ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਸ਼ਾਲ ਸਾਈਕਲ ਰੈਲੀ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਸ਼ਾਲ ਸਾਈਕਲ ਰੈਲੀ
Publish Date: Sun, 07 Jun 2026 03:51 PM (IST)
Updated Date: Sun, 07 Jun 2026 03:53 PM (IST)

ਖੁਸ਼ਦੀਪ ਸਿੰਘ ਗਿੱਲ,ਪੰਜਾਬੀ ਜਾਗਰਣ ਤਲਵੰਡੀ ਸਾਬੋ ਵਿਸ਼ਵ ਸਾਈਕਲ ਦਿਹਾੜੇ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਵਾਈਸ ਚਾਂਸਲਰ ਪ੍ਰੋ. (ਡਾ.) ਬਲਰਾਜ ਸਿੰਘ ਦੀ ਰਹਿਨੁਮਾਈ ਹੇਠ ਡਾਇਰੈਕਟੋਰੇਟ ਆਫ ਸਪੋਰਟਸ, ਐੱਨਐੱਸਐੱਸ ਵਿਭਾਗ ਅਤੇ 6 ਪੀਬੀ ਬੀਐਨ ਐੱਨਸੀਸੀ ਮਲੋਟ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਸਾਈਕਲ ਰੈਲੀ ਨੂੰ ਡੀਐੱਸਪੀ ਤਲਵੰਡੀ ਸਾਬੋ ਜਸਜਯੋਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿਚ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ, ਡਿਪਟੀ ਰਜਿਸਟਰਾਰ ਕੁਲਵੀਰ ਸਿੰਘ, ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ, ਐੱਨਸੀਸੀ ਕੈਡਿਟ, ਗੱਤਕਾ ਟੀਮ ਅਤੇ ਲਗਭਗ 300 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਈ ਰੈਲੀ ਤਲਵੰਡੀ ਸਾਬੋ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਲੰਘੀ ਅਤੇ “ਨਸ਼ੇ ਛੱਡੋ, ਕੋਹੜ ਵੱਢੋ”, “ਵਾਤਾਵਰਨ ਬਚਾਓ, ਬੂਟੇ ਲਗਾਓ” ਵਰਗੇ ਸੰਦੇਸ਼ ਲੋਕਾਂ ਤੱਕ ਪਹੁੰਚਾਏ ਗਏ। ਇਸ ਮੌਕੇ “ਇਕ ਬੂਟਾ ਮਾਂ ਦੇ ਨਾਮ” ਮੁਹਿੰਮ ਤਹਿਤ ਪਤਵੰਤਿਆਂ ਅਤੇ ਵਿਦਿਆਰਥੀਆਂ ਵੱਲੋਂ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਅਤੇ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਲਿਆ ਗਿਆ। ਡੀਐੱਸਪੀ ਜਸਜਯੋਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਨਾਅਰੇ “ਫਿਟਨੈਸ ਡੋਜ਼, ਅੱਧਾ ਘੰਟਾ ਹਰ ਰੋਜ਼” ਨੂੰ ਅਮਲ ਵਿੱਚ ਲਿਆਉਣ ਲਈ ਅਜਿਹੇ ਉਪਰਾਲੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਮੋਟਾਪਾ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਣ ਲਈ ਸਾਈਕਲਿੰਗ ਇਕ ਬਿਹਤਰੀਨ ਸਾਧਨ ਹੈ। ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਕਿਹਾ ਕਿ ਸਾਈਕਲ ਦੀ ਵਰਤੋਂ ਨਾਲ ਨਾ ਸਿਰਫ਼ ਪ੍ਰਦੂਸ਼ਣ ਘਟਦਾ ਹੈ, ਸਗੋਂ ਟਰੈਫਿਕ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਸ਼ਰਮਾ ਨੇ ਕਿਹਾ ਕਿ ਸਾਈਕਲਿੰਗ ਵਾਤਾਵਰਨ ਦੀ ਰੱਖਿਆ ਦੇ ਨਾਲ-ਨਾਲ ਦੇਸ਼ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਬਣਾਉਣ ਵਿਚ ਯੋਗਦਾਨ ਪਾਉਂਦੀ ਹੈ। ਸਮਾਗਮ ਦੇ ਅੰਤ ਵਿੱਚ ਐੱਨ.ਐੱਸ.ਐੱਸ. ਕੋਆਰਡੀਨੇਟਰ ਨਰਿੰਦਰ ਕੌਰ ਨੇ ਸਾਈਕਲਿੰਗ ਅਤੇ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਆਯੋਜਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਲਈ ਠੰਡੇ ਪਾਣੀ ਦੀ ਛਬੀਲ ਅਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ।