ਜੇਲ੍ਹ ’ਚੋਂ ਮੋਬਾਈਲ ਬਰਾਮਦ, ਅਣਪਛਾਤੇ ਖ਼ਿਲਾਫ਼ ਕੇਸ ਦਰਜ
ਜੇਲ੍ਹ ’ਚੋਂ ਮੋਬਾਈਲ ਫ਼ੋਨ ਬਰਾਮਦ, ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ
Publish Date: Fri, 24 Apr 2026 05:05 PM (IST)
Updated Date: Sat, 25 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾਉਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਤਲਾਸ਼ੀ ਦੌਰਾਨ ਇਕ ਮੋਬਾਈਲ ਮਿਲਣ ਕਾਰਨ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਬੰਦੀਸ਼ੁਦਾ ਵਸਤੂਆਂ ਅਤੇ ਨਸ਼ੀਲੇ ਪਦਾਰਥ ਮਿਲਣ ਕਾਰਨ ਸਥਾਨਕ ਜੇਲ੍ਹ ਲਗਾਤਾਰ ਚਰਚਾ ਵਿਚ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਸਥਾਨਕ ਪੁਲਿਸ ਨੇ ਕੇਂਦਰੀ ਸੁਰੱਖਿਆ ਬਲ ਦੇ ਇਕ ਮੁਲਾਜ਼ਮ ਨੂੰ ਨਸ਼ੀਲੀਆਂ ਵਸਤੂਆਂ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਵੀ ਸਥਾਨਕ ਪੁਲਿਸ ਦੇ ਕਈ ਮੁਲਾਜ਼ਮ ਜੇਲ੍ਹ ’ਚ ਨਸ਼ਾ ਪਹੁੰਚਾਉਣ ਦੇ ਦੋਸ਼ ਹੇਠ ਫੜੇ ਗਏ ਹਨ। ਦੂਜੇ ਪਾਸੇ ਬਠਿੰਡਾ ਦੀ ਜੇਲ੍ਹ ਨੂੰ ਹਾਈ ਸਕਿਊਰਟੀ ਜੇਲ੍ਹ ਵਜੋਂ ਜਾਣਿਆ ਜਾਂਦਾ ਹੈ। ਜਿਸ ਕਾਰਨ ਸੂਬੇ ਦੇ ਅਤੇ ਬਾਹਰਲੇ ਸੂਬਿਆਂ ਦੇ ਕਈ ਖਤਰਨਾਕ ਗੈਂਗਸਟਰਾਂ ਨੂੰ ਇੱਥੇ ਰੱਖਿਆ ਗਿਆ। ਜਿਸ ਕਾਰਨ ਜੇਲ੍ਹ ਦੀ ਸੁਰੱਖਿਆ ਦਾ ਜ਼ਿੰਮਾ ਸਥਾਨਕ ਪੁਲਿਸ ਤੋਂ ਇਲਾਵਾ ਨੀਮ ਫੌਜੀ ਦਲਾਂ ਦੇ ਕੋਲ ਵੀ ਹੈ। ਇਸ ਤਰ੍ਹਾਂ ਦੀ ਸੁਰੱਖਿਆ ਛੱਤਰੀ ਹੋਣ ਦੇ ਬਾਵਜੂਦ ਪਾਬੰਦੀਸ਼ੁਦਾ ਵਸਤੂਆਂ ਤੇ ਮੋਬਾਈਲ ਫੋਨ ਮਿਲਣਾ ਸੁਰੱਖਿਆ ਪ੍ਰਬੰਧਾਂ ’ਤੇ ਕਈ ਸਵਾਲ ਖੜੇ ਕਰਦਾ ਹੈ।ਜਾਣਕਾਰੀ ਅਨੁਸਾਰ ਲੰਘੀ 22 ਅਪ੍ਰੈਲ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਮੋਬਾਇਲ ਫੋਨ ਦੀ ਬਰਾਮਦਗੀ ਕੀਤੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਦੀਵਾਨ ਚੰਦ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਅਨੁ ਮਲਿਕ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ 22 ਅਪ੍ਰੈਲ ਨੂੰ ਚੈਕਿੰਗ ਦੌਰਾਨ ਜੇਲ੍ਹ ਵਿੱਚੋਂ ਇਕ ਵੀਵੋ ਕੰਪਨੀ ਦਾ ਫ਼ੋਨ ਬਰਾਮਦ ਹੋਇਆ। ਇਸ ਦੇ ਸਬੰਧ ਵਿਚ ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਪ੍ਰੀਜਨ ਐਕਟ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜੇਲ੍ਹ ਦੇ ਅੰਦਰ ਇਹ ਫ਼ੋਨ ਕਿਸ ਤਰ੍ਹਾਂ ਪਹੁੰਚਿਆ।