ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ
ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਦੀ ਸਖ਼ਤ ਨਿਖੇਧੀ
Publish Date: Sun, 07 Jun 2026 03:58 PM (IST)
Updated Date: Sun, 07 Jun 2026 03:59 PM (IST)

ਸਰਕਾਰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰੇ, ਟਕਰਾਅ ਦੀ ਨੀਤੀ ਛੱਡੇ : ਯੂਨੀਅਨ ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ ਨਥਾਣਾ ਟੈਕਨੀਕਲ ਸਰਵਿਸ ਯੂਨੀਅਨ (ਰਜਿ.) ਸਬ ਡਿਵੀਜ਼ਨ ਨਥਾਣਾ ਵੱਲੋਂ ਪਟਿਆਲਾ ਸਥਿਤ ਪਾਵਰਕੌਮ ਹੈੱਡ ਆਫਿਸ ਅੱਗੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਆਈਟੀਆਈ ਅਪਰੈਂਟਿਸ ਲਾਈਨਮੈਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਆਈਟੀਆਈ ਅਪਰੈਂਟਿਸ ਲਾਈਨਮੈਨ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਸ਼ਾਂਤਮਈ ਧਰਨੇ ਅਤੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਵੱਲੋਂ ਪਹਿਲਾਂ ਯੂਨੀਅਨ ਨਾਲ ਹੋਈਆਂ ਸਹਿਮਤੀਆਂ ਨੂੰ ਲਾਗੂ ਨਹੀਂ ਕੀਤਾ ਗਿਆ। ਸਰਕਾਰ ਵੱਲੋਂ ਸੀਆਰਏ ਜਾਰੀ ਕਰਕੇ ਪੇਪਰ ਲੈਣ ਅਤੇ ਆਈਟੀਆਈ ਅਪਰੈਂਟਿਸ ਤੇ ਆਈਟੀਆਈ ਪਾਸ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ਤੇ ਪੱਕੀ ਭਰਤੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਸ ਤੋਂ ਪਿੱਛੇ ਹਟ ਗਈ। ਯੂਨੀਅਨ ਨੇ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਨੌਜਵਾਨਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ। ਆਗੂਆਂ ਨੇ ਦੋਸ਼ ਲਾਇਆ ਕਿ ਨੌਕਰੀ ਦੇਣ ਦੀ ਬਜਾਏ ਪਾਵਰਕੌਮ ਅਤੇ ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਤੇ ਬੇਰਹਿਮੀ ਨਾਲ ਲਾਠੀਆਂ ਵਰ੍ਹਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਕੀਤਾ ਗਿਆ ਵਤੀਰਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ। ਸਬ ਡਿਵੀਜ਼ਨ ਨਥਾਣਾ ਦੇ ਪ੍ਰਧਾਨ ਗੁਰਪਾਲ ਸਿੰਘ, ਮੀਤ ਪ੍ਰਧਾਨ ਪਰਮਿੰਦਰ ਸਿੰਘ, ਸਕੱਤਰ ਰਾਜੇਸ਼ ਕੁਮਾਰ, ਸਹਾਇਕ ਸਕੱਤਰ ਊਧਮ ਸਿੰਘ, ਕੈਸ਼ੀਅਰ ਰਾਜਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਪ੍ਰੇਮ ਕੁਮਾਰ ਸਮੇਤ ਸਮੂਹ ਟੈਕਨੀਕਲ ਅਤੇ ਕਲੈਰੀਕਲ ਸਟਾਫ਼ ਨੇ ਇਸ ਘਟਨਾ ਦੀ ਤਿੱਖੀ ਨਿਖੇਧੀ ਕੀਤੀ। ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਪ੍ਰਬੰਧਨ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਨੌਜਵਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦਿਆਂ ਯੂਨੀਅਨ ਨਾਲ ਤੁਰੰਤ ਗੱਲਬਾਤ ਕੀਤੀ ਜਾਵੇ ਅਤੇ ਮਸਲੇ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟਕਰਾਅ ਦੀ ਨੀਤੀ ਛੱਡ ਕੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਬੇਰੁਜ਼ਗਾਰ ਨੌਜਵਾਨਾਂ ਨਾਲ ਹੋਈ ਧੱਕੇਸ਼ਾਹੀ ਦਾ ਇਨਸਾਫ਼ ਨਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮੁਲਾਜ਼ਮ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ।