ਭੱਠਾ ਮਾਲਕਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਧਰਨਾ ਰੰਗ ਲਿਆਇਆ
ਭੱਠਾ ਮਾਲਕਾਂ ਖ਼ਿਲਾਫ਼ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਧਰਨਾ ਰੰਗ ਲਿਆਇਆ
Publish Date: Sun, 07 Jun 2026 03:57 PM (IST)
Updated Date: Sun, 07 Jun 2026 03:59 PM (IST)

ਤਿੰਨ ਸਾਲਾਂ ਤੋਂ ਬਕਾਇਆ ਪਏ ਮਜ਼ਦੂਰਾਂ ਦੇ ਲੱਖਾਂ ਰੁਪਏ ਜਾਰੀ ਕਰਨ ਤੇ ਕੇਸ ਵਾਪਸ ਲੈਣ ਲਈ ਭੱਠਾ ਮਾਲਕਾਂ ਦੀ ਲਿਖਤੀ ਸਹਿਮਤ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬ੍ਰਿਕਸ ਕੰਪਨੀ ਦੇ ਭੱਠਾ ਮਾਲਕਾਂ ਦੇ ਬਠਿੰਡਾ ਸਥਿਤ ਘਰ ਅੱਗੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਲਈ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਆਗੂਆਂ ਨੇ ਕੀਤੀ। ਜਥੇਬੰਦੀ ਆਗੂਆਂ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਗਣੇਸ਼ ਬ੍ਰਿਕਸ ਕੰਪਨੀ ਦੇ ਭੱਠਾ ਮਾਲਕਾਂ ਵੱਲੋਂ ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਨਾਲ ਸਬੰਧਤ ਕੱਚੀ ਭਰਾਈ ਦੇ ਮਜ਼ਦੂਰਾਂ ਦੇ ਕਰੀਬ 9 ਲੱਖ ਰੁਪਏ ਬਕਾਇਆ ਰੱਖੇ ਹੋਏ ਸਨ। ਮਜ਼ਦੂਰਾਂ ਵੱਲੋਂ ਕਈ ਵਾਰ ਹਿਸਾਬ-ਕਿਤਾਬ ਕਰਨ ਦੀ ਮੰਗ ਕੀਤੀ ਗਈ, ਪਰ ਭੱਠਾ ਮਾਲਕਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਆਗੂਆਂ ਨੇ ਦੋਸ਼ ਲਾਇਆ ਕਿ ਮਜ਼ਦੂਰ ਆਪਣੇ ਟਰੈਕਟਰ-ਟਰਾਲੀਆਂ ਭੱਠੇ ’ਤੇ ਖੜ੍ਹੀਆਂ ਕਰਕੇ ਗਏ ਸਨ, ਜਿਨ੍ਹਾਂ ਨੂੰ ਭੱਠਾ ਮਾਲਕਾਂ ਵੱਲੋਂ ਕਿਤੇ ਹੋਰ ਲਿਜਾ ਕੇ ਇਹ ਕਿਹਾ ਗਿਆ ਕਿ ਉਹ ਚੋਰੀ ਹੋ ਗਈਆਂ ਹਨ। ਜਦੋਂ ਮਜ਼ਦੂਰਾਂ ਨੇ ਇਸ ਸਬੰਧੀ ਐਸਡੀਐਮ ਤਲਵੰਡੀ ਸਾਬੋ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਦੀ ਦਖ਼ਲਅੰਦਾਜ਼ੀ ਨਾਲ ਟਰੈਕਟਰ-ਟਰਾਲੀਆਂ ਨਿਰੰਕਾਰੀ ਭਵਨ ਗਹਿਰੀ ਬੁੱਟਰ ਕੋਲੋਂ ਬਰਾਮਦ ਹੋਈਆਂ। ਜਥੇਬੰਦੀਆਂ ਮੁਤਾਬਕ ਇਸ ਤੋਂ ਬਾਅਦ ਭੱਠਾ ਮਾਲਕਾਂ ਦੇ ਸਿਆਸੀ ਦਬਾਅ ਹੇਠ ਥਾਣਾ ਸੰਗਤ ਦੀ ਪੁਲਿਸ ਵੱਲੋਂ ਮਜ਼ਦੂਰਾਂ ਵਿੱਚੋਂ ਚਾਰ ਵਿਅਕਤੀਆਂ ਖ਼ਿਲਾਫ਼ ਲੁੱਟ-ਖੋਹ ਦਾ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਚਾਰੋਂ ਪਾਸਿਓਂ ਨਿਰਾਸ਼ ਹੋਏ ਮਜ਼ਦੂਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸੰਪਰਕ ਕੀਤਾ। ਇਸ ਮਗਰੋਂ ਦੋਵਾਂ ਜਥੇਬੰਦੀਆਂ ਵੱਲੋਂ ਬਲਾਕ ਸੰਗਤ ਦੀ ਅਗਵਾਈ ਹੇਠ ਗਣੇਸ਼ ਬ੍ਰਿਕਸ ਕੰਪਨੀ ਦੇ ਪੱਕਾ ਕਲਾਂ ਨੇੜੇ ਸਥਿਤ ਭੱਠੇ ’ਤੇ ਦੋ ਵਾਰ ਧਰਨੇ ਦਿੱਤੇ ਗਏ, ਪਰ ਭੱਠਾ ਮਾਲਕਾਂ ਵੱਲੋਂ ਕੋਈ ਸਕਾਰਾਤਮਕ ਰਵੱਈਆ ਨਹੀਂ ਅਪਣਾਇਆ ਗਿਆ। ਇਸ ਤੋਂ ਬਾਅਦ ਬਠਿੰਡਾ ਅਤੇ ਸੰਗਰੂਰ ਦੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਭੱਠਾ ਮਾਲਕ ਨਰੇਸ਼ ਕੁਮਾਰ ਸਿੰਗਲਾ ਦੇ ਘਰ ਅੱਗੇ ਧਰਨਾ ਲਗਾ ਦਿੱਤਾ। ਧਰਨੇ ਦੌਰਾਨ ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ. ਬਠਿੰਡਾ ਅਤੇ ਟਰੇਡ ਕਮਿਸ਼ਨ ਦੇ ਚੇਅਰਮੈਨ ਵਿਕਰਮ ਕੁਮਾਰ ਲਬਲੀ ਦੀ ਮੌਜੂਦਗੀ ਵਿੱਚ ਕਿਸਾਨ-ਮਜ਼ਦੂਰ ਆਗੂਆਂ ਅਤੇ ਭੱਠਾ ਮਾਲਕਾਂ ਵਿਚਾਲੇ ਗੱਲਬਾਤ ਕਰਵਾਈ ਗਈ। ਲੰਬੀ ਚਰਚਾ ਤੋਂ ਬਾਅਦ ਮਾਮਲੇ ਦਾ ਹੱਲ ਕੱਢ ਲਿਆ ਗਿਆ। ਗੱਲਬਾਤ ਦੌਰਾਨ ਭੱਠਾ ਮਾਲਕਾਂ ਨੇ ਮੌਕੇ ’ਤੇ ਹੀ ਮਜ਼ਦੂਰਾਂ ਦਾ ਬਣਦਾ ਹਿਸਾਬ-ਕਿਤਾਬ ਕਰਕੇ ਬਕਾਇਆ ਰਕਮ ਅਦਾ ਕੀਤੀ। ਇਸ ਦੇ ਨਾਲ ਹੀ ਮਜ਼ਦੂਰਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਨੂੰ ਵਾਪਸ ਲੈਣ ਲਈ ਲਿਖਤੀ ਸਹਿਮਤੀ ਵੀ ਦਿੱਤੀ ਗਈ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਠਿੰਡਾ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਬਲਾਕ ਸੰਗਤ ਦੇ ਆਗੂ ਰਾਮ ਸਿੰਘ ਕੋਟਗੁਰੂ, ਜਸਕਰਨ ਸਿੰਘ ਕੋਟਗੁਰੂ, ਸੰਗਰੂਰ ਜ਼ਿਲ੍ਹੇ ਦੇ ਹਰਜੀਤ ਸਿੰਘ ਮਹਿਲਾਂ, ਅਮਨਦੀਪ ਸਿੰਘ ਮਹਿਲਾਂ, ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜਪੁਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਕੋਟ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਦੀ ਇਕਜੁੱਟਤਾ ਅਤੇ ਸੰਘਰਸ਼ ਸਦਕਾ ਮਜ਼ਦੂਰਾਂ ਨੂੰ ਇਨਸਾਫ ਮਿਲਿਆ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਮਜ਼ਦੂਰ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।