ਹੜਤਾਲ ਕਾਰਨ ਸਰਕਾਰੀ ਬੱਸਾਂ ਦਾ ਚੱਕਾ ਜਾਮ, ਯਾਤਰੀ ਪਰੇਸ਼ਾਨ
passengers sad, news from bti
Publish Date: Wed, 11 Feb 2026 08:20 PM (IST)
Updated Date: Thu, 12 Feb 2026 04:06 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ , ਬਠਿੰਡਾ : ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਸ਼ੁਰੂ ਕੀਤੀ ਹੜਤਾਲ ਦਾ ਅਸਰ ਬੁੱਧਵਾਰ ਸ਼ਾਮ ਤੋਂ ਸਾਫ਼ ਤੌਰ ’ਤੇ ਵੇਖਣ ਨੂੰ ਮਿਲਿਆ। ਹੜਤਾਲ ਕਾਰਨ ਬਠਿੰਡਾ ਡਿਪੋ ਤੋਂ ਚੱਲਣ ਵਾਲੀਆਂ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਅਚਾਨਕ ਬੱਸ ਸੇਵਾਵਾਂ ਠੱਪ ਹੋਣ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਦਫ਼ਤਰ ਜਾਣ ਵਾਲੇ ਮੁਲਾਜ਼ਮ, ਵਿਦਿਆਰਥੀ ਅਤੇ ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੋਰ ਸਾਧਨਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰ ਨੂੰ ਹੜਤਾਲ ਬਾਰੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ, ਪਰ ਇਸ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਗੰਭੀਰਤਾ ਨਹੀਂ ਦਿਖਾਈ। ਮਜ਼ਬੂਰਨ ਕਰਮਚਾਰੀਆਂ ਨੂੰ ਹੜਤਾਲ ਦਾ ਰਸਤਾ ਅਪਣਾਉਣਾ ਪਿਆ। ਰੋਡਵੇਜ਼ ਯੂਨੀਅਨਾਂ ਮੁਤਾਬਕ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਤਨਖ਼ਾਹੀ ਵਿਸੰਗਤੀਆਂ ਦੂਰ ਕਰਨਾ, ਪੁਰਾਣੀ ਪੈਂਸ਼ਨ ਯੋਜਨਾ ਲਾਗੂ ਕਰਨਾ ਤੇ ਬੱਸ ਬੇੜੇ ਵਿੱਚ ਨਵੀਆਂ ਬੱਸਾਂ ਸ਼ਾਮਲ ਕਰਨਾ ਸ਼ਾਮਲ ਹਨ।
ਹੜਤਾਲ ਕਾਰਨ ਬੱਸ ਅੱਡੇ ’ਤੇ ਯਾਤਰੀਆਂ ਦੀ ਭੀੜ ਵੇਖੀ ਗਈ। ਕਈ ਯਾਤਰੀ ਘੰਟਿਆਂ ਤੱਕ ਬੱਸਾਂ ਦੀ ਉਡੀਕ ਕਰਦੇ ਰਹੇ, ਪਰ ਜਦੋਂ ਸੰਚਾਲਨ ਬੰਦ ਹੋਣ ਦੀ ਜਾਣਕਾਰੀ ਮਿਲੀ ਤਾਂ ਉਹ ਨਿਰਾਸ਼ ਵਾਪਸ ਮੁੜ ਗਏ। ਕੁਝ ਯਾਤਰੀਆਂ ਨੇ ਨਿੱਜੀ ਬੱਸਾਂ ਅਤੇ ਟੈਕਸੀਆਂ ਦਾ ਸਹਾਰਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਾਧੂ ਕਿਰਾਇਆ ਭਰਨਾ ਪਿਆ। ਯਾਤਰੀਆਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਕਰਮਚਾਰੀਆਂ ਵਿਚਾਲੇ ਸੰਵਾਦ ਦੀ ਕਮੀ ਦਾ ਖ਼ਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਦੂਜੇ ਪਾਸੇ ਕਰਮਚਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ’ਤੇ ਠੋਸ ਫੈਸਲਾ ਨਹੀਂ ਲਿਆ ਜਾਂਦਾ, ਹੜਤਾਲ ਜਾਰੀ ਰਹੇਗੀ। ਫਿਲਹਾਲ ਪ੍ਰਸ਼ਾਸਨ ਵੱਲੋਂ ਹਾਲਾਤ ਸਧਾਰਨ ਕਰਨ ਲਈ ਯਤਨ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ, ਪਰ ਹੜਤਾਲ ਦੇ ਖ਼ਤਮ ਹੋਣ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਵੀ ਯਾਤਰੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 12 ਫਰਵਰੀ ਨੂੰ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ।