ਚੋਰੀ ਕਰਨ ਦੇ ਦੋਸ਼ ’ਚ 3 ਕਾਬੂ
ਚੋਰੀ ਕਰਨ ਦੇ ਦੋਸ਼ ਵਿਚ 3 ਗ੍ਰਿਫ਼ਤਾਰ
Publish Date: Fri, 24 Apr 2026 05:16 PM (IST)
Updated Date: Sat, 25 Apr 2026 04:04 AM (IST)

ਦੀਪਕ ਸ਼ਰਮਾ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਚੋਰੀ ਦੇ ਦੋ ਵੱਖ ਵੱਖ ਮਾਮਲਿਆਂ ਵਿਚ ਇਕ ਔਰਤ ਸਮੇਤ ਚਾਰ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਮਾਮਲੇ ਵਿਚ ਸ਼ਾਮਲ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਔਰਤ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਕਾਬੂ ਕੀਤੇ ਦੋਸ਼ੀਆਂ ਵਿੱਚੋਂ ਇਕ ਜਣਾ ਨਾਬਾਲਗ ਹੋਣ ਕਾਰਨ ਉਸ ਨੂੰ ਬੱਚਿਆਂ ਵਾਲੀ ਜੇਲ ਵਿਚ ਭੇਜ ਦਿੱਤਾ ਹੈ। ਥਾਣਾ ਬਾਲਿਆਂਵਾਲੀ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਭੂੰਦੜ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਸਾਂਝਾ ਬਿਆਨ ਦਰਜ ਕਰਵਾਇਆ ਕਿ ਕੁਝ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਹਨ ਤੇ ਖੇਤਾਂ ਵਾਲੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਪੜਤਾਲ ਕਰਦਿਆਂ ਹੋਇਆਂ ਪਤਾ ਲੱਗਿਆ ਕਿ ਉਕਤ ਵਾਰਦਾਤਾਂ ਨੂੰ ਅਕਾਸ਼ਦੀਪ ਸਿੰਘ, ਵਿਸ਼ਵਾ ਨਾਥ ਆਪਣੇ ਇਕ ਨਾਬਾਲਗ ਸਾਥੀ ਵਾਸੀ ਰਾਮਪੁਰਾ ਨਾਲ ਮਿਲ ਕੇ ਅੰਜਾਮ ਦੇ ਰਹੇ ਹਨ, ਜਿਸ ’ਤੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਨੂੰ 10 ਕਿੱਲੋ ਚੋਰੀ ਕੀਤੀ ਤਾਰ ਸਮੇਤ ਕਾਬੂ ਕਰ ਲਿਆ। ਪੁਲਿਸ ਅਨੁਸਾਰ ਕਥਿਤ ਦੋਸ਼ੀ ਅਕਾਸ਼ਦੀਪ ਤੇ ਵਿਸ਼ਵਾਨਾਥ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਡੁੰਘਾਈ ਨਾਲ ਪੁੱਛਗਿਛ ਕੀਤੀ ਜਾਵੇ ਜਦਕਿ ਨਾਬਾਲਗ ਨੂੰ ਜੁਵਨਾਇਲ ਜੇਲ੍ਹ ਫਰੀਦਕੋਟ ਭੇਜਿਆ ਗਿਆ ਹੈ। ਇਕ ਹੋਰ ਮਾਮਲੇ ਵਿਚ ਥਾਣਾ ਰਾਮਾਂ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਸੋਨੂੰ ਰਾਣੀ ਪਤਨੀ ਧਰਮਿੰਦਰ ਸਿੰਘ ਵਾਸੀ ਪਿੰਡ ਰਾਮਾਂ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਰਾਮਾਂ ਉਸ ਦੇ ਘਰ ਸਫ਼ਾਈ ਅਤੇ ਰੋਟੀ ਬਣਾਉਣ ਦਾ ਕੰਮ ਕਰਦੀ ਸੀ। ਪੀੜਤ ਔਰਤ ਅਨੁਸਾਰ ਲੰਘੀ 27 ਮਾਰਚ ਨੂੰ ਉਕਤ ਔਰਤ ਉਸ ਦੇ ਘਰੋਂ ਸੋਨੇ ਦੀ ਚੇਨੀ ਚੋਰੀ ਕਰਕੇ ਲੈ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ਣ ਖਿਲਾਫ ਕੇਸ ਦਰਜ ਕਰ ਲਿਆ ਹੈ, ਹਾਲਾਂਕਿ ਇਸ ਮਾਮਲੇ ਵਿਚ ਅਜੇ ਗ੍ਰਿਫਤਾਰੀ ਹੋਣੀ ਬਾਕੀ ਹੈ।