- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
news from bathinda news from bathindanews from bathinda

-ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਤੇ ਪੁਲਿਸ ਦੀ ਨਾਕੇਬੰਦੀ ਤੋੜਨ ਦਾ ਦੋਸ਼
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨ ਜਥੇਬੰਦੀਆਂ ਦੇ ਕੁਝ ਆਗੂਆਂ ’ਤੇ ਦਰਜ ਮੁਕੱਦਮਿਆਂ ਨੂੰ ਰੱਦ ਕਰਵਾਉਣ ਅਤੇ ਜੇਲ੍ਹ ਵਿੱਚ ਬੰਦ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 6 ਫਰਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨ ਦੀ ਕਾਲ ਦਿੱਤੀ ਸੀ। ਕਿਸਾਨਾਂ ਵੱਲੋਂ ਕੀਤੇ ਅੰਦੋਲਨ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਨੇ ਸੈਂਕੜੇ ਕਿਸਾਨਾਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਪੰਜ ਕਿਸ ਦਰਜ ਕੀਤੇ ਹਨ। ਬਠਿੰਡਾ ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਇਸ ਦੌਰਾਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕੀਤੀ।
ਪੁਲਿਸ ਅਧਿਕਾਰੀਆਂ ਤੇ ਡਿਊਟੀ ਮੈਜਿਸਟਰੇਟ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ, ਪਰ ਅੰਦੋਲਨਕਾਰੀ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ’ਤੇ ਅੜੇ ਰਹੇ। ਕਿਸਾਨ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਵੱਲੋਂ ਨਾਕਾਬੰਦੀਆਂ ਤੋੜਨ ਅਤੇ ਟ੍ਰੈਫਿਕ ਦੇ ਨਾਲ ਨਾਲ ਕਾਨੂੰਨ ਵਿਵਸਥਾ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਰੀਬ 200 ਤੋਂ 220 ਮੈਂਬਰ ਬਠਿੰਡਾ ਤੇ ਹੋਰ ਜ਼ਿਲ੍ਹਿਆਂ ਤੋਂ ਇਕੱਠੇ ਹੋ ਕੇ ਮਲੋਟ ਰੋਡ ਦੇ ਟੀ-ਪੁਆਇੰਟ ’ਤੇ ਪੁੱਜੇ। ਡਿਊਟੀ ਮੈਜਿਸਟਰੇਟ ਤੇ ਪੁਲਿਸ ਵੱਲੋਂ ਤਾੜਨਾ ਦੇਣ ਦੇ ਬਾਵਜੂਦ ਭੀੜ ਅੱਗੇ ਵਧੀ ਤੇ ਨਾਕਾ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਾਬੂ ਕਰਨ ਲਈ ਹਲਕੇ ਬਲ ਦੀ ਵਰਤੋਂ ਕੀਤੀ ਗਈ।
ਇਸੇ ਤਰ੍ਹਾਂ ਬਠਿੰਡਾ–ਬਰਨਾਲਾ ਰੋਡ ’ਤੇ ਸਥਿਤ ਰਿੰਗ ਰੋਡ ਟੀ-ਪੁਆਇੰਟ ’ਤੇ ਬਠਿੰਡਾ ਤੇ ਹੋਰ ਜ਼ਿਲ੍ਹਿਆਂ ਤੋਂ ਆਏ 150 ਤੋਂ 170 ਕਿਸਾਨ ਯੂਨੀਅਨ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਘਿਰਾਓ ਕਰਨ ਲਈ ਨਾਕੇਬੰਦੀ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਭੀੜ ਨੂੰ ਰੋਕਣ ਲਈ ਪੁਲਿਸ ਨੇ ਹਲਕੇ ਬਲ ਦਾ ਸਹਾਰਾ ਲਿਆ। ਭੁੱਚੋ ਨੇੜੇ ਗੁਰੂਦੁਆਰਾ ਸ਼੍ਰੀ ਲਵੇਰੀਸਰ ਸਾਹਿਬ ਕੋਲ ਪੁਲਿਸ ਵੱਲੋਂ ਲਗਾਇਆ ਨਾਕਾ ਵੀ ਕਿਸਾਨ ਯੂਨੀਅਨ ਦੇ ਕਰੀਬ 250 ਤੋਂ 300 ਮੈਂਬਰਾਂ ਵੱਲੋਂ ਧੱਕੇ ਨਾਲ ਤੋੜ ਦਿੱਤਾ ਗਿਆ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕਰੀਬ 1400 ਤੋਂ 1500 ਕਿਸਾਨ ਯੂਨੀਅਨ ਮੈਂਬਰ ਲਿੰਕ ਸੜਕਾਂ ਰਾਹੀਂ ਪਿੰਡ ਜਿਉਂਦ ਵਿਖੇ ਇਕੱਠੇ ਹੋਏ ਅਤੇ ਨੈਸ਼ਨਲ ਹਾਈਵੇਅ-7 ’ਤੇ ਭਾਰੀ ਟ੍ਰੈਫਿਕ ਜਾਮ ਕਰ ਦਿੱਤਾ। ਪੁਲਿਸ ਵੱਲੋਂ ਵਾਰ-ਵਾਰ ਅਨਾਊਂਸਮੈਂਟ ਕਰਨ ਦੇ ਬਾਵਜੂਦ ਭੀੜ ਸੜਕ ਤੋਂ ਪਾਸੇ ਨਹੀਂ ਹੋਈ ਤੇ ਨਾਕਾ ਤੋੜਨ ਲਈ ਅੱਗੇ ਵਧੀ। ਡਿਊਟੀ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਭੀੜ ਨੂੰ ਕਾਬੂ ਕਰਨ ਲਈ ਹਲਕੇ ਬਲ ਦੇ ਤੌਰ ’ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਨੈਸ਼ਨਲ ਹਾਈਵੇਅ-7 ’ਤੇ ਟ੍ਰੈਫਿਕ ਜਾਮ ਕਰਨ ਅਤੇ ਕਾਨੂੰਨ ਵਿਵਸਥਾ ਭੰਗ ਕਰਨ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਵੱਖ-ਵੱਖ ਥਾਣਿਆਂ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਅੰਦੋਲਨਕਾਰੀ ਸੈਂਕੜੇ ਮੈਂਬਰਾਂ ਖ਼ਿਲਾਫ਼ ਕੁੱਲ ਪੰਜ ਮੁਕੱਦਮੇ ਦਰਜ ਕੀਤੇ ਹਨ।