- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
news from bti news from bti news from bti
-ਰੇਹੜੀਆਂ ’ਤੇ ਘਰੇਲੂ ਗੈਸ ਵਰਤਣ ਕਾਰਨ ਬਠਿੰਡਾ ਜ਼ਿਲ੍ਹੇ ’ਚ ਗੈਸ ਸਪਲਾਈ ਘਟੀ, ਲੋਕ ਏਜੰਸੀਆਂ ਦੇ ਕੱਟ ਰਹੇ ਚੱਕਰ
ਗੁਰਤੇਜ ਸਿੰਘ ਸਿੱਧੂ , ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਕਮੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਗੈਸ ਕਨੈਕਸ਼ਨ ਹੋਣ ਦੇ ਬਾਵਜੂਦ ਲੋਕਾਂ ਨੂੰ ਸਮੇਂ ‘ਤੇ ਸਿਲੰਡਰ ਨਹੀਂ ਮਿਲ ਰਹੇ। ਆਨਲਾਈਨ ਬੁਕਿੰਗ ਕਰਵਾਉਣ ਲਈ ਲੋਕਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ, ਜਦਕਿ ਕਈ ਲੋਕ ਗੈਸ ਏਜੰਸੀਆਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ।
ਦੂਜੇ ਪਾਸੇ ਸ਼ਹਿਰ ਦੇ ਬਾਜ਼ਾਰਾਂ ਅਤੇ ਸੜਕਾਂ ‘ਤੇ ਰੇਹੜੀਆਂ ਤੇ ਢਾਬਿਆਂ ‘ਤੇ ਖੁੱਲ੍ਹੇਆਮ ਘਰੇਲੂ ਗੈਸ ਸਿਲੰਡਰਾਂ ਦਾ ਇਸਤੇਮਾਲ ਹੁੰਦਾ ਵੇਖਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਨਾਰਾਜ਼ਗੀ ਵੀ ਵਧ ਰਹੀ ਹੈ।
ਜ਼ਿਲ੍ਹੇ ਵਿੱਚ ਲਗਭਗ 5 ਲੱਖ ਗੈਸ ਕੂਨੈਕਸ਼ਨ ਹਨ ਅਤੇ ਇਨ੍ਹਾਂ ਦੀ ਸਪਲਾਈ ਲਈ ਕੁੱਲ 39 ਗੈਸ ਏਜੰਸੀਆਂ ਕੰਮ ਕਰ ਰਹੀਆਂ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਸਿਲੰਡਰਾਂ ਦੀ ਡਲਿਵਰੀ ਵਿਚ ਭਾਰੀ ਕਮੀ ਦਰਜ ਕੀਤੀ ਹੈ। ਇਕ ਅੰਦਾਜ਼ੇ ਮੁਤਾਬਕ ਪਹਿਲਾਂ ਇੱਕ ਗੈਸ ਏਜੰਸੀ ਤੋਂ ਰੋਜ਼ਾਨਾ ਔਸਤਨ 250 ਸਿਲੰਡਰਾਂ ਦੀ ਡਲਿਵਰੀ ਹੁੰਦੀ ਸੀ। ਇਸ ਹਿਸਾਬ ਨਾਲ ਪੂਰੇ ਜ਼ਿਲ੍ਹੇ ਵਿੱਚ ਹਰ ਰੋਜ਼ ਕਰੀਬ 10 ਹਜ਼ਾਰ ਸਿਲੰਡਰ ਲੋਕਾਂ ਤੱਕ ਪਹੁੰਚਦੇ ਸਨ।
ਹੁਣ ਹਾਲਾਤ ਇਹ ਹਨ ਕਿ ਔਸਤ ਡਿਲਵਰੀ ਘਟ ਕੇ ਲਗਭਗ 150 ਸਿਲੰਡਰ ਪ੍ਰਤੀ ਏਜੰਸੀ ਰਹਿ ਗਈ ਹੈ। ਇਸ ਦਾ ਮਤਲਬ ਹੈ ਕਿ ਜ਼ਿਲ੍ਹੇ ਵਿੱਚ ਰੋਜ਼ਾਨਾ ਲਗਭਗ 6 ਹਜ਼ਾਰ ਸਿਲੰਡਰ ਹੀ ਵੰਡੇ ਜਾ ਰਹੇ ਹਨ। ਇਸ ਤਰ੍ਹਾਂ ਹਰ ਰੋਜ਼ ਕਰੀਬ 4 ਹਜ਼ਾਰ ਸਿਲੰਡਰਾਂ ਦੀ ਘਾਟ ਪੈ ਰਹੀ ਹੈ, ਜਿਸਦਾ ਸਿੱਧਾ ਅਸਰ ਆਮ ਖਪਤਕਾਰਾਂ ‘ਤੇ ਪੈ ਰਿਹਾ ਹੈ।
