ਜ਼ਿਲ੍ਹੇ ਅੰਦਰ ਗਰਮੀ ਦਾ ਵਧਿਆ ਪ੍ਰਕੋਪ, ਹਫ਼ਤੇ ’ਚ ਤਾਪਮਾਨ 4.8 ਡਿਗਰੀ ਵਧਿਆ
ਜ਼ਿਲ੍ਹੇ ਅੰਦਰ ਗਰਮੀ ਦਾ ਵਧਿਆ ਪ੍ਰਕੋਪ, ਹਫ਼ਤੇ ’ਚ ਤਾਪਮਾਨ 4.8 ਡਿਗਰੀ ਵਧਿਆ
Publish Date: Sun, 07 Jun 2026 04:50 PM (IST)
Updated Date: Sun, 07 Jun 2026 04:53 PM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਜ਼ਿਲ੍ਹੇ ਅੰਦਰ ਗਰਮੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਇਕ ਹਫ਼ਤੇ ਦੌਰਾਨ ਤਾਪਮਾਨ ਵਿਚ 4.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਤਪਦੀ ਧੁੱਪ ਅਤੇ ਗਰਮ ਹਵਾਵਾਂ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਗਰਮੀ ਦਾ ਅਸਰ ਸਿਰਫ਼ ਮਨੁੱਖਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਪਸ਼ੂ-ਪੰਛੀ ਵੀ ਇਸ ਦੀ ਮਾਰ ਹੇਠ ਆ ਗਏ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਜੂਨ ਮਹੀਨੇ ਦੀ ਸ਼ੁਰੂਆਤ ਵੇਲੇ ਜ਼ਿਲ੍ਹੇ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦੇ ਕਰੀਬ ਸੀ, ਜਿਹੜਾ 7 ਜੂਨ ਨੂੰ ਵਧ ਕੇ 41.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਕ ਹਫ਼ਤੇ ਵਿਚ ਤਾਪਮਾਨ ਵਿਚ ਹੋਏ ਇਸ ਵੱਡੇ ਵਾਧੇ ਨੇ ਲੋਕਾਂ ਦੀਆਂ ਮੁਸ਼ਕਲਾਂ ਕਈ ਗੁਣਾ ਵਧਾ ਦਿੱਤੀਆਂ ਹਨ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੈ। ਗਰਮੀ ਕਾਰਨ ਸ਼ਹਿਰ ਦੇ ਬਾਜ਼ਾਰਾਂ, ਚੌਕਾਂ ਅਤੇ ਮੁੱਖ ਸੜਕਾਂ ’ਤੇ ਦੁਪਹਿਰ ਵੇਲੇ ਸੁੰਨਸਾਨ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਆਮ ਦਿਨਾਂ ਵਿੱਚ ਭੀੜ-ਭਾੜ ਵਾਲੇ ਇਲਾਕਿਆਂ ਵਿਚ ਲੋਕ ਸਿਰਫ਼ ਜ਼ਰੂਰੀ ਕੰਮਾਂ ਲਈ ਹੀ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਵੇਰ ਅਤੇ ਸ਼ਾਮ ਦੇ ਸਮੇਂ ਕੁਝ ਰੌਣਕ ਰਹਿੰਦੀ ਹੈ, ਪਰ ਦੁਪਹਿਰ ਵੇਲੇ ਗਾਹਕਾਂ ਦੀ ਗਿਣਤੀ ਵਿਚ ਭਾਰੀ ਕਮੀ ਆ ਜਾਂਦੀ ਹੈ। ਸਭ ਤੋਂ ਵੱਧ ਪ੍ਰਭਾਵਿਤ ਮਜ਼ਦੂਰ ਵਰਗ ਹੋ ਰਿਹਾ ਹੈ। ਖੇਤਾਂ, ਨਿਰਮਾਣ ਸਥਲਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਤਪਦੀ ਧੁੱਪ ਵਿੱਚ ਕੰਮ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਦੁਪਹਿਰ ਵੇਲੇ ਤਾਪਮਾਨ ਇਨ੍ਹਾਂ ਵੱਧ ਜਾਂਦਾ ਹੈ ਕਿ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਈ ਮਜ਼ਦੂਰਾਂ ਨੂੰ ਚੱਕਰ ਆਉਣ, ਸਿਰ ਦਰਦ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ ਲਵਾਈ ਦੀ ਰਫ਼ਤਾਰ ਵੀ ਘਟ ਸਕਦੀ ਹੈ ਇਸ ਸਮੇਂ ਜ਼ਿਲ੍ਹੇ ਵਿਚ ਝੋਨੇ ਦੀ ਹੱਥੀ ਲਵਾਈ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਮਜ਼ਦੂਰਾਂ ਨੂੰ ਲੰਬੇ ਸਮੇਂ ਤੱਕ ਪਾਣੀ ਵਿਚ ਖੜ੍ਹ ਕੇ ਕੰਮ ਕਰਨਾ ਪੈਂਦਾ ਹੈ। ਪਰ ਤਿੱਖੀ ਧੁੱਪ ਕਾਰਨ ਖੇਤਾਂ ਦਾ ਪਾਣੀ ਵੀ ਗਰਮ ਹੋ ਜਾਂਦਾ ਹੈ, ਜਿਸ ਨਾਲ ਮਜ਼ਦੂਰਾਂ ਨੂੰ ਵਾਧੂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਮਜ਼ਦੂਰਾਂ ਦੀ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਝੋਨੇ ਦੀ ਲਵਾਈ ਦੀ ਰਫ਼ਤਾਰ ਵੀ ਘਟ ਸਕਦੀ ਹੈ। ਗਰਮੀ ਦਾ ਅਸਰ ਖੇਤੀਬਾੜੀ ’ਤੇ ਵੀ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। ਖਾਸ ਕਰਕੇ ਨਰਮੇ ਦੀ ਫ਼ਸਲ ’ਤੇ ਗਰਮੀ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਖੇਤੀ ਮਾਹਿਰਾਂ ਅਤੇ ਕਿਸਾਨਾਂ ਅਨੁਸਾਰ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਗਰਮ ਹਵਾਵਾਂ ਕਾਰਨ ਨਰਮੇ ਦੇ ਪੌਦੇ ਝੁਲਸਣ ਲੱਗੇ ਹਨ। ਕਈ ਖੇਤਾਂ ਵਿੱਚ ਪੱਤੇ ਸੁੱਕਣ ਅਤੇ ਪੌਦਿਆਂ ਦੇ ਵਿਕਾਸ ਦੀ ਰਫ਼ਤਾਰ ਘਟਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਇਹੀ ਸਿਲਸਿਲਾ ਜਾਰੀ ਰਿਹਾ ਤਾਂ ਫ਼ਸਲ ਦੀ ਪੈਦਾਵਾਰ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਪਸ਼ੂ-ਪੰਛੀ ਵੀ ਭਿਆਨਕ ਗਰਮੀ ਤੋਂ ਪ੍ਰਭਾਵਿਤ ਦੂਜੇ ਪਾਸੇ ਪਸ਼ੂ-ਪੰਛੀ ਵੀ ਭਿਆਨਕ ਗਰਮੀ ਤੋਂ ਪ੍ਰਭਾਵਿਤ ਹੋ ਰਹੇ ਹਨ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਵਧਦੇ ਤਾਪਮਾਨ ਕਾਰਨ ਦੁੱਧ ਉਤਪਾਦਨ ਵਿੱਚ ਵੀ ਕਮੀ ਆਉਣ ਲੱਗੀ ਹੈ। ਪੰਛੀ ਪਾਣੀ ਅਤੇ ਛਾਂ ਦੀ ਭਾਲ ਵਿੱਚ ਭਟਕਦੇ ਨਜ਼ਰ ਆ ਰਹੇ ਹਨ। ਸਮਾਜਿਕ ਸੰਸਥਾਵਾਂ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਪਾਣੀ ਦੇ ਬਰਤਨ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਦੁਪਹਿਰ ਵੇਲੇ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ, ਵੱਧ ਤੋਂ ਵੱਧ ਪਾਣੀ ਪੀਣ, ਹਲਕੇ ਕੱਪੜੇ ਪਹਿਨਣ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੂ ਅਤੇ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ। ਜ਼ਿਲ੍ਹੇ ਵਿੱਚ ਵਧ ਰਹੀ ਗਰਮੀ ਨੇ ਜਿੱਥੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਖੇਤੀਬਾੜੀ ਅਤੇ ਪਸ਼ੂ ਪਾਲਣ ਖੇਤਰ ਲਈ ਵੀ ਚਿੰਤਾ ਵਧਾ ਦਿੱਤੀ ਹੈ। ਲੋਕ ਹੁਣ ਮੀਂਹ ਅਤੇ ਤਾਪਮਾਨ ਵਿੱਚ ਕਮੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਤਪਦੀ ਗਰਮੀ ਤੋਂ ਕੁਝ ਰਾਹਤ ਮਿਲ ਸਕੇ। ਜੂਨ ’ਚ ਕਦੋਂ ਕਿੰਨਾ ਤਾਪਮਾਨ ਮਿਤੀ ਵੱਧ ਘੱਟ 1 ਜੂਨ 37 22 2 ਜੂਨ 38 23.8 3 ਜੂਨ 39.5 24.6 4 ਜੂਨ 42.5 24 5 ਜੂਨ 42 23.6 6 ਜੂਨ 41.6 24.6 7 ਜੂਨ 41.8 25.6