ਸਕੂਲਾਂ ਤੇ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕੇਸ ਦਰਜ
ਬਠਿੰਡਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੀਤਾ ਕੇਸ ਦਰਜ
Publish Date: Fri, 24 Apr 2026 07:36 PM (IST)
Updated Date: Sat, 25 Apr 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਠਿੰਡਾ ਵਿਖੇ ਕਈ ਪ੍ਰਸਿੱਧ ਸਕੂਲਾਂ ਅਤੇ ਰੇਲੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਵਿਚ ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਦਿੱਲੀ ਪਬਲਿਕ ਸਕੂਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਇਕ ਧਮਕੀ ਭਰੇ ਈਮੇਲ ਤੋਂ ਹੜਕੰਪ ਮਚ ਗਿਆ ਸੀ। ਸ਼ਹਿਰ ਦੇ ਪ੍ਰਮੁੱਖ ਸਕੂਲਾਂ ਤੇ ਰੇਲਵੇ ਟ੍ਰੈਕ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਮਿਲਣ ਉਤੇ ਪੁਲਿਸ ਤੇ ਪ੍ਰਸ਼ਾਸਨ ਤੁਰੰਤ ਚੌਂਕਸ ਹੋ ਗਏ ਸਨ। ਸਾਈਬਰ ਕ੍ਰਾਈਮ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸ਼ਿਕਾਇਤ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਕੇਸ ਦਰਜ ਕੀਤਾ ਹੈ। ਵੀਰਵਾਰ ਸਵੇਰੇ ਲਗਭਗ 8:40 ਵਜੇ ਇਕ ਈਮੇਲ ਆਈਡੀ ਤੋਂ ਇਹ ਧਮਕੀ ਦਿੱਤੀ ਗਈ ਸੀ। ਇਸ ’ਚ ਆਰਮੀ ਪਬਲਿਕ ਸਕੂਲ ਸਮੇਤ ਕਈ ਸੰਸਥਾਵਾਂ ਅਤੇ ਮਹੱਤਵਪੂਰਨ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ। ਈਮੇਲ ਭੇਜਣ ਵਾਲਿਆਂ ਨੇ ਆਪਣੇ ਆਪ ਨੂੰ ਖਾਲਿਸਤਾਨ ਨੈਸ਼ਨਲ ਆਰਮੀ ਨਾਲ ਜੁੜਿਆ ਹੋਇਆ ਦੱਸਿਆ ਸੀ। ਈਮੇਲ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਬਠਿੰਡਾ ’ਚ ਰਾਤ ਵੇਲੇ ਰੇਲ ਪੱਟੜੀਆਂ ਨੂੰ ਉਡਾਉਣ ਦੀ ਸਾਜ਼ਿਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸੇ ਸ਼ਰਾਰਤੀ ਤੱਤ ਦੀ ਹਰਕਤ ਵੀ ਹੋ ਸਕਦੀ ਹੈ, ਪਰ ਕਿਸੇ ਵੀ ਸੰਭਾਵਿਤ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੁਰੱਖਿਆ ਨੂੰ ਕੜਾ ਕਰ ਦਿੱਤਾ ਗਿਆ ਹੈ।