ਕਈ ਖਪਤਕਾਰਾਂ ਦਾ ਕਹਿਣਾ ਹੈ ਕਿ ਆਨਲਾਈਨ ਬੁਕਿੰਗ ਲਈ ਫੋਨ ਜਾਂ ਐਪ ਰਾਹੀਂ ਕੋਸ਼ਿਸ਼ ਕਰਨ ਦੇ ਬਾਵਜੂਦ ਤੁਰੰਤ ਬੁਕਿੰਗ ਨਹੀਂ ਹੋ ਸਕਦੀ। ਕਈ ਵਾਰ ਸਿਸਟਮ ਬਿਜ਼ੀ ਹੋਣ ਕਾਰਨ ਘੰਟਿਆਂ ਉਡੀਕ ਕਰਨੀ ਪੈਂਦੀ ਹੈ, ਜਿਨ੍ਹਾਂ ਲੋਕਾਂ ਦੀ ਬੁਕਿੰਗ ਹੋ ਵੀ ਜਾਂਦੀ ਹੈ, ਉਨ੍ਹਾਂ ਨੂੰ ਸਿਲੰਡਰ ਮਿਲਣ ਵਿੱਚ ਕਈ ਦਿਨ ਲੱਗ ਜਾਂਦੇ ਹਨ।
ਕੁਝ ਖਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 4 ਤੋਂ 5 ਦਿਨ ਤੱਕ ਉਡੀਕ ਕਰਨੀ ਪੈ ਰਹੀ ਹੈ, ਜਦਕਿ ਪਹਿਲਾਂ ਇਕ-ਦੋ ਦਿਨਾਂ ਵਿੱਚ ਹੀ ਸਿਲੰਡਰ ਮਿਲ ਜਾਂਦਾ ਸੀ। ਇਸ ਕਾਰਨ ਖ਼ਾਸ ਕਰਕੇ ਉਹਨਾਂ ਪਰਿਵਾਰਾਂ ਨੂੰ ਵੱਧ ਮੁਸ਼ਕਲ ਆ ਰਹੀ ਹੈ ਜਿਨ੍ਹਾਂ ਦੇ ਘਰ ਗੈਸ ਖਤਮ ਹੋ ਚੁੱਕੀ ਹੈ।
ਇੱਕ ਪਾਸੇ ਲੋਕ ਗੈਸ ਸਿਲੰਡਰ ਲਈ ਪਰੇਸ਼ਾਨ ਹਨ, ਦੂਜੇ ਪਾਸੇ ਸ਼ਹਿਰ ਦੇ ਕਈ ਬਾਜ਼ਾਰਾਂ ਅਤੇ ਸੜਕ ਕੰਢੇ ਰੇਹੜੀਆਂ ‘ਤੇ ਘਰੇਲੂ ਗੈਸ ਸਿਲੰਡਰਾਂ ਦਾ ਖੁੱਲ੍ਹੇਆਮ ਇਸਤੇਮਾਲ ਹੋ ਰਿਹਾ ਹੈ। ਚਾਹ ਦੀਆਂ ਰੇਹੜੀਆਂ, ਫਾਸਟ ਫੂਡ ਸਟਾਲਾਂ ਅਤੇ ਛੋਟੇ ਢਾਬਿਆਂ ‘ਤੇ ਘਰੇਲੂ ਸਿਲੰਡਰ ਵਰਤੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਘਰਾਂ ਲਈ ਹੀ ਗੈਸ ਉਪਲੱਬਧ ਨਹੀਂ ਹੋ ਰਹੀ, ਤਾਂ ਇਸ ਤਰ੍ਹਾਂ ਦੇ ਵਪਾਰਕ ਇਸਤੇਮਾਲ ‘ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਇਸ ਨਾਲ ਗੈਸ ਦੀ ਉਪਲੱਬਧਤਾ ‘ਤੇ ਵੀ ਅਸਰ ਪੈਂਦਾ ਹੈ।
-ਬਾਕਸ-
-ਗੈਸ ਦੀ ਕੋਈ ਕਮੀ ਨਹੀਂ ਤੇ ਉਨ੍ਹਾਂ ਕੋਲ ਲੁੜੀਂਦਾ ਸਟਾਕ ਮੌਜੂਦ : ਡੀਸੀ ਧੀਮਾਨ
ਜ਼ਿਲ੍ਹੇ ਦੇ ਡੀਸੀ ਰਾਜੇਸ਼ ਧੀਮਾਨ ਦਾ ਕਹਿਣਾ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਉਨ੍ਹਾਂ ਕੋਲ ਲੁੜੀਂਦਾ ਸਟਾਕ ਮੌਜੂਦ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਰੱਖਣ ਲਈ ਏਜੰਸੀਆਂ ਰਾਹੀਂ ਨਿਯਮਿਤ ਡਲਿਵਰੀ ਕੀਤੀ ਜਾ ਰਹੀ ਹੈ। ਉੱਥੇ ਹੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਘਰੇਲੂ ਗੈਸ ਸਿਲੰਡਰਾਂ ਦੇ ਦੁਰਪਯੋਗ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਖਾਸ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਬਾਜ਼ਾਰਾਂ ਅਤੇ ਵਪਾਰਕ ਥਾਵਾਂ ‘ਤੇ ਜਾਂਚ ਕਰਨਗੀਆਂ ਅਤੇ ਜੇਕਰ ਕਿਤੇ ਘਰੇਲੂ ਗੈਸ ਸਿਲੰਡਰ ਦਾ ਗੈਰ-ਕਾਨੂੰਨੀ ਇਸਤੇਮਾਲ ਮਿਲਿਆ ਤਾਂ ਸਬੰਧਿਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।