ਸੀਸੀਟੀਵੀ ਲਗਾਉਣ 'ਤੇ ਇਕ ਵਿਅਕਤੀ ਦੀ ਕੁੱਟਮਾਰ, ਮਾਮਲਾ ਦਰਜ
ਸੀਸੀਟੀਵੀ ਕੈਮਰੇ ਲਗਾਉਣ 'ਤੇ ਇਕ ਵਿਅਕਤੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ
Publish Date: Fri, 24 Apr 2026 05:26 PM (IST)
Updated Date: Sat, 25 Apr 2026 04:05 AM (IST)
ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਰਾਮਪੁਰਾ ਵਿਖੇ ਸਾਂਝੀ ਕੰਧ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਚਾਰ ਵਿਅਕਤੀਆਂ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਦਰਸ਼ਨ ਕੁਮਾਰ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਸ ਦਾ ਗੁਆਂਢੀਆਂ ਨਾਲ ਸਾਂਝੀ ਕੰਧ ਸਬੰਧੀ ਝਗੜਾ ਚੱਲ ਰਿਹਾ ਹੈ। ਸੁਖਦੇਵ ਸਿੰਘ, ਰਜਿੰਦਰ ਸਿੰਘ, ਗੁਨਿੰਦਰਜੀਤ ਸਿੰਘ ਤੇ ਚਮਕੌਰ ਸਿੰਘ ਨੇ ਉਸ ਦੇ ਘਰ ਦੇ ਬਿਲਕੁਲ ਸਾਹਮਣੇ ਕੈਮਰੇ ਲਗਾ ਦਿੱਤੇ ਸਨ। ਜਦੋਂ ਉਸ ਨੇ ਇਨ੍ਹਾਂ ਕੈਮਰਿਆਂ ਨੂੰ ਕਿਸੇ ਹੋਰ ਜਗ੍ਹਾ ਲਗਾਉਣ ਲਈ ਕਿਹਾ, ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਨੇ ਦੋਸ਼ ਲਾਇਆ ਕਿ ਲੰਘੇ ਮਾਰਚ ਮਹੀਨੇ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ, ਜਿਸ ਦੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਹਮਲਾ ਉਕਤ ਵਿਅਕਤੀਆਂ ਨੇ ਹੀ ਕਰਵਾਇਆ ਸੀ। ਜਾਂਚ ਅਧਿਕਾਰੀ ਅਨੁਸਾਰ ਸ਼ਿਕਾਇਤ ਦੇ ਆਧਾਰ ਤੇ ਕਥਿਤ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ।