ਸੈਂਕੜੇ ਲੋਕਾਂ ਨੇ ਸੀਐੱਮ ਸਿਹਤ ਬੀਮਾ ਯੋਜਨਾ ਦਾ ਲਿਆ ਲਾਹਾ : ਚੇਅਰਮੈਨ ਭੱਲਾ
ਜ਼ਿਲ੍ਹੇ ਅੰਦਰ ਸੈਂਕੜੇ ਲੋਕਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਿਆ ਲਾਹਾ: ਜਤਿੰਦਰ ਸਿੰਘ ਭੱਲਾ
Publish Date: Wed, 18 Feb 2026 06:07 PM (IST)
Updated Date: Thu, 19 Feb 2026 04:06 AM (IST)

-ਮੀਟਿੰਗ ਦੌਰਾਨ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾਣ ਦਾ ਲਿਆ ਜਾਇਜ਼ਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ ਤਕ ਸੈਂਕੜੇ ਪਰਿਵਾਰਾਂ ਨੇ ਲਾਹਾ ਲਿਆ ਹੈ। ਇਹ ਜਾਣਕਾਰੀ ਅੱਜ ਹੋਈ ਇਕ ਮੀਟਿੰਗ ਦੌਰਾਨ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਸਾਂਝੀ ਕੀਤੀ। ਮੀਟਿੰਗ ਦੌਰਾਨ ਸਿਹਤ ਬੀਮਾ ਯੋਜਨਾ ਸਬੰਧੀ ਕਾਰਡ ਬਣਾਉਣ ਦੀ ਪ੍ਰੀਕ੍ਰਿਆ ਅਤੇ ਲੋਕਾਂ ਨੂੰ ਹੋ ਰਹੇ ਲਾਭਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ, ਡਿਪਟੀ ਮੈਡੀਕਲ ਸੁਪਰਿੰਟੈਂਡੈਂਟ ਨਵਰੀਤ ਕੌਰ ਗਰੇਵਾਲਾ ਅਤੇ ਸੀਐੱਸਸੀ ਸੈਂਟਰਾਂ ਦੇ ਇੰਚਾਰਜ ਤਰਸੇਮ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਗਰੀਬ ਤੇ ਦਰਮਿਆਨੇ ਵਰਗ ਦੇ ਪਰਿਵਾਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤਕ ਸੈਂਕੜੇ ਲੋਕ ਇਸ ਯੋਜਨਾ ਤਹਿਤ ਆਪਣਾ ਇਲਾਜ ਮੁਫ਼ਤ ਕਰਵਾ ਚੁੱਕੇ ਹਨ, ਜਿਸ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ। ਪਹਿਲਾਂ ਕਈ ਪਰਿਵਾਰ ਇਲਾਜ ਦੇ ਵੱਡੇ ਖਰਚ ਕਾਰਨ ਕਰਜ਼ੇ ਹੇਠ ਦੱਬ ਜਾਂਦੇ ਸਨ ਜਾਂ ਫਿਰ ਇਲਾਜ ਕਰਵਾਉਣ ਤੋਂ ਹਿਚਕਿਚਾਉਂਦੇ ਸਨ। ਪਰ ਹੁਣ ਸਿਹਤ ਬੀਮਾ ਕਾਰਡ ਬਣਨ ਨਾਲ ਲੋਕ ਨਿਰਭਉ ਹੋ ਕੇ ਸਰਕਾਰੀ ਅਤੇ ਮਨਜ਼ੂਰਸ਼ੁਦਾ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਇਸ ਯੋਜਨਾ ਤਹਿਤ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੀ ਵੱਡੀ ਰਕਮ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਤੇ ਸੁਗਮ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਜਤਿੰਦਰ ਸਿੰਘ ਭੱਲਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਪਰਿਵਾਰਾਂ ਤਕ ਯੋਜਨਾ ਦੀ ਪੂਰੀ ਜਾਣਕਾਰੀ ਪਹੁੰਚਾਈ ਜਾਵੇ ਤੇ ਕੈਂਪ ਲਾ ਕੇ ਵੱਧ ਤੋਂ ਵੱਧ ਕਾਰਡ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਵੀ ਹਕਦਾਰ ਵਿਅਕਤੀ ਨੂੰ ਇਸ ਯੋਜਨਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਖਾਸ ਕਰਕੇ ਉਨ੍ਹਾਂ ਪਰਿਵਾਰਾਂ ਲਈ ਬੇਹੱਦ ਸਹਾਈ ਸਾਬਤ ਹੋ ਰਹੀ ਹੈ, ਜਿਨ੍ਹਾਂ ਦੀ ਆਮਦਨ ਸੀਮਤ ਹੈ। ਹੁਣ ਗਰੀਬ ਤੇ ਦਰਮਿਆਨੇ ਪਰਿਵਾਰਾਂ ਨੂੰ ਵੱਡੇ ਇਲਾਜ ਦੀ ਫ਼ਿਕਰ ਨਹੀਂ ਰਹੀ, ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਦੇ ਇਲਾਜ ਦਾ ਖਰਚ ਝੇਲਿਆ ਜਾ ਰਿਹਾ ਹੈ। ਇਸ ਨਾਲ ਲੋਕਾਂ ਵਿਚ ਸੁਰੱਖਿਆ ਤੇ ਭਰੋਸੇ ਦੀ ਭਾਵਨਾ ਵਧੀ ਹੈ। ਸਿਹਤ ਸਹੂਲਤਾਂ ਤਕ ਸਸਤੀ ਅਤੇ ਆਸਾਨ ਪਹੁੰਚ ਹਰ ਨਾਗਰਿਕ ਦਾ ਅਧਿਕਾਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤਕ ਕਾਰਡ ਨਹੀਂ ਬਣਵਾਏ, ਉਹ ਤੁਰੰਤ ਆਪਣਾ ਰਜਿਸਟ੍ਰੇਸ਼ਨ ਕਰਵਾਉਣ। ਅਖੀਰ ਵਿੱਚ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਸਰਕਾਰ ਲੋਕ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਯੋਜਨਾ ਦੇ ਲਾਭ ਹੋਰ ਵੱਧ ਲੋਕਾਂ ਤਕ ਪਹੁੰਚਾਏ ਜਾਣਗੇ।