। ਦੂਜੇ ਪਾਸੇ ਮੈਹਿਕਮੇ ਦੇ ਅਧਿਕਾਰੀਆਂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕੰਮਾਂ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜੇਕਰ ਕੋਈ ਕਮੀ ਸਾਹਮਣੇ ਆਈ ਤਾਂ ਤੁਰੰਤ ਦੂਰ ਕਰਵਾਈ ਜਾਵੇਗੀ।