ਮਹਿਲਾਵਾਂ ਨੂੰ ਹਜ਼ਾਰ ਰੁਪਏ ਦੇਣ ਦਾ ਐਲਾਨ ਸਿਰਫ਼ ਲਾਲੀਪਾਪ : ਬਬਲੀ ਢਿੱਲੋਂ
news from bti news from bti news from bti
Publish Date: Sun, 08 Mar 2026 09:05 PM (IST)
Updated Date: Mon, 09 Mar 2026 04:15 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸਨੂੰ ਪੂਰੀ ਤਰ੍ਹਾਂ ਚੋਣ ਬਜਟ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਦਿਆਂ ਸਿਰਫ਼ ਚੋਣਾਂ ਵਿੱਚ ਫਾਇਦਾ ਲੈਣ ਲਈ ਐਲਾਨਾਂ ਦਾ ਸਹਾਰਾ ਲਿਆ ਹੈ। ਇਹ ਸਿਰਫ ਚੋਣ ਸਟੰਟ ਹੈ ਪ੍ਰੰਤੂ ਲੋਕ ਉਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਸਿਰਫ਼ ਚੋਣਾਂ ਤੋਂ ਪਹਿਲਾਂ ਦਿੱਤਾ ਗਿਆ ਲਾਲੀਪਾਪ ਹੈ। ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਮਹਿਲਾਵਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ, ਪਰ ਪਿਛਲੇ ਚਾਰ ਸਾਲਾਂ ਦੌਰਾਨ ਇਸ ਮਾਮਲੇ ਵਿੱਚ ਕੋਈ ਢੰਗ ਦਾ ਕਦਮ ਨਹੀਂ ਚੁੱਕਿਆ ਗਿਆ। ਜੇਕਰ ਸਰਕਾਰ ਸੱਚਮੁੱਚ ਆਪਣੇ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪਿਛਲੇ ਚਾਰ ਸਾਲਾਂ ਦਾ ਬਕਾਇਆ ਅਦਾ ਕਰਦੇ ਹੋਏ ਹਰ ਹੱਕਦਾਰ ਮਹਿਲਾ ਨੂੰ ਲਗਭਗ 48 ਹਜ਼ਾਰ ਰੁਪਏ ਦੇਣੇ ਚਾਹੀਦੇ ਹਨ।
ਬਬਲੀ ਢਿੱਲੋਂ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਵੀ ਲਗਾਤਾਰ ਖਰਾਬ ਹੋ ਰਹੀ ਹੈ ਅਤੇ ਉਦਯੋਗ ਤੇ ਵਪਾਰ ਵੀ ਮੰਦੀ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਸਰਕਾਰ ਨੂੰ ਵਿਕਾਸ, ਰੋਜ਼ਗਾਰ ਅਤੇ ਆਰਥਿਕ ਮਜ਼ਬੂਤੀ ਲਈ ਠੋਸ ਕਦਮ ਚੁੱਕਣੇ ਚਾਹੀਦੇ ਸਨ, ਪਰ ਬਜਟ ਵਿੱਚ ਸਿਰਫ਼ ਐਲਾਨਾਂ ਦੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਇਨ੍ਹਾਂ ਖੋਖਲੇ ਵਾਅਦਿਆਂ ਨੂੰ ਸਮਝ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਤੋਂ ਆਪਣੇ ਵਾਅਦਿਆਂ ਦਾ ਹਿਸਾਬ ਜ਼ਰੂਰ ਮੰਗੇਗੀ। ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮੁੱਦਿਆਂ ਨੂੰ ਡਟ ਕੇ ਉਠਾਉਂਦਾ ਰਹੇਗਾ ਅਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਸੰਘਰਸ਼ ਕਰਦਾ ਰਹੇਗਾ।