ਆਤਿਸ਼ੀ ਮਾਰਲੇਨਾ ਖ਼ਿਲਾਫ਼ ਅਕਾਲੀ ਦਲ ਦਾ ਜ਼ੋਰਦਾਰ ਪ੍ਰਦਰਸ਼ਨ
ਨੌਵੇਂ ਪਾਤਿਸ਼ਾਹ ਦਾ ਅਪਮਾਨ ਕਰਨ ਵਾਲੀ ਆਤਿਸ਼ੀ ਮਾਰਲੇਨਾ ਖ਼ਿਲਾਫ਼ ਅਕਾਲੀ ਦਲ ਦਾ ਦਾ ਜ਼ੋਰਦਾਰ ਪ੍ਰਦਰਸ਼ਨ,
Publish Date: Sat, 10 Jan 2026 05:14 PM (IST)
Updated Date: Sun, 11 Jan 2026 04:03 AM (IST)

ਅਪਰਾਧਿਕ ਕਾਰਵਾਈਆਂ ਤਹਿਤ ਕੇਸ ਦਰਜ ਕਰਕੇ ਤਰੁੰਤ ਗ੍ਰਿਫਤਾਰ ਕਰਨ ਦੀ ਮੰਗ ਸਿੱਖ ਗੁਰੂਆਂ ਦਾ ਅਪਮਾਨ ਕਰਨ ਵਾਲੇ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੋਂ ਹਟਾਏ ਜਾਣ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਵੱਲੋਂ ਦਿੱਲੀ ਵਿਧਾਨ ਸਭਾ ਦੇ ਪਵਿੱਤਰ ਮੰਚ ‘ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਬੋਲੇ ਗਏ ਅਪਮਾਨਜਨਕ ਸ਼ਬਦਾਂ ਖਿਲਾਫ਼ ਸ੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਗੋਲਡੀ ਦੀ ਅਗਵਾਈ ਹੇਠ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਧਰਨੇ ਵਿਚ ਪੁੱਜੇ ਵੱਡੀ ਗਿਣਤੀ ਅਕਾਲੀ ਵਰਕਰਾਂ ਨੇ ਆਮ ਆਦਮੀ ਪਾਰਟੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਅਤੇ ਸ਼ਹਿਰੀ ਪ੍ਰਧਾਨ ਸੁਸ਼ੀਲ ਗੋਲਡੀ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਤਿਸ਼ੀ ਮਾਰਲੇਨਾ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਵਿਧਾਨ ਸਭਾ ਵਿੱਚ ਵਰਤੇ ਗਏ ਸ਼ਬਦ ਸਿੱਖ ਕੌਮ ਹੀ ਨਹੀਂ ਸਗੋਂ ਸਮੁੱਚੀ ਮਨੁੱਖਤਾ ਦਾ ਅਪਮਾਨ ਹੈ, ਜਿਸ ਨੂੰ ਸ੍ਰੋਮਣੀ ਅਕਾਲੀ ਦਲ ਕਦੇ ਵੀ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿਰਫ਼ ਸਿੱਖਾਂ ਦੇ ਹੀ ਨਹੀਂ, ਸਗੋਂ ਪੂਰੇ ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਹਨ। ਅਜਿਹੇ ਮਹਾਨ ਗੁਰੂਆਂ ਬਾਰੇ ਅਪਸ਼ਬਦ ਵਰਤਣਾ ਅਮਨ-ਕਾਨੂੰਨ ਅਤੇ ਸਮਾਜਿਕ ਸਾਂਝ ਲਈ ਖ਼ਤਰਨਾਕ ਹੈ। ਵਿਧਾਨ ਸਭਾ ਜਿਹੇ ਸੰਵਿਧਾਨਕ ਮੰਚ ‘ਤੇ ਬੈਠ ਕੇ ਗੁਰੂ ਸਾਹਿਬਾਨ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਆਮ ਆਦਮੀ ਪਾਰਟੀ ਦੀ ਅਸਲੀ ਸੋਚ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਤਿਸ਼ੀ ਨੇ ਜਾਣ-ਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਬਿਆਨ ਕਿਸੇ ਭੁੱਲ ਜਾਂ ਅਗਿਆਨਤਾ ਦਾ ਨਤੀਜਾ ਨਹੀਂ, ਸਗੋਂ ਇਕ ਸੋਚੀ-ਸਮਝੀ ਰਣਨੀਤੀ ਹੈ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਆਤਿਸ਼ੀ ਖਿਲਾਫ਼ ਅਪਰਾਧਿਕ ਕਾਰਵਾਈਆਂ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸਦੀ ਵਿਧਾਨ ਸਭਾ ਮੈਂਬਰਸ਼ਿਪ ਖਾਰਜ ਕੀਤੀ ਜਾਵੇ। ਸ੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ਼ ਇਕਬਾਲ ਸਿੰਘ ਬਬਲੀ ਢਿੱਲੋਂ, ਹਲਕਾ ਤਲਵੰਡੀ ਸਾਬੋ ਦੇ ਇੰਚਾਰਜ਼ ਰਵੀਪ੍ਰੀਤ ਸਿੰਘ ਸਿੱਧੂ , ਸੀਨੀਅਰ ਅਕਾਲੀ ਆਗੂ ਮੋਹਿਤ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਗੁਰੂ ਕੀ ਗੋਲਕ ਅਤੇ ਸਿੱਖ ਰਹਿਤ ਮਰਿਆਦਾ ਵਰਗੇ ਅਤਿ ਸੰਵੇਦਨਸ਼ੀਲ ਮਸਲਿਆਂ ‘ਤੇ ਬੇਲਗਾਮ ਟਿੱਪਣੀਆਂ ਕਰ ਰਹੇ ਹਨ, ਜੋ ਕਿ ਇਕ ਮੁੱਖ ਮੰਤਰੀ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦੀਆਂ। ਆਮ ਆਦਮੀ ਪਾਰਟੀ ਦੀ ਸਰਕਾਰਾਂ ਨੇ ਪੰਜਾਬ ਅਤੇ ਦਿੱਲੀ ਵਿੱਚ ਨਾਕਾਮੀਆਂ ਛੁਪਾਉਣ ਲਈ ਧਾਰਮਿਕ ਮਸਲਿਆਂ ਨੂੰ ਵਿਵਾਦਿਤ ਬਣਾਉਣਾ ਆਪਣਾ ਹਥਕੰਡਾ ਬਣਾ ਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਬੇਰੋਜ਼ਗਾਰੀ, ਨਸ਼ੇ, ਕਾਨੂੰਨ-ਵਿਵਸਥਾ ਦੀ ਗਿਰਾਵਟ ਅਤੇ ਆਰਥਿਕ ਮੰਦਹਾਲੀ ਵਰਗੇ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਰਨੇ ਦੌਰਾਨ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਇਕਸੁਰ ਹੋ ਕੇ ਮੰਗ ਕੀਤੀ ਕਿ ਆਤਿਸ਼ੀ ਅਤੇ ਭਗਵੰਤ ਮਾਨ ਤੁਰੰਤ ਸਿੱਖ ਕੌਮ ਕੋਲੋਂ ਬਿਨਾਂ ਕਿਸੇ ਸ਼ਰਤ ਦੇ ਸਰਵਜਨਕ ਤੌਰ ‘ਤੇ ਮਾਫ਼ੀ ਮੰਗਣ। ਅਕਾਲੀ ਆਗੂਆਂ ਨੇ ਕਿਹਾ ਕਿ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਲਗਾਤਾਰ ਸਿੱਖ ਗੁਰੂਆਂ ਤੇ ਸਿੱਖ ਸਖਸ਼ੀਅਤਾਂ ਸਬੰਧੀ ਅਪੱਤੀਜਨਕ ਵੀਡੀਓ ਕਲਿੱਪਸ ਚੱਲ ਰਹੇ ਹਨ, ਜਿਹੜੇ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਾ ਰਹੇ ਹਨ ਅਤੇ ਸਮਾਜ ਵਿਚ ਤਨਾਅ ਪੈਦਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਵੀਡੀਓ ਕਲਿੱਪਸ ਨੂੰ ਸ਼ੋਸਲ ਮੀਡੀਆ ਤੋਂ ਹਟਾਇਆ ਜਾਵੇ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਜਾਣ। ਧਰਨੇ ਵਿੱਚ ਪਹੁੰਚ ਕੇ ਤਹਿਸੀਲਦਾਰ ਨੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਮੰਗ ਪੱਤਰ ਹਾਸਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਸੇਵਾ ਮੁਕਤ ਓਐਸਡੀ, ਸੀਨੀਅਰ ਆਗੂ ਮੋਹਿਤ ਗੁਪਤਾ, ਡਾਕਟਰ ਦਲਜੀਤ ਸਿੰਘ ਭੁੱਚੋ, ਗੁਰਲਾਲ ਸਿੰਘ ਢੇਲਵਾਂ ਸਰਕਲ ਪ੍ਰਧਾਨ, ਸਵਰਨ ਸਿੰਘ ਆਕਲੀਆ, ਅਮਰਜੀਤ ਸਿੰਘ ਜੰਡਾਂਵਾਲਾ, ਐਡਵੋਕੇਟ ਸਤਿੰਦਰ ਸਿੰਘ, ਸੰਦੀਪ ਸਿੰਘ ਬਾਠ, ਬਲਵਿੰਦਰ ਕੌਰ, ਸੁਖਚੈਨ ਬਰਾੜ, ਜ਼ਿਲ੍ਹਾ ਪ੍ਰੀਜ਼ਿਲ੍ਹਾ ਪ੍ਰੀਸ਼ਦ ਮੈਂਬਰਸ਼ਦ ਮੈਂਬਰ ਗੁਇਕਬਾਲ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਵਰਨ ਸਿੰਘ ਪੂਹਲੀ ਅਤੇ ਰਾਜਾ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗਦੀਪ ਸਿੰਘ ਗਹਿਰੀ, ਨਿਰਮਲ ਸਿੰਘ ਸੰਧੂ, ਰਾਜਵਿੰਦਰ ਸਿੰਘ ਸਿੱਧੂ, ਮੋਹਨਜੀਤ ਸਿੰਘ ਪੁਰੀ, ਚਮਕੌਰ ਸਿੰਘ ਮਾਨ, ਨਿਰਮਲ ਕੋਟਸ਼ਮੀਰ, ਇਕਬਾਲਜੀਤ ਸਿੰਘ ਪੂਹਲੀ, ਨਰਦੇਵ ਸਿੰਘ ਪੂਹਲੀ, ਹਰਦਿਆਲ ਸਿੰਘ ਅਤੇ ਸ਼ਿਵ ਨੰਦਨ ਗਰਗ ਹਾਜ਼ਰ ਸਨ।