ਆਕਸਫੋਰਡ ਦੇ ਵਿਦਿਆਰਥੀਆਂ ਨੇ ਜੰਗ ਦੇ ਨੁਕਸਾਨ ਸਬੰਧੀ ਕੀਤੀ ਚਰਚਾ
ਆਕਸਫੋਰਡ ਦੇ ਵਿਦਿਆਰਥੀਆਂ ਨੇ ਜੰਗ ਦੇ ਨੁਕਸਾਨ ਸਬੰਧੀ ਕੀਤੀ ਚਰਚਾ
Publish Date: Thu, 23 Apr 2026 04:54 PM (IST)
Updated Date: Fri, 24 Apr 2026 04:02 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚ ਸੰਭਾਵਿਤ ਜੰਗ ਮਨੁੱਖਤਾ ਲਈ ਭਿਆਨਕ ਨਤੀਜੇ ਲਿਆ ਸਕਦੀ ਹੈ। ਜੰਗ ਨਾਲ ਬੇਗੁਨਾਹ ਲੋਕਾਂ ਦੀ ਜਾਨ ਜਾਂਦੀ ਹੈ, ਬੱਚੇ ਅਨਾਥ ਹੋ ਜਾਂਦੇ ਹਨ ਅਤੇ ਘਰ ਬਰਬਾਦ ਹੋ ਜਾਂਦੇ ਹਨ। ਸਿਹਤ ਸੇਵਾਵਾਂ ਢਹਿ ਜਾਂਦੀਆਂ ਹਨ ਅਤੇ ਖਾਣ-ਪੀਣ ਦੀ ਕਮੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਦੀ ਜੰਗ ਨਾ ਸਿਰਫ਼ ਸਬੰਧਤ ਦੇਸ਼ਾਂ ਲਈ ਹੀ ਨਹੀ, ਸਗੋਂ ਪੂਰੀ ਦੁਨੀਆ ਲਈ ਖਤਰਾ ਬਣਦੀ ਹੈ, ਇਸ ਲਈ ਸ਼ਾਂਤੀ ਅਤੇ ਸੰਵਾਦ ਹੀ ਸਭ ਤੋਂ ਵਧੀਆ ਹੱਲ ਹਨ। ਇਲਾਕੇ ਦੇ ਨਾਮਵਰ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀਆਂ ਵੱਲੋਂ ਜੰਗ ਕਾਰਨ ਹੋਣ ਵਾਲੇ ਨੁਕਸਾਨ ਸਬੰਧੀ ਕੀਤੀ ਵਿਚਾਰ ਚਰਚਾ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਜੰਗ ਕਾਰਨ ਮਨੁੱਖੀ ਜੀਵਨ ਨੂੰ ਬਹੁਤ ਨੁਕਸਾਨ ਹੁੰਦਾ ਫਤਿਹਵੀਰ ਸਿੰਘ ਕਲਾਸ ਨੌਵੀਂ ਦਾ ਕਹਿਣਾ ਹੈ ਕਿ ਅੱਜ ਕਈ ਦੇਸ਼ ਜੰਗਾਂ ’ਚ ਉਲਝੇ ਹੋਏ ਹਨ। ਜੰਗ ਕਾਰਨ ਮਨੁੱਖੀ ਜੀਵਨ ਨੂੰ ਬਹੁਤ ਨੁਕਸਾਨ ਹੁੰਦਾ ਹੈ। ਮਨੁੱਖਾਂ ਨੂੰ ਹੀ ਨਹੀਂ, ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਹੈ, ਵਾਤਾਵਰਨ ਖਰਾਬ ਹੋ ਜਾਂਦਾ ਹੈ। ਜਦ ਦੇਸ਼ਾਂ ਦੇ ਵਿਚਕਾਰ ਜੰਗ ਹੁੰਦੀ ਹੈ ਉਦੋਂ ਦੇਸ਼ ਵਿਚਕਾਰ ਰਹਿੰਦੇ ਵੱਖ-ਵੱਖ ਧਰਮਾਂ ਦੇ ਲੋਕ ਆਪਸ ‘ਚ ਲੜ ਪੈਂਦੇ ਹਨ, ਲੋਕਾਂ ਵਿਚ ਈਰਖਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਜੰਗ ਦਾ ਅਸਰ ਬਹੁਤ ਭੈੜਾ ਹੁੰਦਾ ਹੈ। ਦੇਸ਼ਾਂ ਦਾ ਬਹੁਤ ਨੁਕਸਾਨ ਵੀ ਹੁੰਦਾ ਹੈ। ਹਰ ਪਾਸੇ ਤਬਾਹੀ ਮਚ ਜਾਂਦੀ ਹੈ। ਜੰਗ ਦਾ ਕੋਈ ਫਾਇਦਾ ਨਹੀਂ ਹੁੰਦਾ। ਇਸ ਕਾਰਨ ਇਕੱਲਾ ਨੁਕਸਾਨ ਹੀ ਹੁੰਦਾ ਹੈ। ਜੰਗ ਕਾਰਨ ਕਈ ਲੋੜੀਂਦੇ ਪਦਾਰਥ ਵੀ ਨਸ਼ਟ ਹੋ ਜਾਂਦੇ ਹਨ। ਜੰਗ ਵਿਚ ਜਿੱਥੇ ਲੜ੍ਹਾਈ ਹੁੰਦੀ ਹੈ ਉਹ ਜ਼ਮੀਨ ਕਿਸੇ ਕੰਮ ਨਹੀਂ ਆਉਂਦੀ। ਪਰ ਕੀ ਕਰੀਏ ? ਜੰਗ ਰੋਕਣ ਵਾਲੇ ਤਾਂ ਜੰਗ ਕਰ ਰਹੇ ਹਨ। ਸਾਡੀ ਧਰਤੀ ਦਾ ਭਵਿੱਖ ਸਾਡੇ ਹੱਥਾਂ ’ਚ ਅਨੂਵੀਰ ਕੌਰ ਕਲਾਸ 10ਵੀਂ ਦਾ ਕਹਿਣਾ ਹੈ ਕਿ ਜੰਗ ਵਾਤਾਵਰਨ ਲਈ ਖ਼ਤਰਾ ਹੈ। ਜੰਗ ਕਾਰਨ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੁੰਦੇ ਹਨ। ਜੀਵ-ਜੰਤੂਆਂ, ਪੰਛੀਆਂ ਅਤੇ ਪੌਦਿਆਂ ਦੀ ਮੌਤ ਹੋ ਜਾਂਦੀ ਹੈ। ਇਸ ਨਾਲ ਵਾਤਾਵਰਨ ਦਾ ਸੰਤੁਲਨ ਵਿਗੜਦਾ ਹੈ। ਜੰਗ ਵਿਚ ਵਰਤੇ ਗਏ ਰਸਾਇਣਕ ਬੰਬ ਵਾਤਾਵਰਨ ਨੂੰ ਲੰਬੇ ਸਮੇਂ ਲਈ ਨੁਕਸਾਨ ਪਹੁੰਚਾਉਂਦੇ ਹਨ। ਜਿਸ ਇਲਾਕੇ ਵਿਚ ਬੰਬ ਡਿੱਗਦਾ ਹੈ, ਉਸ ਇਲਾਕੇ ਦੀ ਜ਼ਮੀਨ ਉਪਜਾਊ ਨਹੀਂ ਰਹਿੰਦੀ । ਜਾਣਕਾਰੀ ਅਨੁਸਾਰ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਪਰਮਾਣੂ ਬੰਬ ਡਿੱਗਣ ਕਾਰਨ ਉਨ੍ਹਾਂ ਦੀ ਜ਼ਮੀਨ ਉਪਜਾਊ ਨਹੀਂ ਰਹੀ। ਵਾਤਾਵਰਨ ਦੀ ਸੰਭਾਲ ਲਈ ਹਰ ਜੰਗ ਰੋਕਣੀ ਜ਼ਰੂਰੀ ਹੈ। ਸਾਨੂੰ ਸ਼ਾਂਤੀ ਅਤੇ ਸਥਾਈ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਜੀਵ-ਜੰਤੂ, ਪੰਛੀ ਅਤੇ ਪੌਦੇ ਸੁਰੱਖਿਅਤ ਰਹਿ ਸਕਣ। ਸਾਡੀ ਧਰਤੀ ਦਾ ਭਵਿੱਖ ਸਾਡੇ ਹੱਥਾਂ ਵਿਚ ਹੈ, ਇਸ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ। ਜੰਗ ਸ਼ਬਦ ਛੋਟਾ ਹੈ ਪਰ ਇਸਦਾ ਅਸਰ ਬਹੁਤ ਵੱਡਾ ਐਸ਼ਮੀਨ ਸੰਧੂ ਕਲਾਸ ਦਸਵੀਂ ਦਾ ਕਹਿਣਾ ਹੈ ਕਿ ਸਭ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾ ਜੰਗ ਅਮਰੀਕਾ, ਇਜ਼ਰਾਈਲ਼ ਅਤੇ ਈਰਾਨ ਵਿਚਕਾਰ ਚੱਲ ਰਹੀ ਸੀ, ਜੰਗ ਸ਼ਬਦ ਛੋਟਾ ਹੈ ਪਰ ਇਸਦਾ ਮਤਲਬ ਅਤੇ ਅਸਰ ਬਹੁਤ ਵੱਡਾ ਹੈ। ਜੰਗ ਦੇ ਵਿਚ ਬਹੁਤ ਪੈਸਾ ਬਰਬਾਦ ਹੁੰਦਾ ਹੈ ਅਤੇ ਦੇਸ਼ ਦਾ ਖਜ਼ਾਨਾ ਖਤਮ ਹੋ ਜਾਂਦਾ ਹੈ। ਸਰਕਾਰਾਂ ਲੋਕਾਂ ਦੀ ਭਲਾਈ ਛੱਡ ਕੇ ਜੰਗ ਵਿਚ ਵਰਤੇ ਜਾਣ ਵਾਲੇ ਹਥਿਆਰਾਂ ਬਾਰੇ ਸੋਚਣ ਲੱਗ ਜਾਂਦੀਆਂ ਹਨ। ਜੰਗ ਦੇ ਕਾਰਨ ਮਹਿੰਗਾਈ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜੰਗ ਦੇ ਕਾਰਨ ਤਾਲਾਬੰਦੀ ਲੱਗ ਜਾਦੀ ਹੈ, ਜਿਸ ਕਾਰਨ ਫੈਕਟਰੀਆਂ ਅਤੇ ਕਾਰੋਬਾਰ ਬੰਦ ਹੋ ਜਾਂਦੇ ਹਨ। ਖਾਦ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਕਿਸਾਨਾਂ ’ਤੇ ਆਰਥਿਕ ਬੋਝ ਪੈਂਦਾ ਹੈ। ਸ਼ੇਅਰ ਬਾਜ਼ਾਰ ਵਿਚ ਵੀ ਗਿਰਾਵਟ ਦੇਖਣ ਨੂੰ ਮਿਲਦੀ ਹੈ। ਜੰਗ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਦੀ ਹੀ ਨਹੀਂ ਸਗੋਂ ਹੋਰ ਦੇਸ਼ਾਂ ਦੀ ਅਰਥ ਵਿਵਸਥਾ ਵੀ ਡਗਮਗਾ ਜਾਂਦੀ ਹੈ। ਦੇਸ਼ਾਂ ਦੀ ਕਰੰਸੀ ਦਾ ਮੁੱਲ ਘੱਟਣ ਲੱਗਦਾ ਹੈ ਤਾਂ ਫਿਰ ਦੇਸ਼ ਤਰੱਕੀ ਕਿਵੇਂ ਕਰੇਗਾ ? ———— ਜੰਗ ਕੁਝ ਕੁ ਦੇਸ਼ਾਂ ’ਚ ਚੱਲ ਰਹੀ, ਪਰ ਅਸਰ ਸਾਰੇ ਸੰਸਾਰ ਉੱਪਰ ਪੈ ਰਿਹਾ ਗੁਰਜੋਤ ਕੌਰ ਕਲਾਸ ਦਸਵੀਂ ਨੇ ਕਿਹਾ ਕਿ ਜੋ ਜੰਗ ਚੱਲ ਰਹੀ ਸੀ, ਉਸ ਕਾਰਨ ਮਹਿੰਗਾਈ ਬਹੁਤ ਵੱਧ ਗਈ ਹੈ। ਸਾਡੇ ਜੀਵਨ ਤੇ ਬਹੁਤ ਅਸਰ ਪੈ ਰਿਹਾ ਹੈ। ਇਹ ਜੰਗ ਕੁਝ ਕੁ ਦੇਸ਼ਾਂ ਵਿਚ ਚੱਲ ਰਹੀ ਸੀ ਪਰ ਅਸਰ ਸਾਰੇ ਸੰਸਾਰ ਉੱਪਰ ਵੀ ਪੈ ਰਿਹਾ, ਸਭ ਤੋਂ ਵੱਧ ਅਸਰ ਆਮ ਲੋਕਾਂ ਤੇ ਪੈਂਦਾ ਹੈ ਕਿਉਂਕਿ ਮਹਿੰਗਾਈ ਕਾਰਨ ਉਨ੍ਹਾਂ ਲਈ ਲੋੜ ਦੀਆਂ ਚੀਜ਼ਾਂ ਖਰੀਦਣੀਆਂ ਵੀ ਔਖੀਆਂ ਹੋ ਗਈਆਂ ਹਨ। ਭਾਰਤ ਵਿਚ ਰਸੋਈ ਗੈਸ ਸਿਲੰਡਰ ਮਹਿੰਗੇ ਹੋ ਗਏ ਹਨ। ਜੰਗ ਪ੍ਰਭਾਵਿਤ ਦੇਸ਼ਾਂ ਵਿਚ ਲੋਕਾਂ ਨੂੰ ਆਮ ਚੀਜ਼ ਵੀ ਮਹਿੰਗੇ ਰੇਟ ਵੇਚੀ ਜਾ ਰਹੀ ਹੈ। ਇਹ ਸਭ ਜੰਗ ਦੇ ਕਾਰਨ ਰੁਕੇ ਕੰਮਾਂ ਦਾ ਸਿੱਟਾ ਹੈ। ਜੰਗ ਵਿਚ ਪੈਸੇ ਦੀ ਮੁਦਰਾ ਘੱਟ ਜਾਂਦੀ ਹੈ, ਜਿਸ ਕਰਕੇ ਮਹਿੰਗਾਈ ਵੱਧ ਜਾਂਦੀ ਹੈ। ਅੱਜ ਪੈਟਰੋਲ ਮਹਿੰਗਾ ਹੋ ਗਿਆ ਹੈ। ਇਸ ਲਈ ਜ਼ਰੂਰੀ ਹੈ ਕਿ ਜੰਗ ਰੋਕੀ ਜਾਵੇ। ਜੰਗ ਨੇ ਦੁਨੀਆਂ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਗੁਨੀਤਪਾਲ ਸ਼ਰਮਾ ਕਲਾਸ 10ਵੀਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਭਿਆਨਕ ਜੰਗ ਚੱਲ ਰਹੀ ਹੈ। ਇਸ ਟਕਰਾਅ ਵਿਚ ਲੇਬਨਾਨ, ਯਮਨ ਅਤੇ ਇਰਾਕ ਵਰਗੇ ਦੇਸ਼ਾਂ ਵੀ ਸ਼ਾਮਲ ਹੋ ਗਏ ਹਨ। ਇਸ ਜੰਗ ਨੇ ਦੁਨੀਆਂ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਪਾਸੇ ਮਾਸੂਮ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਜੰਗ ਕਾਰਨ ਲੋਕ ਆਪਣੀ ਜ਼ਿੰਦਗੀ ਗੁਆ ਬੈਠਦੇ ਹਨ, ਪਰਿਵਾਰ ਵਿਛੜ ਜਾਂਦੇ ਹਨ ਅਤੇ ਘਰ ਨਸ਼ਟ ਹੋ ਜਾਂਦੇ ਹਨ। ਜਿਹੜੇ ਦੇਸ਼ ਜੰਗ ਦਾ ਹਿੱਸਾ ਨਹੀਂ ਹੁੰਦੇ ਉਨ੍ਹਾਂ ’ਤੇ ਵੀ ਜੰਗ ਦਾ ਪ੍ਰਭਾਵ ਹੁੰਦਾ ਹੈ। ਭਾਵੇਂ ਜੰਗ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਹੈ ਪਰ ਭਾਰਤ ਅਤੇ ਹੋਰ ਕਈ ਦੇਸ਼ਾਂ ਵਿਚ ਕੱਚੇ ਤੇਲ ਅਤੇ ਗੈਸ ਦੀ ਕਮੀ ਚਲ ਰਹੀ ਹੈ। ਜੰਗ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਵਿੱਚ ਕਾਰੋਬਾਰ ਠੱਪ ਹੋ ਜਾਂਦੇ ਹਨ। ਜੰਗ ਲੜ੍ਹਨ ਵਾਲੇ ਫੌਜੀ ਹੀ ਨਹੀਂ, ਜਨਤਾ ਵੀ ਅਪੰਗ ਹੋ ਜਾਂਦੀ ਹੈ। ਜੰਗ ਦਾ ਅਸਰ ਕਈ ਪੁਸ਼ਤਾਂ ਤਕ ਰਹਿੰਦਾ ਹੈ। ਜੰਗ ਕਾਰਨ ਸੰਸਾਰ ਦੀ ਸ਼ਾਂਤੀ ਭੰਗ ਹੁੰਦੀ ਹਿਤਾਸ਼ੂ ਕਲਾਸ ਦਸਵੀਂ ਦਾ ਮੰਨਣਾ ਹੈ ਕਿ ਜੰਗ ਮਨੁੱਖ ਲਈ ਸੰਕਟ ਲੈ ਕੇ ਆਉਂਦੀ ਹੈ। ਜੰਗ ਕਾਰਨ ਮਨੁੱਖ ਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੰਗ ਹੋਣ ਕਾਰਨ ਮਨੁੱਖ ਨੂੰ ਬਾਹਰ ਆਉਣ ਜਾਂ ਜਾਣ ਤੋਂ ਰੋਕਿਆ ਜਾਂਦਾ ਹੈ, ਕੁੱਝ ਹੱਦ ਤੱਕ ਅਜ਼ਾਦੀ ਦਾ ਅਧਿਕਾਰ ਖੋਹ ਲਿਆ ਜਾਂਦਾ ਹੈ। ਜੰਗ ਕਾਰਨ ਸੰਸਾਰ ਦੀ ਸ਼ਾਂਤੀ ਭੰਗ ਹੁੰਦੀ ਹੈ। ਦੇਸ਼ਾਂ ਵਿਚ ਹੱਲਾ ਮੱਚ ਜਾਂਦਾ ਹੈ। ਮਨੁੱਖੀ ਜੀਵਨ ਪ੍ਰਭਾਵਿਤ ਹੁੰਦਾ ਹੈ। ਜੰਗ ਨਾਲ ਮਨੁੱਖ ਖਾਣ-ਪੀਣ, ਸਿਹਤ-ਸਹੂਲਤਾਂ ਤੋਂ ਵਾਂਝਾ ਹੋ ਜਾਂਦਾ ਹੈ। ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ। ਜਿਨ੍ਹਾਂ ’ਤੇ ਉਨ੍ਹਾਂ ਦਾ ਅਧਿਕਾਰ ਹੁੰਦਾ ਹੈ। ਗਰੀਬ ਲੋਕ ਮਹਿੰਗਾ ਸਮਾਨ ਨਹੀਂ ਖਰੀਦ ਸਕਦੇ। ਗਰੀਬ ਲੋਕ ਤਾਂ ਸਮਾਨਤਾ ਦੇ ਅਧਿਕਾਰ ਤੋਂ ਵਾਂਝੇ ਹੋ ਜਾਂਦੇ ਹਨ। ਜੰਗ ਦੌਰਾਨ ਦੇਸ਼ ਸੁਰੱਖਿਅਤ ਨਹੀਂ ਹੁੰਦਾ, ਮਨੁੱਖ ਵੀ ਸੁਰੱਖਿਅਤ ਨਹੀਂ ਹੁੰਦਾ ਅਤੇ ਉਸ ਦੇ ਅਧਿਕਾਰ ਵੀ ਖਤਰੇ ਵਿਚ ਹੁੰਦੇ ਹਨ। ਦੂਜੇ ਦੇਸ਼ ਦੇ ਅਧਿਕਾਰਾਂ ਨੂੰ ਖੋਹਣਾ ਕਿੱਧਰ ਦੀ ਸਿਆਣਪ ਹੈ? ——— ਆਕੜ ’ਚ ਤਾਂ ਕਿਸੇ ਨੇ ਕੁਝ ਨਹੀਂ ਖੱਟਿਆ ਅਨੁਰੀਤ ਕੌਰ ਕਲਾਸ 10ਵੀਂ ਨੇ ਕਿਹਾ ਕਿ ਭਾਵੇਂ ਜੰਗ ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਹੈ। ਪਰ ਇਸ ਦਾ ਸਾਡੇ ਜੀਵਨ ਅਤੇ ਹੋਰ ਦੇਸ਼ਾਂ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਜੰਗ ਸਿਰਫ਼ ਜੰਗ ਹੀ ਨਹੀਂ ਹੁੰਦੀ ਬਲਕਿ ਪੈਸੇ ਦੀ ਬਰਬਾਦੀ ਹੈ। ਜੰਗ ਕਈਆਂ ਦੇ ਜੀਵਨ ਖ਼ਤਮ ਹੋਣ ਦਾ ਕਾਰਨ ਬਣਦੀ ਹੈ। ਜਿਹੜੀਆਂ ਚੀਜ਼ਾਂ ਅਸੀਂ ਹੋਰ ਦੇਸ਼ਾਂ ਤੋਂ ਲੈਂਦੇ ਹਾਂ ਉਨ੍ਹਾਂ ਵਿਚ ਬਹੁਤ ਕਮੀ ਹੋ ਜਾਂਦੀ ਹੈ। ਜੰਗ ਕਰਕੇ ਮਹਿੰਗਾਈ ਵਧ ਜਾਂਦੀ ਹੈ। ਆਮ ਮਿਲਣ ਵਾਲੀ ਚੀਜ਼ ਵੀ ਮਹਿੰਗੀ ਮਿਲਦੀ ਹੈ। ਜੰਗ ਦੇ ਕਾਰਨ ਜੇਕਰ ਪੰਜਾਬ ਵਿਚ ਵੀ ਗੈਸ ਸਿਲੰਡਰ ਤੇ ਪੈਟਰੋਲ ਦੀ ਕਮੀ ਆਈ ਹੈ , ਉਥੇ ਖਾਣ ਵਾਲੀਆਂ ਚੀਜ਼ਾਂ ਵਿਚ ਵੀ ਤੋੜ ਆ ਜਾਂਦੀ ਹੈ। ਭਾਵੇਂ ਦੇਸ਼ ਆਪਣੀ ਆਕੜ ਜਾਂ ਹਉਮੈ ਲਈ ਜੰਗ ਦਾ ਹਿੱਸਾ ਹਨ ਪਰ ਉੱਥੋਂ ਦੀ ਜਨਤਾ ਦਾ ਲੱਕ ਤਾਂ ਮਹਿੰਗਾਈ ਤੋੜ ਦਿੰਦੀ ਹੈ। ਕੀ ਅਜਿਹੇ ਦੇਸ਼ ਆਉਣ ਵਾਲੇ ਸਮੇਂ ਵਿਚ ਤਰੱਕੀ ਕਰ ਸਕਣਗੇ? ਜੰਗ ਅਤੇ ਮੀਡੀਆ ਜ਼ਸਨਵੀਰ ਕੌਰ ਕਲਾਸ ਦਸਵੀਂ ਨੇ ਕਿਹਾ ਕਿ ਅੱਜ ਸੰਸਾਰ ਵਿਚ ਵਿਸ਼ਵ ਯੁੱਧ ਦੀ ਸਥਿਤੀ ਬਣੀ ਹੋਈ ਹੈ। ਇਸ ਸਮੇਂ ਇਰਾਨ ਅਤੇ ਇਜ਼ਰਾਈਲ ਵਿਚ ਜੰਗ ਚੱਲ ਰਹੀ ਹੈ ਜਿਸ ਨਾਲ ਪੂਰਾ ਸੰਸਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਜੰਗ ਦੇ ਸਮੇਂ ਵਿਚ ਮੀਡੀਆ ਦਾ ਰੋਲ ਮਹੱਤਵਪੂਰਨ ਹੈ। ਮੀਡੀਆ ਸਾਡੇ ਤਕ ਜੰਗ ਦੇ ਹਾਲਾਤਾਂ ਅਤੇ ਪ੍ਰਭਾਵਾਂ ਬਾਰੇ ਜਾਣਕਾਰੀ ਲੈ ਕੇ ਆਉਂਦਾ ਹੈ। ਪਰ ਜ਼ਰੂਰੀ ਨਹੀਂ ਕਿ ਹਰ ਵਾਰ ਜਾਣਕਾਰੀ ਸਹੀ ਹੀ ਹੋਵੇ। ਕਈ ਵਾਰ ਮੀਡੀਆ ਲੋਕਾਂ ਨੂੰ ਭੜਕਾਉਣ ਜਾਂ ਤਣਾਅ ਪੈਦਾ ਕਰਨ ਲਈ ਝੂਠੀਆਂ ਅਫ਼ਵਾਹਾਂ ਵੀ ਫੈਲਾਉਂਦਾ ਹੈ। ਉਹ ਛੋਟੀ ਜਿਹੀ ਗੱਲ ਨੂੰ ਵੱਡੀ ਬਣਾ ਕੇ ਲੋਕਾਂ ਅੱਗੇ ਪੇਸ਼ ਕਰਦਾ ਹੈ, ਜਿਸ ਨਾਲ ਡਰ ਦੀ ਸਥਿਤੀ ਪੈਦਾ ਹੁੰਦੀ ਹੈ। ਮੀਡੀਆ ਨੂੰ ਅਜਿਹੇ ਹਾਲਾਤਾਂ ਵਿਚ ਲੋਕਾਂ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਦੇਸ਼ ਭਰ ਵਿੱਚ ਸ਼ਾਂਤੀ ਬਣੀ ਰਹੇ ਅਤੇ ਕੋਈ ਮੁਸ਼ਕਿਲ ਨਾ ਹੋਵੇ।