ਬਿਜਲੀ ਦੇ ਲੰਮੇ ਕੱਟਾਂ ਤੋਂ ਦੁਖੀ ਲੋਕ ਸੜਕਾਂ ’ਤੇ ਉੱਤਰੇ, ਕੀਤੀ ਨਾਅਰੇਬਾਜ਼ੀ
ਬਿਜਲੀ ਦੇ ਲੰਬੇ ਲੰਬੇ ਕੱਟਾਂ ਤੋਂ ਦੁਖੀ ਲੋਕ ਸੜਕਾਂ ਤੇ ਉਤਰੇ, ਹੱਥਾਂ ਵਿੱਚ ਪੱਖੀਆਂ ਲੈ ਕੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
Publish Date: Thu, 23 Apr 2026 05:42 PM (IST)
Updated Date: Fri, 24 Apr 2026 04:04 AM (IST)

ਹੱਥਾਂ ’ਚ ਪੱਖੀਆਂ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਕੀਤਾ ਪ੍ਰਦਰਸ਼ਨ, ਸੰਘਰਸ਼ ਦੀ ਦਿੱਤੀ ਚਿਤਾਵਨੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਅੰਦਰ ਪਾਵਰ ਕਾਮ ਵੱਲੋਂ ਲਗਾਏ ਜਾ ਰਹੇ ਲੰਬੇ ਲੰਬੇ ਬਿਜਲੀ ਕੱਟਾਂ ਖਿਲਾਫ ਲੋਕ ਸੜਕਾਂ ’ਤੇ ਉਤਰ ਆਏ। ਲਾਈਨੋਂ ਪਾਰ ਖੇਤਰ ਦੇ ਲੋਕਾਂ ਨੇ ਹੱਥਾਂ ਵਿੱਚ ਪੱਖੀਆਂ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਤਿਵੇਂ ਤਿਵੇਂ ਬਿਜਲੀ ਦੀ ਮੰਗ ਵੀ ਬਦਲ ਲੱਗੀ ਹੈ, ਪਰ ਇਸ ਦੇ ਨਾਲ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ। ਸ਼ਹਿਰ ਦੇ ਮਹੱਲਾ ਗੋਪਾਲ ਨਗਰ, ਅਰਜਨ ਨਗਰ, ਜੋਗੀ ਨਗਰ ਅਤੇ ਇਸ ਦੇ ਆਸੇ ਪਾਸੇ ਦੇ ਖੇਤਰ ਦੇ ਲੋਕ ਬਿਜਲੀ ਕੱਟ ਕਾਰਨ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕਰਦੇ ਨਜ਼ਰ ਆਏ। ਪ੍ਰਦਰਸ਼ਨਕਾਰੀ ਬੀਬੀਆਂ ਨੇ ਆਪਣੇ ਹੱਥਾਂ ਵਿੱਚ ਪੱਖੀਆਂ ਫੜੀਆਂ ਹੋਈਆਂ ਸਨ। ਲੋਕਾਂ ਨੇ ਬਿਜਲੀ ਕੱਟਾਂ ਖਿਲਾਫ ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਅਧਿਕਾਰੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼ਹਿਰ ਵਾਸੀ ਹਰਵਿੰਦਰ ਸਿੰਘ ਲੱਡੂ ਨੇ ਦੱਸਿਆ ਕਿ ਗੋਪਾਲ ਨਗਰ, ਅਰਜਨ ਨਗਰ ਅਤੇ ਜੋਗੀ ਨਗਰ ਸਮੇਤ ਆਸੇ ਪਾਸੇ ਦੇ ਖੇਤਰ ਵਿੱਚ ਵੀਰਵਾਰ ਸਵੇਰੇ 9 ਵਜੇ ਤੋਂ ਬਿਜਲੀ ਪਾਵਰਕਾਮ ਦੇ ਅਧਿਕਾਰੀਆਂ ਨੇ ਬੰਦ ਕਰ ਦਿੱਤੀ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ 25 ਤੋਂ 30 ਹਜਾਰ ਲੋਕ ਰਹਿੰਦੇ ਹਨ ਅਤੇ ਸਾਰੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੀਬ ਪਰਿਵਾਰਾਂ ਦੇ ਮਕਾਨ ਛੋਟੇ ਹਨ ਅਤੇ ਕਿਸੇ ਕੋਲ ਵੀ ਇਨਵਰਟਰ ਅਤੇ ਜਨਰੇਟਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀ ਲਗਾਤਾਰ ਬਿਜਲੀ ਦੇ ਲੰਬੇ ਲੰਬੇ ਕੱਟ ਲਗਾ ਰਹੇ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਸਵੇਰੇ 9 ਵਜੇ ਤੋਂ 5 ਵਜੇ ਤਕ ਦਾ ਬਿਜਲੀ ਕੱਟ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟ ਕਾਰਨ ਬੱਚੇ ਅਤੇ ਬਜ਼ੁਰਗ ਬੇਹਾਲ ਹਨ। ਮਹੱਲਾ ਵਾਸੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਬਿਜਲੀ ਕੱਟ ਸਬੰਧੀ ਪਾਵਰਕਾਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀ ਮੁਰੰਮਤ ਕਾਰਨ ਇਹ ਕੱਟ ਲਗਾਏ ਜਾ ਰਹੇ ਹਨ, ਪਰ ਲੋਕਾਂ ਨੇ ਸਵਾਲ ਖੜਾ ਕੀਤਾ ਕਿ ਜੇਕਰ ਪਾਵਰਕਾਮ ਨੇ ਬਿਜਲੀ ਲਾਈਨ ਜਾਂ ਸਪਲਾਈ ਦੀ ਕੋਈ ਮੁਰੰਮਤ ਕਰਨੀ ਸੀ ਤਾਂ ਉਹ ਦੋ ਮਹੀਨੇ ਪਹਿਲਾਂ ਕਿਉਂ ਨਹੀਂ ਕੀਤੀ ਗਈ। ਉਸ ਸਮੇਂ ਮੌਸਮ ਬਿਲਕੁਲ ਠੀਕ ਸੀ ਅਤੇ ਜੇਕਰ ਕੱਟ ਲੱਗਦੇ ਤਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ। ਲੋਕਾਂ ਨੇ ਕਿਹਾ ਕਿ ਹੁਣ ਅੱਤ ਦੀ ਗਰਮੀ ਵਿੱਚ ਲੰਬੇ ਲੰਬੇ ਬਿਜਲੀ ਘੱਟ ਲਗਾਏ ਜਾਣਾ ਕਿਧਰੇ ਵੀ ਸਹੀ ਨਹੀਂ ਹੈ। ਕਾਂਗਰਸੀ ਆਗੂ ਅਤੇ ਸ਼ਹਿਰ ਵਾਸੀ ਹਰਵਿੰਦਰ ਸਿੰਘ ਲੱਡੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੇ ਘੱਟ ਇਸੇ ਤਰ੍ਹਾਂ ਹੀ ਜਾਰੀ ਰਹੇ ਤਾਂ ਉਹ ਲੋਕਾਂ ਨੂੰ ਲੈ ਕੇ ਬਿਜਲੀ ਦਫਤਰਾਂ ਦਾ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਈਆਂ ਹਨ ਪਰ ਬਠਿੰਡਾ ਵਿੱਚ ਇੰਨ੍ਹੇ ਲੰਬੇ ਬਿਜਲੀ ਦੇ ਕੱਟ ਕਦੇ ਵੀ ਨਹੀਂ ਲੱਗੇ। ------- ਬਠਿੰਡਾ ’ਚ ਤਾਪਮਾਨ 42 ਡਿਗਰੀ ਤਕ ਪੁੱਜਾ ਵੀਰਵਾਰ ਨੂੰ ਬਠਿੰਡਾ ਵਿੱਚ ਦਿਨ ਦਾ ਤਾਪਮਾਨ 42 ਡਿਗਰੀ ਤਕ ਪਹੁੰਚ ਗਿਆ। ਪਰ ਬਿਜਲੀ ਦੇ ਕੱਟ ਸਵੇਰੇ ਹੀ ਸ਼ੁਰੂ ਹੋ ਗਏ। ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚ ਦਿਨ ਭਰ ਬਿਜਲੀ ਦੇ ਕੱਟ ਲੱਗਦੇ ਰਹੇ। ਪਾਵਰਕਾਮ ਦੇ ਅਧਿਕਾਰੀਆਂ ਨੇ ਉਦਯੋਗਪਤੀਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਲੋੜ ਤੋਂ ਵੱਧ ਬਿਜਲੀ ਦਾ ਉਪਯੋਗ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕੱਟ ਨਹੀਂ ਲਗਾਏ ਜਾ ਰਹੇ। ਸਿਰਫ ਲਾਈਨਾਂ ਦੀ ਮੁਰੰਮਤ ਕਰਨ ਲਈ ਬਿਜਲੀ ਬੰਦ ਕਰਨੀ ਪੈਂਦੀ ਹੈ। ਗਰਮੀ ਦੇ ਦਿਨਾਂ ਵਿੱਚ ਕਈ ਵਾਰੀ ਫਾਲਟ ਆ ਜਾਂਦੇ ਹਨ, ਜਿਸ ਕਰਕੇ ਮੁਰੰਮਤ ਕਰਨੀ ਪੈਂਦੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਹਾਲਤ ਸੁਧਰੇਗੀ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨ੍ਹਾਂ ਵਿਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਤਾਪਮਾਨ 43 ਡਿਗਰੀ ਸੈਲਸੀਅਸ ਤਕ ਪਹੁੰਚ ਜਾਵੇਗਾ ਅਤੇ ਜੇਕਰ ਕੱਟ ਇਸੇ ਤਰ੍ਹਾਂ ਹੀ ਲੱਗਦੇ ਰਹੇ ਤਾਂ ਲੋਕ ਸੜਕਾਂ ’ਤੇ ਆ ਸਕਦੇ ਹਨ।