ਪ੍ਰਤਾਪ ਨਗਰ ’ਚ ਚੋਰੀਆਂ ਕਾਰਨ ਲੋਕ ਦਹਿਸ਼ਤ ’ਚ, ਆਗੂਆਂ ਨੇ ਕੀਤੇ ਸਵਾਲ
ਪ੍ਰਤਾਪ ਨਗਰ ਵਿਚ ਚੋਰੀਆਂ ਕਾਰਨ ਦਹਿਸ਼ਤ, ਆਗੂਆਂ ਨੇ ਕਾਨੂੰਨ-ਵਿਵਸਥਾ ’ਤੇ ਉਠਾਏ ਸਵਾਲ
Publish Date: Fri, 16 Jan 2026 05:05 PM (IST)
Updated Date: Sat, 17 Jan 2026 04:07 AM (IST)

-ਪੁਲਿਸ ਅਜੇ ਤਕ ਚੋਰੀ ਦੀ ਵਾਰਦਾਤ ਦਾ ਨਹੀਂ ਲਾ ਸਕੀ ਸੁਰਾਗ, ਵਾਰਦਾਤ ਸੀਸੀਟੀਵੀ ’ਚ ਕੈਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪ੍ਰਤਾਪ ਨਗਰ ਖੇਤਰ ’ਚ ਬੁੱਧਵਾਰ ਰਾਤ ਚੋਰਾਂ ਵੱਲੋਂ ਦੁਕਾਨਾਂ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੰਨੀ ਵੱਡੀ ਘਟਨਾ ਨੂੰ ਦੋ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤਕ ਚੋਰਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ, ਜਿਸ ਕਾਰਨ ਪੁਲਿਸ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਅਨੁਸਾਰ ਇਕ ਦਰਜ਼ਨ ਚੋਰਾਂ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆਂ ਯੋਜਨਾਬੱਧ ਢੰਗ ਨਾਲ ਕਈ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋਏ ਚੋਰ ਸੋਨੇ-ਚਾਂਦੀ ਦੇ ਗਹਿਣੇ, ਨਕਦ ਰਕਮ ਤੇ ਹੋਰ ਸਾਮਾਨ ਲੈ ਕੇ ਆਸਾਨੀ ਨਾਲ ਫਰਾਰ ਹੋ ਗਏ। ਇਹ ਘਟਨਾ ਭਾਵੇਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ ਪਰ ਪੁਲਿਸ ਦੇ ਹੱਥ ਅਜੇ ਖਾਲੀ ਹਨ। ਅਜੇ ਤਕ ਨਾ ਤਾਂ ਕੋਈ ਗ੍ਰਿਫ਼ਤਾਰੀ ਹੋਈ ਹੈ ਤੇ ਨਾ ਹੀ ਚੋਰਾਂ ਬਾਰੇ ਕੋਈ ਠੋਸ ਜਾਣਕਾਰੀ ਸਾਹਮਣੇ ਆਈ ਹੈ। ਦੂਜੇ ਪਾਸੇ ਸਥਾਨਕ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਵਿਚ ਬੁੱਧਵਾਰ ਰਾਤ ਅਣਪਛਾਤੇ ਚੋਰਾਂ ਵੱਲੋਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀਰਵਾਰ ਨੂੰ ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜੇ ਕਰਦੇ ਹੋਏ ਪੀੜਤ ਦੁਕਾਨਦਾਰਾਂ ਨਾਲ ਹਮਦਰਦੀ ਜਤਾਈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਪਰਾਧ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਬੇਬਸ ਸਾਬਤ ਹੋ ਰਹੀ ਹੈ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਰਾਤ ਦੇ ਸਮੇਂ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜਿਸ ਨਾਲ ਜਨਤਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸ਼ਹਿਰ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਅਣਪਛਾਤੇ ਚੋਰ ਨਕਦੀ, ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਰਹੇ ਹਨ ਪ੍ਰੰਤੂ ਪੁਲਿਸ ਵੱਲੋਂ ਅਜੇ ਤਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਸਵਰਣਕਾਰ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਵੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਵਿਗੜ ਰਹੀ ਕਾਨੂੰਨ-ਵਿਵਸਥਾ ਬਾਰੇ ਚਿਤਾਵਨੀ ਦਿੱਤੀ ਸੀ ਪ੍ਰੰਤੂ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪ੍ਰਤਾਪ ਨਗਰ ਵਰਗੀਆਂ ਰਿਹਾਇਸ਼ੀ ਕਲੋਨੀਆਂ ਵਿਚ ਚੋਰੀ ਦੀਆਂ ਘਟਨਾਵਾਂ ਇਹ ਸਾਬਤ ਕਰਦੀਆਂ ਹਨ ਕਿ ਅਪਰਾਧੀਆਂ ਦਾ ਪੁਲਿਸ ਪ੍ਰਸ਼ਾਸਨ ਤੋਂ ਡਰ ਖਤਮ ਹੋ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿਚ ਤੁਰੰਤ ਵਾਧੂ ਪੁਲਿਸ ਬਲ ਤਾਇਨਾਤ ਕੀਤਾ ਜਾਵੇ ਤੇ ਰਾਤ ਦੀ ਗਸ਼ਤ ਨੂੰ ਹੋਰ ਤੇਜ਼ ਕੀਤਾ ਜਾਵੇ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਇਕ ਦਰਜ਼ਨ ਚੋਰਾਂ ਦੇ ਗਿਰੋਹ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਸਮਾਨ ਲੁੱਟਿਆ ਹੈ, ਇਸ ਤੋਂ ਪਤਾ ਲੱਗਦਾ ਹੈ ਕਿ ਬਠਿੰਡਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਕਿਸ ਕਦਰ ਖਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀ ਤੇ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਮੰਗ ਕੀਤੀ ਕਿ ਰਾਤ ਸਮੇਂ ਸ਼ਹਿਰ ਅੰਦਰ ਗਸ਼ਤ ਵਧਾਈ ਜਾਵੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜ਼ਿਕਰਯੋਗ ਹੈ ਚੋਰਾਂ ਤੋਂ ਦੁਖੀ ਹੋਏ ਪ੍ਰਤਾਪ ਨਗਰ ਦੇ ਦੁਕਾਨਦਾਰਾਂ ਨੇ ਮਾਰਕੀਟ ਵਿਕਾਊ ਹੈ ਦੇ ਪੋਸਟਰ ਲਗਾ ਕੇ ਸਰਕਾਰ ਤੇ ਪੁਲਿਸ ਖਿਲਾਫ਼ ਪ੍ਰਦਰਸ਼ਨ ਕੀਤਾ ਸੀ।