- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
- ਛੇ ਸਾਲਾਂ ਤੋਂ ਖਰੀਦ ਕੇਂਦਰ ਦਾ ਫੜ੍ਹ ਪੱਕਾ ਨਾਂ ਹੋਣ ਕਾਰਨ ਫ਼ਸਲ ਰੁਲ ਰਹੀ ਹੈ ਮਿੱਟੀ ’ਚ

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਪਿਛਲੇ ਛੇ ਸਾਲਾਂ ਤੋਂ ਮਾਰਕੀਟ ਕਮੇਟੀ ਬਠਿੰਡਾ ਦੇ ਅਧੀਨ ਪੈਂਦੇ ਖਰੀਦ ਕੇਂਦਰ ਬੁਰਜ ਮਹਿਮਾ ਦਾ ਫੜ੍ਹ ਕੱਚਾ ਹੋਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਮਿੱਟੀ ਵਿਚ ਰੁਲ ਰਹੀ ਹੈ। ਪੰਜਾਬੀ ਜਾਗਰਣ ਦੀ ਟੀਮ ਵੱਲੋਂ ਮੰਡੀ ਵਿਚ ਬੈਠੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨ ਲਾਭ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2023 ਵਿਚ ਕਣਕ ਦੀ ਫ਼ਸਲ ਗੜੇਮਾਰੀ ਨਾਲ ਪੂਰੀ ਫ਼ਸਲ ਬਰਬਾਦ ਹੋ ਗਈ ਸੀ,। ਉਸ ਸਮੇਂ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ, ਨਾਂ ਹੀ ਸਾਡੇ ਖੇਤਾਂ ਵਿਚ ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਕਰਵਾਈ ਗਈ। ਜਿਸ ਕਰਕੇ ਦੁਖੀ ਕਿਸਾਨਾਂ ਨੇ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਰਲ ਕੇ ਮੰਤਰੀ ਦੇ ਪੁੱਤਰ ਦਾ ਪਿੰਡ ’ਚ ਘਿਰਾਓ ਕੀਤਾ ਸੀ । ਉਸ ਗੱਲ ਦੀ ਸਰਕਾਰ ਵੱਲੋਂ ਖੁੰਦਕ ਕੱਢੀ ਜਾ ਰਹੀ ਹੈ। ਇਸ ਕਰਕੇ ਉਨ੍ਹਾਂ ਨੂੰ ਨਾਂ ਤਾਂ ਸਾਲ 2023 ’ਚ ਹੋਈ ਗੜੇਮਾਰੀ ਕਾਰਨ ਬਰਬਾਦ ਹੋਈ ਕਣਕ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਗਿਆ ਅਤੇ ਨਾਂ ਹੀ 5 ਅਪ੍ਰੈਲ 2026 ਨੂੰ ਹੋਈ ਦੁਬਾਰਾ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਮੁਆਵਜਾ ਦਿੱਤਾ ਗਿਆ ਹੈ। ਉਸ ਗੱਲ ਦੀ ਖੁੰਦਕ ਨੂੰ ਲੈ ਕੇ ਬੁਰਜ ਮਹਿਮਾ ਦੇ ਖਰੀਦ ਕੇਂਦਰ ਦਾ ਫੜ੍ਹ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਹੋਰ ਵੀ ਪਿੰਡ ਦੇ ਵਿਕਾਸ ਕਾਰਜ ਰੋਕ ਦਿੱਤੇ ਗਏ, ਜਦੋਂਕਿ ਪਿੰਡ ਦੀ ਪੰਚਾਇਤ ਵੱਲੋਂ ਮੰਡੀ ਦਾ ਫੜ੍ਹ ਪੱਕਾ ਕਰਨ ਲਈ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਨੂੰ ਲਿਖਤੀ ਦਰਖਾਸਤ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਤਿੰਨ ਏਕੜ ਤੋਂ ਉੱਪਰ ਪੰਚਾਇਤੀ ਜਮੀਨ ਦਾ ਤਬਾਦਲਾ ਕਰਕੇ ਇੱਥੇ ਖਰੀਦ ਕੇਂਦਰ ਬਣਾਇਆ ਗਿਆ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੰਡੀ ਦੇ ਫੜ੍ਹ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਹਰ ਛੇ ਮਹੀਨੇ ਬਾਅਦ ਝੋਨੇ ਅਤੇ ਕਣਕ ਦੀ ਫ਼ਸਲ ਮੰਡੀ ’ਚ ਮਿੱਟੀ ਰੁਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਕਈ ਵਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਨੂੰ ਮਿਲ ਕੇ ਇਸ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਹੈ, ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹਰ ਵਾਰੀ ਕਹਿ ਦਿੱਤਾ ਜਾਂਦਾ ਹੈ ਕਿ ਅਗਲੀ ਵਾਰ ਮੰਡੀ ਦਾ ਫੜ੍ਹ ਪੱਕਾ ਹੋ ਜਾਵੇਗਾ, ਪਰ ਜਦੋਂ ਫ਼ਸਲ ਮੰਡੀ ਵਿਚ ਸੁੱਟਣ ਦਾ ਸਮਾਂ ਆਉਂਦਾ ਹੈ ਤਾਂ ਫੜ੍ਹ ਜਿਉਂ ਦਾ ਤਿਉਂ ਹੀ ਰਹਿ ਜਾਂਦਾ ਹੈ। ਇਸ ਸਬੰਧੀ ਕਿਸਾਨ ਧਰਮ ਸਿੰਘ, ਜਗਜੀਤ ਸਿੰਘ, ਪੱਪੂ ਸਿੰਘ ਨੇ ਦੱਸਿਆ ਕਿ ਅਕਸਰ ਅਸੀਂ ਵੇਖਦੇ ਹੁੰਦੇ ਹਾਂ ਕਿ ਲਹਿੰਦੇ ਪੰਜਾਬ ਵਿਚ ਗਰੀਬੀ ਹੋਣ ਕਰਕੇ ਮੰਡੀਆਂ ਦਾ ਬੁਰਾ ਹਾਲ ਹੁੰਦਾ ਹੈ, ਪਰ ਅਸੀਂ ਚੜ੍ਹਦੇ ਪੰਜਾਬ ਵਾਂਗ ਹੀ ਪਿਛਲੇ ਕਈ ਸਾਲਾਂ ਤੋਂ ਲਹਿੰਦੇ ਪੰਜਾਬ ਵਾਂਗ ਸੰਤਾਪ ਭੋਗ ਰਹੇ ਹਾਂ। ਉਨ੍ਹਾਂ ਕਿਹਾ ਕਿ ਬੁਰਜ ਮਹਿਮਾ ਪਿੰਡ ਤੋਂ ਖਰੀਦ ਕੇਂਦਰ ਨੂੰ ਆਉਂਦਾ ਰਸਤਾ ਵੀ ਕੱਚਾ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰਸਤਾ ਜਿਆਦਾ ਖਰਾਬ ਹੋਣ ਕਾਰਨ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੇ ਟਾਇਰ ਪੰਚਰ ਹੋ ਜਾਂਦੇ ਹਨ, ਮਸੀਨਰੀ ਵਿਚ ਵੀ ਨੁਕਸ ਪੈ ਜਾਂਦਾ ਹੈ । ਇਸ ਸਬੰਧੀ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਮੰਡੀ ਦਾ ਫੜ੍ਹ ਪੱਕਾ ਕਰਨ ਲਈ ਛੇ ਫਸਲਾਂ ਖਰੀਦ ਕਰਨ ਦੀ ਸ਼ਰਤ ਹੁੰਦੀ ਹੈ, ਜੋ ਕਿ ਬੁਰਜ ਮਹਿਮਾ ਦਾ ਖਰੀਦ ਕੇਂਦਰ ਇਹ ਸ਼ਰਤਾਂ ਪੂਰੀਆਂ ਕਰ ਚੁੱਕਾ ਹੈ, ਅਗਲੀ ਝੋਨੇ ਦੀ ਫ਼ਸਲ ਮੰਡੀ ਦੇ ਪੱਕੇ ਫੜ੍ਹ ’ਤੇ ਵਿਕੇਗੀ ਅਤੇ ਕੱਚਾ ਰਸਤਾ ਵੀ ਪੱਕਾ ਕਰ ਦਿੱਤਾ ਜਾਵੇਗਾ।