ਖ਼ਾਲੀ ਪਲਾਟ ’ਚੋਂ ਮਿਲੀ ਨੌਜਵਾਨ ਦੀ ਲਾਸ਼
ਖਾਲੀ ਪਲਾਟ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼
Publish Date: Tue, 20 Jan 2026 07:52 PM (IST)
Updated Date: Wed, 21 Jan 2026 04:19 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਥਾਨਕ ਸ਼ਹਿਰ ਰਾਮਪੁਰਾ ਫੂਲ ਦੇ ਜੋੜੇ ਪੁਲ ਨੇੜੇ ਇਕ ਖਾਲੀ ਪਲਾਟ ਵਿੱਚੋਂ ਸ਼ੱਕੀ ਹਾਲਾਤ ਹੇਠ ਇਕ ਅਣਪਛਾਤੀ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਇਸ ਘਟਨਾ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਇਸ ਸਬੰਧੀ ਸਹਾਰਾ ਸਮਾਜ ਸੇਵਾ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਕੰਟਰੋਲ ਰੂਮ ’ਤੇ ਫ਼ੋਨ ਆਇਆ ਸੀ ਕਿ ਜੋੜੇ ਪੁਲ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਸਹਾਰਾ ਦੀ ਟੀਮ ਨੇ ਥਾਣਾ ਸਿਟੀ ਰਾਮਪੁਰਾ ਨੂੰ ਇਸ ਬਾਰੇ ਤੁਰੰਤ ਜਾਣੂ ਕਰਵਾਇਆ। ਸੂਚਨਾ ਉਪਰੰਤ ਪੁਲਿਸ ਪਾਰਟੀ ਤੇ ਸਹਾਰਾ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਲਾਸ਼ ਦੀ ਜਾਂਚ ਕੀਤੀ ਗਈ। ਪੁਲਿਸ ਦੀ ਮੌਜੂਦਗੀ ’ਚ ਲਾਸ਼ ਦੀ ਤਲਾਸ਼ੀ ਲੈਣ ’ਤੇ ਮ੍ਰਿਤਕ ਕੋਲੋਂ ਕੋਈ ਵੀ ਪਛਾਣ ਪੱਤਰ ਬਰਾਮਦ ਨਹੀਂ ਹੋ ਸਕਿਆ। ਇਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਸੰਦੀਪ ਵਰਮਾ ਅਨੁਸਾਰ ਨੌਜਵਾਨ ਦੀ ਮੌਤ ਦੇ ਅਸਲ ਕਾਰਨ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਫਿਲਹਾਲ ਲਾਸ਼ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੋਰਚਰੀ ’ਚ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਵਾਲ ਅਤੇ ਦਾਢੀ ਕਟੇ ਹੋਏ ਸਨ। ਮੌਤ ਸਮੇਂ ਉਹ ਲਾਲ ਅਤੇ ਚਿੱਟੇ ਰੰਗ ਦੀ ਡੱਬੀਦਾਰ ਕਮੀਜ਼, ਲਾਲ ਰੰਗ ਦੀ ਹੁੱਡੀ, ਫਿੱਕੇ ਅਸਮਾਨੀ ਰੰਗ ਦੀ ਜੀਨ, ਕਾਲੇ ਬੂਟ ਅਤੇ ਕਾਲੀਆਂ ਜੁਰਾਬਾਂ ਪਹਿਨੇ ਹੋਏ ਸੀ। ਮ੍ਰਿਤਕ ਦੀ ਉਮਰ ਲਗਭਗ 24 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਮ੍ਰਿਤਕ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਨੌਜਵਾਨ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਥਾਣਾ ਸਿਟੀ ਰਾਮਪੁਰਾ ਜਾਂ ਸਿਵਲ ਹਸਪਤਾਲ ਰਾਮਪੁਰਾ ਫੂਲ ਨਾਲ ਸੰਪਰਕ ਕਰਨ।